ਅੱਜ ਅਸੀਂ ਦੇਖਦੇ ਹਾਂ ਕਿ ਅਸੀਂ ਤਰ੍ਹਾਂ-ਤਰ੍ਹਾਂ ਦੇ ਰੋਗਾਂ ਤੋਂ ਪ੍ਰੇਸ਼ਾਨ ਹਾਂ, ਵਿਸ਼ੇਸ਼ ਕਰਕੇ ਪੇਟ ਰੋਗਾਂ ਤੋਂ ਭਾਵ ਅੰਤੜੀ ਦੇ ਰੋਗਾਂ ਤੋਂ ਪੀੜਤ ਲੋਕਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ, ਜਿਸ ਦਾ ਕਾਰਨ ਹੈ ਅਸੰਤੁਲਿਤ ਭੋਜਨ ਅਤੇ ਬੇਤਰਤੀਬ ਜੀਵਨ ਸ਼ੈਲੀ ਦਾ ਹੋਣਾ |
ਪੇਟ ਰੋਗਾਂ ਕਾਰਨ ਦਰਦ, ਕਬਜ਼, ਪੇਚਿਸ ਆਦਿ ਦੀ ਸ਼ਿਕਾਇਤ ਰਹਿੰਦੀ ਹੈ | ਇਨ੍ਹਾਂ ਰੋਗਾਂ ਕਾਰਨ ਖਾਣ ਤੋਂ ਪਹਿਲਾਂ ਸੋਚਣਾ ਪੈਂਦਾ ਹੈ ਅਤੇ ਖਾਣ ਤੋਂ ਬਾਅਦ ਰੋਣਾ ਪੈਂਦਾ ਹੈ, ਕਿਉਂਕਿ ਮਨੁੱਖ ਕਿੰਨਾ ਵੀ ਸੋਚ ਕੇ ਖਾਵੇ, ਫਿਰ ਵੀ ਕਿਤੇ ਨਾ ਕਿਤੇ ਉਹ ਆਪਣੀ ਰੋਜ਼ਮਰ੍ਹਾ ਦੀ ਰੁਟੀਨ ਵਿਚ ਕੁਝ ਇਸ ਤਰ੍ਹਾਂ ਦਾ ਖਾ ਲੈਂਦਾ ਹੈ, ਜਿਸ ਨਾਲ ਉਸ ਦਾ ਅਹਿਸਾਸ ਪੇਟ ਵਿਚ ਪ੍ਰੇਸ਼ਾਨੀ ਹੋਣ 'ਤੇ ਲਗਦਾ ਹੈ | ਫਿਰ ਅਸੀਂ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਜਾਂ ਚੂਰਨ ਦਾ ਸਹਾਰਾ ਲੈਂਦੇ ਹਾਂ | ਕੁਝ ਦੇਰ ਲਈ ਤਾਂ ਅਸੀਂ ਇਨ੍ਹਾਂ ਸਭ ਦੀ ਵਰਤੋਂ ਨਾਲ ਆਰਾਮ ਪਾ ਲੈਂਦੇ ਹਾਂ ਪਰ ਸਮੱਸਿਆ ਜੜ੍ਹ ਤੋਂ ਨਹੀਂ ਜਾਂਦੀ |
ਕੁਝ ਪੇਟ ਰੋਗ ਇਸ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਨੂੰ ਛੇਤੀ ਤੋਂ ਛੇਤੀ ਠੀਕ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ | ਇਕ ਛੋਟੀ ਜਿਹੀ ਲਾਪ੍ਰਵਾਹੀ ਤੋਂ ਸਾਡੀ ਜਾਨ 'ਤੇ ਬਣ ਆਉਂਦੀ ਹੈ | ਸਹੀ ਭੋਜਨ-ਵਿਹਾਰ ਅਖ਼ਤਿਆਰ ਕਰਕੇ ਰੋਗਾਂ ਤੋਂ ਮੁਕਤੀ ਪਾਈ ਜਾ ਸਕਦੀ ਹੈ | ਪੇਟ ਰੋਗਾਂ ਵਿਚ ਸਭ ਤੋਂ ਮੁੱਖ ਹੈ ਕਬਜ਼, ਜੋ ਕਈ ਰੋਗਾਂ ਨੂੰ ਪੈਦਾ ਕਰਨ ਦਾ ਮੁੱਖ ਕਾਰਨ ਹੁੰਦੀ ਹੈ |
ਕਬਜ਼ ਹੋਣ 'ਤੇ ਗੈਸ ਅਤੇ ਪਿਤ (ਐਸਿਡੀਟੀ) ਦਾ ਹਮਲਾ ਹੁੰਦਾ ਹੈ | ਕਬਜ਼ ਦਾ ਭਾਵ ਹੁੰਦਾ ਹੈ ਅੰਤੜੀ ਦੇ ਖਾਲੀ ਹੋਣ ਤੇ ਸਫ਼ਾਈ ਹੋਣ ਵਿਚ ਜ਼ਿਆਦਾ ਸਮਾਂ ਲਗਣਾ ਅਤੇ ਸਵੇਰੇ-ਸ਼ਾਮ ਦੋਵੇਂ ਸਮੇਂ ਮਲ ਤਿਆਗ ਨਾ ਹੋਣਾ | ਮਲ ਤਿਆਗ ਠੀਕ ਢੰਗ ਨਾਲ ਨਾ ਹੋਵੇ ਤਾਂ ਅੰਤੜੀ ਵਿਚ ਪਿਆ ਮਲ ਸੜਨ ਲਗਦਾ ਹੈ | ਮਲ ਦੇ ਸੜਨ ਨਾਲ ਕਈ ਰੋਗ ਪੈਦਾ ਹੁੰਦੇ ਹਨ |
ਕਾਰਨ : ਸਵਾਦ ਦੇ ਲਾਲਚ ਵਿਚ ਤਲੇ ਹੋਏ, ਤੇਜ਼ ਮਿਰਚ ਮਸਾਲੇਦਾਰ, ਚਟਪਟੇ, ਖੱਟਿਆਂ ਵਾਲੇ ਅਤੇ ਹਜ਼ਮ ਹੋਣ 'ਚ ਦੇਰ ਲਾਉਣ ਵਾਲੇ ਭਾਰੀ ਪਦਾਰਥਾਂ ਦੀ ਵਰਤੋਂ ਨਾਲ ਹਾਜ਼ਮਾ ਕਿਰਿਆ ਵਿਗੜ ਜਾਂਦੀ ਹੈ | ਨਾਸ਼ਤੇ ਵਿਚ ਬ੍ਰੈੱਡ, ਪਰੌਂਠੇ ਜਾਂ ਤਲੇ ਹੋਏ ਪਦਾਰਥ ਖਾਣ ਨਾਲ ਹਾਜ਼ਮੇ 'ਤੇ ਦਬਾਅ ਪੈਂਦਾ ਹੈ |