![]()
ਮਨ ਕੀ ਹੈ? ਮਨ ਉਹ ਹੈ ਜੋ ਮਨਨ ਕਰੇ ਜਾਂ ਸੋਚੇ-ਵਿਚਾਰੇ | ਕਿਹਾ ਗਿਆ ਹੈ ਕਿ ਮਨ ਸੰਕਲਪ ਅਤੇ ਵਿਕਲਪ ਸਵਰੂਪ ਹੈ | ਮਨ ਵਿਚ ਹਰ ਪਲ ਅਣਗਿਣਤ ਵਿਚਾਰ ਆਉਂਦੇ ਅਤੇ ਜਾਂਦੇ ਹਨ ਅਤੇ ਉਨ੍ਹਾਂ ਵਿਚ ਬਦਲਾਅ ਵੀ ਹੁੰਦਾ ਰਹਿੰਦਾ ਹੈ | ਮਨ ਅਤਿ ਚੰਚਲ ਹੈ, ਕਿਤੇ ਇਕ ਥਾਂ 'ਤੇ ਟਿਕਦਾ ਨਹੀਂ, ਭੱਜਦਾ ਰਹਿੰਦਾ ਹੈ | ਮਨ ਵਿਚ ਜਦੋਂ ਕੋਈ ਇਕ ਵਿਚਾਰ ਆਉਂਦਾ ਹੈ ਤਾਂ ਉਸ ਦੇ ਉਲਟ ਵਿਚਾਰ ਵੀ ਆ ਜਾਂਦਾ ਹੈ ਅਤੇ ਇਸ ਤਰ੍ਹਾਂ ਮਨ ਵਿਚ ਵਿਚਾਰਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ ਅਤੇ ਉਨ੍ਹਾਂ ਵਿਚ ਯੁੱਧ ਵੀ ਚਲਦਾ ਰਹਿੰਦਾ ਹੈ |
ਜੇਕਰ ਤੁਸੀਂ ਰੁੱਝੇ ਰਹਿੰਦੇ ਹੋ ਤਾਂ ਤੁਹਾਡਾ ਮਨ ਵੀ ਕੰਮ ਵਿਚ ਲੱਗਿਆ ਰਹਿੰਦਾ ਹੈ, ਜਿਸ ਨਾਲ ਮਨ ਦੀ ਚੰਚਲਤਾ ਘੱਟ ਹੋ ਜਾਂਦੀ ਹੈ, ਪਰ ਜਿਵੇਂ ਹੀ ਤੁਸੀਂ ਕੰਮ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਂਦੇ ਹੋ ਤਾਂ ਮਨ ਫਿਰ ਭਟਕਣਾ ਸ਼ੁਰੂ ਕਰ ਦਿੰਦਾ ਹੈ ਅਤੇ ਇਸ ਦੌਰਾਨ ਕਿਤੇ ਵੀ ਮਨ ਵਿਚ ਅਣਚਾਹੇ ਵਿਚਾਰ ਆ ਧਮਕਦੇ ਹਨ | ਇਹੀ ਅਣਚਾਹੇ, ਬੇਕਾਬੂ, ਅਣਉਪਯੋਗੀ ਨਕਾਰਾਤਮਿਕ ਘਾਤਕ ਵਿਚਾਰ ਹੀ ਸ਼ੈਤਾਨ ਹਨ |
