ਤਿਲਾਂ ਦਾ ਤੇਲ ਉੱਚ ਖੂਨ ਦਬਾਅ ਨੂੰ ਕੰਟਰੋਲ 'ਚ ਰੱਖਣ ਲਈ ਫ਼ਾਇਦੇਮੰਦ
ਭਾਰਤੀ ਮਾਹਿਰਾਂ ਵਲੋਂ ਕੀਤੀ ਗਈ ਇਕ ਖੋਜ ਅਨੁਸਾਰ ਤਿਲਾਂ ਦਾ ਤੇਲ ਸਿਹਤ ਲਈ ਲਾਭਕਾਰੀ ਹੈ | ਇਸ ਦੀ ਵਰਤੋਂ ਉੱਚ ਖੂਨ ਦਬਾਅ ਨੂੰ ਕੰਟਰੋਲ 'ਚ ਰੱਖਦੀ ਹੈ | ਉੱਚ ਖੂਨ ਦਬਾਅ ਨੂੰ ਕੰਟਰੋਲ ਕਰਨ ਵਾਲੀਆਂ ਦਵਾਈਆਂ ਦੇ ਮੁਕਾਬਲੇ ਇਹ ਜ਼ਿਆਦਾ ਕਾਰਗਰ ਸਿੱਧ ਹੋਇਆ ਹੈ | ਦੂਜੇ ਰਸੋਈ ਤੇਲਾਂ ਦੀ ਥਾਂ ਇਸ ਦੀ ਵਰਤੋਂ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ |
ਤਣਾਅ ਅਤੇ ਦਿਲ ਦੇ ਰੋਗਾਂ ਤੋਂ ਸੁਰੱਖਿਆ ਦਿੰਦੀ ਹੈ ਚਾਕਲੇਟ
ਮਾਹਿਰਾਂ ਵਲੋਂ ਕੀਤੀ ਗਈ ਖੋਜ ਅਨੁਸਾਰ ਚਾਕਲੇਟ ਦਿਲ ਲਈ ਲਾਭਕਾਰੀ ਹੈ | ਚਾਕਲੇਟ ਵਿਚ ਫਿਨੋਲਸ ਨਾਮੀ ਇਕ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ, ਜੋ ਦਿਲ ਨੂੰ ਸੁਰੱਖਿਆ ਦਿੰਦਾ ਹੈ | ਚਾਕਲੇਟ ਵਿਚ ਮੋਨੋਸੇਚਿਊਰਿਟਡ ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਦਿਲ ਲਈ ਚੰਗਾ ਹੈ | ਚਾਕਲੇਟ ਵਿਚ ਹੋਰ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ | ਚਾਕਲੇਟ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨ ਬੀ1, ਬੀ2, ਡੀ, ਈ ਵੀ ਹੁੰਦੇ ਹਨ |
ਮਾਹਿਰਾਂ ਅਨੁਸਾਰ ਚਾਕਲੇਟ ਵਿਚ ਫੈਟ ਅਤੇ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਦੀ ਵਰਤੋਂ ਬਹੁਤ ਜ਼ਿਆਦਾ ਕਰਨ ਨਾਲ ਨੁਕਸਾਨ ਹੋ ਸਕਦਾ ਹੈ | ਇਕ ਹੋਰ ਖੋਜ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਚਾਕਲੇਟ ਦੀ ਵਰਤੋਂ ਸੈਰੋਟੋਨਿਨ ਦਾ ਪੱਧਰ ਵੀ ਵਧਾਉਂਦਾ ਹੈ | ਤਣਾਅ ਦੇ ਜ਼ਿਆਦਾਤਰ ਰੋਗੀਆਂ ਵਿਚ ਸੈਰੋਟੋਨਿਨ ਦਾ ਪੱਧਰ ਘੱਟ ਪਾਇਆ ਜਾਂਦਾ ਹੈ | ਇਸ ਲਈ ਤਣਾਅ ਦੇ ਰੋਗੀਆਂ ਲਈ ਵੀ ਇਹ ਲਾਭਕਾਰੀ ਹੋ ਸਕਦੀ ਹੈ |
ਦਮੇ ਦਾ ਰੋਗੀ ਤਣਾਅ ਦਾ ਸ਼ਿਕਾਰ ਵੀ
ਨਿਊਯਾਰਕ ਵਿਚ ਕੀਤੀ ਗਈ ਇਕ ਖੋਜ ਅਨੁਸਾਰ ਦਮੇ ਦੇ ਬਹੁਤ ਸਾਰੇ ਰੋਗੀਆਂ ਵਿਚ ਤਣਾਅ ਦੇ ਲੱਛਣ ਵੀ ਪਾਏ ਗਏ | ਤਣਾਅ ਰੋਗੀ ਦੀ ਸਿਹਤ 'ਤੇ ਬੁਰਾ ਅਸਰ ਪਾਉਂਦਾ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਦਮਾ ਹੋਣ 'ਤੇ ਰੋਗੀ ਦੀ ਭਾਵਨਾਤਮਿਕ ਸਥਿਤੀ 'ਤੇ ਘੱਟ ਧਿਆਨ ਦਿੱਤਾ ਜਾਂਦਾ ਹੈ ਅਤੇ ਸਰੀਰਕ ਲੱਛਣਾਂ 'ਤੇ ਹੀ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ, ਜਦੋਂ ਕਿ ਰੋਗੀ ਦੀ ਸਰੀਰਕ ਅਤੇ ਭਾਵਨਾਤਮਿਕ ਸਥਿਤੀ ਦੋਵਾਂ ਦਾ ਆਪਸ ਵਿਚ ਡੂੰਘਾ ਸੰਬੰਧ ਹੁੰਦਾ ਹੈ |