18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਿਹਤਮੰਦ ਜੀਵਨ ਦਾ ਆਧਾਰ ਸੰਜਮ ਵਾਲਾ ਭੋਜਨ ਤੇ ਵਿਹਾਰ

ਸਿਹਤਮੰਦ ਜੀਵਨ ਦਾ ਆਧਾਰ ਸੰਜਮ ਵਾਲਾ ਭੋਜਨ ਤੇ ਵਿਹਾਰ

ਅਜੀਤ ਡੈਸਕ 18-09-2026

 

ਅੱਜ ਦੇ ਭੋਜਨ ਤੇ ਵਿਹਾਰ ਨਾਲ ਮਨੁੱਖੀ ਸਰੀਰ ਰੋਗਾਂ ਦਾ ਘਰ ਬਣਦਾ ਜਾ ਰਿਹਾ ਹੈ | ਕੀ ਇਹ ਚਿੰਤਾ ਦਾ ਵਿਸ਼ਾ ਨਹੀਂ ਹੈ ਕਿ ਸਿਹਤਮੰਦ ਜੀਵਨ ਇਕ ਦੁਰਲੱਭ ਵਸਤੂ ਹੋ ਗਈ ਹੈ, ਕਿਉਂਕਿ ਮਨੁੱਖ ਨੇ ਸਿਹਤਮੰਦ ਜੀਵਨ ਦੇ ਮੂਲ ਆਧਾਰ ਸੰਜਮ ਨਾਲ ਭੋਜਨ ਕਰਨ ਤੇ ਵਿਹਾਰ ਵਿਚਲੇ ਸੰਜਮ ਦਾ ਤਿਆਗ ਕਰ ਦਿੱਤਾ ਹੈ |
ਮਨੁੱਖ ਨੇ ਸੁੱਖ-ਸਹੂਲਤਾਂ ਕਾਰਨ ਮਿਹਨਤ ਕਰਨੀ ਛੱਡ ਦਿੱਤੀ ਹੈ | ਉਹ ਪੈਦਲ ਤੁਰਨਾ ਭੁੱਲ ਗਿਆ ਹੈ, ਜਿਸ ਨਾਲ ਪੂਰਨ ਤੌਰ 'ਤੇ ਕਸਰਤ ਹੁੰਦੀ ਹੈ ਸਾਈਕਲ ਕੋਨੇ ਵਿਚ ਪਈ ਹੈ ਜਾਂ ਘਰ ਤੋਂ ਬਾਹਰ ਕਰ ਦਿੱਤੀ ਗਈ ਹੈ | ਕਸਰਤ, ਯੋਗਾ, ਧਿਆਨ, ਪ੍ਰਾਣਾਯਾਮ ਅਤੇ ਐਕਸਰਸਾਈਜ਼ ਦਾ ਹੁਣ ਜੀਵਨਸ਼ੈਲੀ ਵਿਚ ਕੋਈ ਥਾਂ ਨਹੀਂ ਹੈ | ਇਸ ਦੀ ਦਿਖਾਵਾ ਹੁਣ ਫੈਸ਼ਨ ਵਿਚ ਸ਼ਾਮਿਲ ਹੈ |
'ਅਰਲੀ ਟੂ ਬੈੱਡ ਐਂਡ ਅਰਲੀ ਟੂ ਰਾਈਜ਼' ਭਾਵ ਰਾਤ ਨੂੰ  ਛੇਤੀ ਸੌਣਾ ਅਤੇ ਸਵੇਰੇ ਛੇਤੀ ਜਾਗਣਾ ਇਸ ਨਾਲ ਸਿਹਤ ਅਤੇ ਬੁੱਧੀ ਮਿਲਦੀ ਹੈ, ਇਸ ਸਿਧਾਂਤ ਦੇ ਠੀਕ ਉਲਟ ਲੋਕ ਰਾਤ ਨੂੰ  ਦੇਰ ਤੱਕ ਜਾਗ ਰਹੇ ਹਨ ਅਤੇ ਸਵੇਰੇ ਸੂਰਜ ਚੜ੍ਹ ਕੇ ਸਿਰ 'ਤੇ ਆਉਣ 'ਤੇ ਉੱਠ ਰਹੇ ਹਨ | ਇਸ ਸੱਭਿਆਚਾਰ ਨੇ ਲੋਕਾਂ ਦੇ ਸਰੀਰ ਵਿਚ ਆਲਸ ਭਰ ਦਿੱਤਾ ਹੈ | ਤਤਪਰਤਾ ਅਤੇ ਚੰਚਲਤਾ ਅਦਿ੍ਸ਼ ਹੁੰਦੀ ਜਾ ਰਹੀ ਹੈ | ਵਜ਼ਨ ਵਧ ਰਿਹਾ ਹੈ, ਸਰੀਰ ਮੋਟਾ ਹੋ ਰਿਹਾ ਹੈ | ਸਰੀਰ 'ਤੇ ਚਰਬੀ ਦੀ ਪਰਤ ਚੜ੍ਹ ਰਹੀ ਹੈ | ਬੱਚੇ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ |
ਸ਼ਾਕਾਹਾਰੀ ਦੀ ਥਾਂ 'ਤੇ ਵੱਖ-ਵੱਖ ਚੀਜ਼ਾਂ ਤੁੰਨ-ਤੁੰਨ ਕੇ ਖਾ ਰਹੇ ਹਨ | ਮਨੁੱਖ ਆਪਣੀ ਚਟੋਰੀ ਜੀਭ ਦੇ ਅਧੀਨ ਹੋ ਗਿਆ ਹੈ | ਸਵਾਦ ਵਧਾਉਣ ਲਈ ਨਮਕ, ਮਿਰਚ, ਮਸਾਲਾ, ਰਸਾਇਣ, ਤਲੀਆਂ-ਭੁੰਨੀਆਂ ਚੀਜ਼ਾਂ ਸਾਡੇ ਲਈ ਜ਼ਹਿਰ ਦਾ ਕੰਮ ਕਰ ਰਹੀਆਂ ਹਨ | ਆਧੁਨਿਕ ਲੋਕ ਬੈਠ ਕੇ ਖਾਣ ਦੇ ਮੁਕਾਬਲੇ ਖੜ੍ਹੇ ਹੋ ਕੇ ਤੁੰਨ-ਤੁੰਨ ਕੇ ਖਾ ਰਹੇ ਹਨ | ਬਫ਼ੇ ਸਿਸਟਮ ਨੇ ਸਾਨੂੰ 'ਬਫੈਲੋ' ਭਾਵ ਡੰਗਰ ਬਣਾ ਦਿੱਤਾ ਹੈ | ਖਾਣੇ ਵਿਚ ਪਾਣੀ ਤੇ ਭੋਜਨ ਦੋਵੇਂ ਚੀਜ਼ਾਂ ਇਕੱਠੀਆਂ ਖਾ ਹੋ ਰਹੀਆਂ ਹਨ | ਖਾਣੇ ਦੇ ਬਾਅਦ ਚਾਹ, ਕੌਫ਼ੀ, ਕੁਲਫ਼ੀ, ਆਈਸਕ੍ਰੀਮ, ਬਰਫ਼ ਗੋਲਾ ਆਦਿ ਨੁਕਸਾਨਦੇਹ ਚੀਜ਼ਾਂ ਖਾ ਰਹੇ ਹਨ | ਇਸ ਦੇ ਚਲਦਿਆਂ ਖਾਧੀ ਗਈ ਚੀਜ਼ ਸਰੀਰ ਵਿਚ ਹਜ਼ਮ ਦੇਰੀ ਨਾਲ ਹੁੰਦੀ ਹੈ, ਜੋ ਸਰੀਰ ਦੇ ਅੰਦਰ ਸੜਦੀ ਰਹਿੰਦੀ ਹੈ ਅਤੇ ਜ਼ਹਿਰੀਲਾ ਦ੍ਰਵ ਸਰੀਰ ਵਿਚ ਪੈਦਾ ਹੁੰਦਾ ਰਹਿੰਦਾ ਹੈ | ਇਹ ਬਿਮਾਰੀਆਂ ਪੈਦਾ ਕਰਦਾ ਹੈ |