ਕਹਿਣ ਦਾ ਭਾਵ ਇਹ ਹੈ ਕਿ ਜਿਸ ਤਰ੍ਹਾਂ ਸ਼ੈਤਾਨ ਜਾਂ ਸ਼ੈਤਾਨ ਰੂਪੀ ਲੋਕ ਖਾਲੀ ਘਰਾਂ ਵਿਚ ਕਬਜ਼ਾ ਕਰ ਲੈਂਦੇ ਹਨ, ਉਸੇ ਤਰ੍ਹਾਂ ਨਕਾਰਾਤਮਿਕ ਵਿਚਾਰ ਰੂਪੀ ਸ਼ੈਤਾਨ ਖਾਲੀ ਮਨ 'ਤੇ ਕਬਜ਼ਾ ਕਰ ਲੈਂਦਾ ਹੈ | ਇਹ ਸਾਡੇ ਨਕਾਰਾਤਮਿਕ ਵਿਚਾਰ ਹੀ ਹੁੰਦੇ ਹਨ, ਜਿਨ੍ਹਾਂ ਕਾਰਨ ਮਨ ਵਿਚ ਡਰ, ਨਿਰਾਸ਼ਾ, ਚਿੰਤਾ, ਤਣਾਅ, ਨਫ਼ਰਤ ਅਤੇ ਦਬਾਅ ਵਰਗੇ ਘਾਤਕ ਮਨੋਭਾਵ ਪੈਦਾ ਹੋ ਜਾਂਦੇ ਹਨ ਅਤੇ ਇਹੀ ਮਨੋਭਾਵ ਸਾਨੂੰ ਬਿਮਾਰੀਆਂ ਨਾਲ ਪੀੜਤ ਕਰ ਦਿੰਦੇ ਹਨ |
ਸ਼ੈਤਾਨ ਦਾ ਕੰਮ ਹੁੰਦਾ ਹੈ ਗ਼ਲਤ ਦਿਸ਼ਾ ਵਿਚ ਅੱਗੇ ਵਧਾਉਣਾ | ਸਾਡੇ ਨਕਾਰਾਤਮਿਕ ਵਿਚਾਰ ਸ਼ੈਤਾਨ ਦਾ ਹੀ ਪ੍ਰਤੀਕ ਹਨ ਅਤੇ ਸ਼ੈਤਾਨ ਪ੍ਰਤੀਕ ਹੈ ਬੁਰਾਈ ਦਾ ਅਤੇ ਨਕਾਰਾਤਮਿਕ ਮਨੋਭਾਵਾਂ ਦਾ | ਜੀਵਨ ਦੇ ਹਰ ਖੇਤਰ ਵਿਚ ਸ਼ੈਤਾਨ ਦਾ ਮੁਕਾਬਲਾ ਹੀ ਤਾਂ ਕਰਨਾ ਹੁੰਦਾ ਹੈ | ਹੁਣ ਅਗਲੀ ਸਮੱਸਿਆ ਹੈ ਕਿ ਨਕਾਰਾਤਮਿਕ ਵਿਚਾਰ ਰੂਪੀ ਸ਼ੈਤਾਨ ਤੋਂ ਕਿਸ ਤਰ੍ਹਾਂ ਮੁਕਤੀ ਮਿਲੇ? ਜਿਸ ਤਰ੍ਹਾਂ ਮਕਾਨ ਦੀ ਸੁਰੱਖਿਆ ਦਾ ਸਭ ਤੋਂ ਕਾਰਗਰ ਤਰੀਕਾ ਹੈ ਮਕਾਨ ਨੂੰ ਖਾਲੀ ਨਾ ਛੱਡੋ, ਉਸੇ ਤਰ੍ਹਾਂ ਮਨ ਰੂਪੀ ਮਕਾਨ ਦੀ ਸੁਰੱਖਿਆ ਦਾ ਤਰੀਕਾ ਵੀ ਇਹੀ ਹੈ ਕਿ ਮਨ ਨੂੰ ਖਾਲੀ ਨਾ ਰਹਿਣ ਦਿਉ | ਮਨ ਨੂੰ ਚੰਗੇ ਵਿਚਾਰਾਂ ਨਾਲ ਓਤ-ਪੋਤ ਰੱਖੋ ਭਾਵ ਮਨ ਵਿਚ ਹਮੇਸ਼ਾ ਸ਼ੁੱਭ ਵਿਚਾਰ ਚੱਕਰ ਲਗਾਉਂਦੇ ਰਹਿਣ |
