ਪੂਰੇ ਬ੍ਰਹਿਮੰਡ 'ਚ ਸਿਰਫ਼ ਧਰਤੀ 'ਤੇ ਹੀ ਜੀਵਨ ਸੰਭਵ ਹੈ | ਕੁਦਰਤ ਬੇਅੰਤ ਹੈ, ਇਸ ਨੇ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਉਣ ਲਈ ਸ਼ੁੱਧ ਪੌਣ-ਪਾਣੀ ਵਰਗੇ ਅਨਮੋਲ ਤੋਹਫੇ ਬਖ਼ਸ਼ੇ ਹਨ | ਕੁਦਰਤ ਮਨੁੱਖੀ ਜ਼ਿੰਦਗੀ ਲਈ ਉਹ ਸਾਰੇ ਸਾਧਨ ਪੈਦਾ ਕਰਦੀ ਹੈ, ਜਿਨ੍ਹਾਂ ਦੀ ਬਦੌਲਤ ਇਨਸਾਨ ਇਸ ਧਰਤੀ 'ਤੇ ਸ਼ਾਸਨ ਕਰਦਾ ਹੈ, ਪਰ ਮਨੁੱਖ ਨੇ ਅਖੌਤੀ ਵਿਕਾਸ ਦੀ ਦÏੜ ਵਿਚ ਅੰਨ੍ਹਾ ਹੋ ਕੇ ਕੁਦਰਤੀ ਸਰੋਤਾਂ ਦਾ ਅੰਨ੍ਹੇਵਾਹ ਖਾਤਮਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ | ਅੱਜ ਇਨਸਾਨ ਵਲੋਂ ਕੀਤਾ ਜਾ ਰਿਹਾ ਇਹ ਵਿਕਾਸ ਪ੍ਰਕਿਰਤੀ ਦੇ ਵਿਨਾਸ਼ ਦਾ ਕਾਰਨ ਬਣਦਾ ਜਾ ਰਿਹਾ ਹੈ | ਅੱਜ ਵਿਸ਼ਵ ਭਰ 'ਚ ਆਲਮੀ ਤਪਸ਼ (ਗਲੋਬਲ ਵਾਰਮਿੰਗ) ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਕਾਰਨ ਲਗਾਤਾਰ ਬਨਸਪਤੀ, ਪੌਣ-ਪਾਣੀ ਤੇ ਮੌਸਮ ਤੱਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ | ਅਸੀਂ ਇਸ ਸਾਲ ਯੂਰਪ ਦਾ ਬੁਰਾ ਹਾਲ ਹੋਇਆ ਦੇਖ ਰਹੇ ਹਾਂ, ਜਿੱਥੇ ਕਈ ਦੇਸ਼ ਭਿਆਨਕ ਗਰਮੀ ਨਾਲ ਝੁਲਸ ਰਹੇ ਹਨ ਤੇ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ | ਸੜਕਾਂ ਪਿਘਲ ਰਹੀਆਂ ਹਨ, ਗੱਡੀਆਂ ਦੀ ਬਣਤਰ ਵਿਗੜ ਰਹੀ ਹੈ, ਕੁਦਰਤੀ ਸੋਮਿਆਂ ਦਾ ਪਾਣੀ ਆਮ ਨਾਲੋਂ ਕਿਤੇ ਵੱਧ ਗਰਮ ਹੋ ਰਿਹਾ ਹੈ | ਮੀਂਹ ਨਾ ਪੈਣ ਕਰਕੇ ਬਿਜਲੀ ਦੀ ਮੰਗ ਰਿਕਾਰਡਤੋੜ ਵਧ ਰਹੀ ਹੈ, ਭਿਆਨਕ ਗਰਮੀ ਦੇ ਕਹਿਰ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ |
ਸਾਨੂੰ ਇਹ ਕਹਿਣ 'ਚ ਕੋਈ ਸੰਕੋਚ ਨਹੀਂ ਹੈ ਕਿ ਇਸ ਮੌਜੂਦਾ ਸੰਕਟ ਦਾ ਸਿਰਜਕ ਮਨੁੱਖ ਖ਼ੁਦ ਹੀ ਹੈ | ਉਸ ਵਲੋਂ ਅੰਨ੍ਹੇਵਾਹ ਜੰਗਲਾਂ ਤੇ ਰੁੱਖਾਂ ਦੀ ਕੀਤੀ ਕਟਾਈ, ਕੁਦਰਤੀ ਸਰੋਤਾਂ ਦੀ ਕੀਤੀ ਲੁੱਟ-ਖਸੁੱਟ ਦਾ ਅਸਰ ਸਪੱਸ਼ਟ ਦਿਖਾਈ ਦੇਣ ਲੱਗਾ ਹੈ | ਹਰ ਸਾਲ ਗਰਮੀਆਂ 'ਚ ਵੱਧ ਰਹੇ ਤਾਪਮਾਨ ਦੇ ਰਿਕਾਰਡ ਟੁੱਟ ਰਹੇ ਹਨ | ਇਨਸਾਨ ਨੇ ਹਵਾ ਨੂੰ ਇਸ ਕਦਰ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਸ਼ਹਿਰੀ ਖੇਤਰਾਂ 'ਚ ਤਾਂ ਸਾਹ ਲੈਣਾ ਵੀ ਔਖਾ ਹੋ ਗਿਆ ਹੈ | ਫੈਕਟਰੀਆਂ ਦੀ ਰਹਿੰਦ-ਖੂੰਹਦ, ਚਿਮਨੀਆਂ 'ਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ, ਕਾਰਬਨ ਗੈਸਾਂ ਕਾਰਨ ਲੋਕਾਂ ਨੂੰ ਦਮਾ, ਖੰਘ, ਸਾਹ ਤੇ ਅੱਖਾਂ ਦੇ ਰੋਗ ਲਗਾਤਾਰ ਵਧ ਰਹੇ ਹਨ | ਅੱਜ ਛੋਟੇ-ਛੋਟੇ ਬੱਚੇ ਵੀ ਖ਼ਤਰਨਾਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ | ਭਾਰਤ 'ਚ ਲਗਾਤਾਰ ਤੇਜ਼ੀ ਨਾਲ ਵੱਧ ਰਹੀ ਆਬਾਦੀ, ਸ਼ਹਿਰੀਕਰਨ, ਏਅਰ ਕੰਡੀਸ਼ਨਾਂ 'ਚੋਂ ਨਿਕਲਣ ਵਾਲੀ ਕਲੋਰੋ-ਫਲੋਰੋ ਕਾਰਬਨ ਗੈਸ ਵਾਤਾਵਰਨ ਨੂੰ ਪਲੀਤ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੇ ਹਨ | ਇਸ ਅਖੌਤੀ ਵਿਕਾਸ ਦੇ ਚੱਲਦੇ ਧਰਤੀ ਦਾ ਤਾਪਮਾਨ ਵਧ ਰਿਹਾ ਹੈ | ਇਸ ਸਾਲ ਪੰਜਾਬ ਵਿਚ ਅਜੇ ਤੱਕ ਗਰਮੀ ਤੇ ਹੁੰਮਸ ਤੋਂ ਕੋਈ ਰਾਹਤ ਨਹੀਂ ਮਿਲ ਸਕੀ ਹੈ, ਅਕਸਰ ਜੁਲਾਈ ਮਹੀਨੇ ਮੌਸਮ ਵਿਚ ਕਾਫ਼ੀ ਤਬਦੀਲੀ ਆ ਜਾਂਦੀ ਸੀ | ਪਰ ਐਤਕੀਂ ਅਗਸਤ ਮਹੀਨੇ ਦੇ ਤੀਜੇ ਹਫ਼ਤੇ ਤੱਕ ਵੀ ਪੰਜਾਬ 'ਚ ਮੌਨਸੂਨ ਦੀ ਕੋਈ ਭਰਵੀਂ ਬਾਰਿਸ਼ ਨਹੀਂ ਹੋਈ, ਹਾਲਾਂਕਿ ਵੱਖ-ਵੱਖ ਜ਼ਿਲਿ੍ਹਆਂ 'ਚ ਟੁੱਟਵਾਂ ਮੀਂਹ ਜ਼ਰੂਰ ਪੈ ਜਾਂਦਾ ਹੈ |
ਸੰਯੁਕਤ ਰਾਸ਼ਟਰ ਨੇ ਪ੍ਰਸ਼ਾਂਤ ਮਹਾਸਾਗਰ ਵਿਚ ਬਣ ਰਹੇ 'ਸੁਪਰ ਅਲ ਨੀਨੋ' ਬਾਰੇ ਦੁਨੀਆ ਨੂੰ ਚਿਤਾਵਨੀ ਦਿੱਤੀ ਹੈ, ਕਿ ਇਹ ਦੁਨੀਆ ਭਰ ਦੇ ਮੌਸਮ ਨੂੰ ਪ੍ਰਭਾਵਿਤ ਕਰਦੀ ਹੈ | ਵਿਸ਼ਵ ਮÏਸਮ ਵਿਗਿਆਨ ਸੰਗਠਨ ਦੇ ਅਨੁਸਾਰ ਅਲ ਨੀਨੋ ਮÏਸਮੀ ਪੈਟਰਨ ਦਾ ਇਕ ਨਵਾਂ ਪੜਾਅ ਸ਼ੁਰੂ ਹੋਣ ਨਾਲ ਜਲਵਾਯੂ ਪਰਿਵਰਤਨ ਤੋਂ ਪ੍ਰਭਾਵਿਤ ਵਿਸ਼ਵ ਦੇ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ | ਕਈ ਇਲਾਕਿਆਂ ਵਿਚ ਸੋਕੇ ਵਰਗੇ ਹਾਲਾਤ ਪੈਦਾ ਹੋ ਗਏ ਹਨ | ਹਰ ਸਾਲ 5 ਜੂਨ ਨੂੰ 'ਵਿਸ਼ਵ ਵਾਤਾਵਰਨ ਦਿਵਸ' ਮਨਾਇਆ ਜਾਂਦਾ ਹੈ ਤੇ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਪ੍ਰੋਗਰਾਮ ਵਲੋਂ ਹਰ ਸਾਲ ਇਕ ਵਿਸ਼ੇਸ਼ ਨਾਅਰਾ ਵੀ ਦਿੱਤਾ ਜਾਂਦਾ ਹੈ | ਸਾਲ 2026 ਲਈ ਵਾਤਾਵਰਨ ਸੰਬੰਧੀ ਕੁਦਰਤ ਨੂੰ ਹਰਿਆ-ਭਰਿਆ ਰੱਖਣ ਲਈ ਵਾਤਾਵਰਨ ਪ੍ਰੇਮੀਆਂ ਵਲੋਂ ਵੱਧ ਤੋਂ ਵੱਧ ਰੁੱਖ ਲਾਉਣ ਲਈ ਮੁਹਿੰਮਾਂ ਚਲਾਈਆਂ ਗਈਆਂ ਹਨ | ਜਦੋਂ ਵੀ ਮਨੁੱਖ ਕੁਦਰਤ ਦੀ ਵਿਲੱਖਣ ਭੂਗੋਲਿਕ ਸਥਿਤੀ ਨਾਲ ਬੇਲੋੜਾ ਖਿਲਵਾੜ ਕਰਦਾ ਹੈ ਤਾਂ ਉੁਸ ਨੂੰ ਹਮੇਸ਼ਾ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਭਾਵੇਂ ਮਨੁੱਖ ਇਨ੍ਹਾਂ ਤੋਂ ਆਪਣਾ ਬਚਾਅ ਕਰਨ ਲਈ ਲਗਾਤਾਰ ਕੋਸ਼ਿਸ਼ ਕਰਦਾ ਹੈ ਪਰ ਕੁਦਰਤ ਦਾ ਕਹਿਰ ਮਨੁੱਖ ਲਈ ਚੁਣੌਤੀ ਬਣਿਆ ਰਹਿੰਦਾ ਹੈ |