ਖਾਲੀ ਮਕਾਨ ਦੀ ਸੁਰੱਖਿਆ ਦਾ ਇਕ ਤਰੀਕਾ ਹੋਰ ਵੀ ਹੈ ਅਤੇ ਉਹ ਇਹ ਹੈ ਕਿ ਮਕਾਨ ਕਿਸੇ ਭਲੇ ਵਿਅਕਤੀ ਨੂੰ ਕਿਰਾਏ 'ਤੇ ਚੜ੍ਹਾ ਦਿਉ | ਸੁਰੱਖਿਆ ਦੀ ਸੁਰੱਖਿਆ ਅਤੇ ਉੱਪਰ ਤੋਂ ਆਮਦਨੀ ਵੱਖਰੀ | ਮਨ ਰੂਪੀ ਮਕਾਨ ਬਾਰੇ ਵੀ ਇਹੀ ਤਰੀਕਾ ਅਪਣਾਇਆ ਜਾਂਦਾ ਹੈ |
ਭਾਵੇਂ ਕਿਰਾਏਦਾਰ ਦੀ ਤਰ੍ਹਾਂ ਮਨ ਨੂੰ ਵੀ ਭਲੇ ਜਾਂ ਉਪਯੋਗੀ ਵਿਚਾਰਾਂ ਦੇ ਹਵਾਲੇ ਕਰ ਦਿਉ | ਪ੍ਰੇਰਣਾਦਾਈ ਸਾਹਿਤ ਦਾ ਪੜ੍ਹਨਾ ਇਸ ਵਿਚ ਸਹਾਇਕ ਹੋ ਸਕਦਾ ਹੈ | ਮਨ ਵਿਚ ਜਦੋਂ ਤੱਕ ਚੰਗੇ ਵਿਚਾਰ ਭਰੇ ਰਹਿਣਗੇ ਉਦੋਂ ਤੱਕ ਬੁਰੇ ਵਿਚਾਰ ਦਾਖਲ ਹੀ ਨਹੀਂ ਹੋ ਸਕਣਗੇ | ਦੋ ਪਰਸਪਰ ਵਿਰੋਧੀ ਗੱਲਾਂ ਇਕੱਠੀਆਂ ਹੋ ਹੀ ਨਹੀਂ ਸਕਦੀਆਂ |
ਜਿਸ ਤਰ੍ਹਾਂ ਕਿਰਾਏਦਾਰ ਦੀ ਚੋਣ ਕਰ ਸਕਦੇ ਹੋ, ਉਸੇ ਤਰ੍ਹਾਂ ਵਿਚਾਰਾਂ ਦੀ ਚੋਣ ਵੀ ਸੰਭਵ ਹੈ | ਅਣਗਿਣਤ ਵਿਚਾਰਾਂ ਵਿਚੋਂ ਆਪਣੇ ਲਈ ਚੰਗੇ ਅਤੇ ਲਾਹੇਵੰਦ ਵਿਚਾਰਾਂ ਨੂੰ ਚੁਣ ਲਓ ਅਤੇ ਇਨ੍ਹਾਂ ਸਾਕਾਰਾਤਮਿਕ ਵਿਚਾਰਾਂ ਨਾਲ ਮਨ ਨੂੰ ਪੂਰੀ ਤਰ੍ਹਾਂ ਭਰਪੂਰ ਕਰੋ | ਮਨ ਨੂੰ ਭਟਕਣ ਨਾ ਦਿਉ | ਕਿਤੇ ਨਾ ਕਿਤੇ ਰੁੱਝੇ ਰਹੋ | ਜਦੋਂ ਮਨ ਨੂੰ ਰੁਝੇਵੇਂ 'ਚ ਰੱਖਣਾ ਹੈ ਤਾਂ ਉਸੇ ਸਾਕਾਰਾਤਮਿਕ ਸੋਚ ਦੀ ਤਰ੍ਹਾਂ ਪ੍ਰੇਰਿਤ ਕਰੋ | ਨਕਾਰਾਤਮਿਕਤਾ ਤੋਂ ਬਚਣ ਲਈ ਸਾਕਾਰਾਤਮਿਕਤਾ ਦੀ ਚੋਣ ਕਰਕੇ ਉਸ ਨੂੰ ਮਨ ਦੇ ਹਵਾਲੇ ਕਰ ਦੇਣਾ ਹੀ ਇਕਮਾਤਰ ਉਪਾਅ ਹੈ ਜਿਸ ਨਾਲ ਮਨ ਵਿਚ ਸ਼ੈਤਾਨ ਨੂੰ ਘਰ ਕਰਨ ਤੋਂ ਰੋਕਿਆ ਜਾ ਸਕਦਾ ਹੈ |