ਸਾਡੇ ਪੰਜਾਬ ਦਾ ਤਾਂ ਹੁਣ ਬਹੁਤੀ ਥਾੲੀਂ ਪਾਣੀ ਵੀ ਪੀਣ ਯੋਗ ਨਹੀਂ ਰਿਹਾ ਤੇ ਭੂਮੀਗਤ ਪਾਣੀ ਦਾ ਪੱਧਰ ਵੀ ਲਗਾਤਾਰ ਡਿੱਗਦਾ ਜਾ ਰਿਹਾ ਹੈ | ਪਿੱਛੇ ਜਿਹੇ ਬਿਆਸ ਦਰਿਆ ਸੁਰਖੀਆਂ 'ਚ ਬਣਿਆ ਰਿਹਾ, ਜਿਸ ਵਿਚ ਫੈਕਟਰੀਆਂ 'ਚੋਂ ਨਿਕਲਦਾ ਜ਼ਹਿਰੀਲਾ ਪਾਣੀ, ਸੀਵਰੇਜ ਦੀ ਗੰਦਗੀ ਦਰਿਆ 'ਚ ਸੁੱਟਣ ਕਾਰਨ ਦਰਿਆਈ ਪਾਣੀ ਦੇ ਜੀਵ-ਜੰਤੂਆਂ ਦਾ ਕਾਫੀ ਨੁਕਸਾਨ ਹੋਇਆ ਹੈ | ਦਰਅਸਲ ਬਰਸਾਤਾਂ ਦੇ ਮੌਸਮ ਦੌਰਾਨ ਫੈਕਟਰੀਆਂ ਵਾਲੇ ਇਸ ਦਾ ਲਾਹਾ ਲੈਂਦਿਆਂ ਫੈਕਟਰੀਆਂ ਦਾ ਪਾਣੀ ਵੀ ਬਰਸਾਤੀ ਪਾਣੀ ਦੀ ਆੜ 'ਚ ਛੱਡ ਦਿੰਦੇ ਹਨ | ਅੱਜ ਮਾਲਵਾ ਖੇਤਰ ਦੇ ਕਈ ਜ਼ਿਲਿ੍ਹਆਂ ਦੇ ਲੋਕ ਕੈਂਸਰ ਤੋਂ ਇਲਾਵਾ ਕਾਲਾ ਪੀਲੀਆ, ਗੁਰਦਿਆਂ ਦੇ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ | ਦੁਧਾਰੂ ਪਸ਼ੂਆਂ 'ਚ ਵੀ ਕੈਂਸਰ ਦੇ ਲੱਛਣ ਪਾਏ ਜਾ ਰਹੇੇ ਹਨ | ਮਨੁੱਖ ਆਪਣੇ ਆਪਹੁਦਰੇਪਣ ਦੀਆਂ ਸਰਗਰਮੀਆਂ ਨਾਲ ਦੂਜੇ ਜੀਵਾਂ ਦੀ ਹੋਂਦ ਨੂੰ ਵੀ ਖਤਰਾ ਪੈਦਾ ਕਰ ਰਿਹਾ ਹੈ | ਇਨਸਾਨ ਨੇ ਧਰਤੀ ਦੀ ਕੁਦਰਤੀ ਸੰਰਚਨਾ ਨਾਲ ਬਹੁਤ ਖਿਲਵਾੜ ਕੀਤਾ ਹੈ, ਜਦਕਿ ਸਾਨੂੰ ਕੁਦਰਤੀ ਸਰੋਤਾਂ ਨੂੰ ਸੰਭਾਲਣ ਤੇ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਸੀ | ਸਾਨੂੰ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਨਾਲ ਹੀ ਇਨ੍ਹਾਂ ਨੂੰ ਖੁੱਲ੍ਹੇ ਫਿਰਦੇ ਪਸ਼ੂਆਂ ਤੋਂ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ | ਆਪਣੇ ਵਰਤਮਾਨ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸਿਹਤਮੰਦ ਬਣਾਉਣ ਲਈ ਕੁਦਰਤ ਨਾਲ ਇਕਮਿਕਤਾ ਬਣਾਉਣੀ ਹੀ ਸਾਡੇ ਸਭ ਦੇ ਹਿੱਤ 'ਚ ਹੋਵੇਗੀ |
-ਮੋਹਾਲੀ |
ਮੋਬਾਈਲ : 7888966168