ਖਾਣੇ ਵਿਚ ਮੈਦਾ, ਤੇਲ, ਘਿਓ, ਨਮਕ ਅਤੇ ਸ਼ੱਕਰ, ਬਨਾਉਟੀ ਸਵਾਦ ਅਤੇ ਰਸਾਇਣ ਦੀ ਮਾਤਰਾ ਵਧ ਗਈ ਹੈ, ਜਦ ਕਿ ਇਨ੍ਹਾਂ ਦੀ ਜ਼ਿਆਦਾ ਮਾਤਰਾ ਨੁਕਸਾਨਕਾਰੀ ਹੈ, ਜਿਸ ਨਾਲ ਪੇਟ ਅਤੇ ਹਾਜ਼ਮੇ ਸੰਬੰਧੀ ਰੋਗ ਵਧ ਰਹੇ ਹਨ | ਖਾਣੇ ਵਿਚ ਸਾਗ, ਸਬਜ਼ੀ, ਫਲ-ਫੁੱਲ ਅਤੇ ਸਲਾਦ ਦੀ ਮਾਤਰਾ ਘਟ ਰਹੀ ਹੈ | ਅਚਾਰ, ਚਟਨੀ, ਸੌਸ ਦੀ ਮਾਤਰਾ ਵਧ ਰਹੀ ਹੈ, ਜਦ ਕਿ ਰੇਸ਼ੇਦਾਰ ਚੀਜ਼ਾਂ ਜੋ ਸਿਹਤ ਲਈ ਲਾਭਕਾਰੀ ਹੁੰਦੀਆਂ ਹਨ, ਉਸ ਦਾ ਤਿਆਗ ਹੋ ਰਿਹਾ ਹੈ ਜਾਂ ਉਸ ਦੀ ਮਾਤਰਾ ਘੱਟ ਕਰ ਰਹੇ ਹਾਂ | ਇਹ ਠੀਕ ਨਹੀਂ ਹੈ |
ਭੁੱਖ ਲੱਗਣ 'ਤੇ ਭੁੱਖ ਤੋਂ ਘੱਟ ਖਾਣ ਦੇ ਮੁਕਾਬਲੇ ਜਦੋਂ ਜੀਅ ਕੀਤਾ, ਜੋ ਵੀ ਚੀਜ਼ ਹੋਵੇ, ਜੀਅ ਭਰ ਕੇ ਖਾ ਰਹੇ ਹਾਂ, ਜਦ ਕਿ ਬਾਲ ਅਵਸਥਾ, ਅੱਲੜ੍ਹ ਅਵਸਥਾ, ਨੌਜਵਾਨ ਅਵਸਥਾ ਵਿਚ ਹੀ ਜ਼ਿਆਦਾ ਵਾਰ ਭੋਜਨ ਦੀ ਜ਼ਰੂਰਤ ਹੁੰਦੀ ਹੈ | 40 ਤੋਂ ਬਾਅਦ ਮਾਤਰਾ ਦੋ ਵਾਰ ਭੋਜਨ ਅਤੇ ਇਕ ਵਾਰ ਸਵੇਰੇ ਜੂਸ ਹੀ ਕਾਫ਼ੀ ਹੁੰਦਾ ਹੈ | ਰਾਤ ਨੂੰ  ਭੋਜਨ ਦੀ ਥਾਂ 'ਤੇ ਦੁੱਧ ਆਪਣੇ-ਆਪ ਵਿਚ ਪੂਰਾ ਭੋਜਨ ਹੈ |
ਜ਼ਰੂਰਤ ਤੋਂ ਜ਼ਿਆਦਾ ਕੈਲੋਰੀ ਵਾਲਾ ਭੋਜਨ ਅਤੇ ਘੱਟ ਮਿਹਨਤ ਕਰਨਾ ਤੇ ਮੋਟਾਪਾ ਸਰੀਰ ਨੂੰ  ਬੇਡੋਲ ਬਣਾ ਰਿਹਾ ਹੈ | ਮੋਟਾਪਾ ਸਰੀਰ ਵਿਚ ਰੋਗਾਂ ਨੂੰ  ਜਨਮ ਦਿੰਦਾ ਹੈ | ਜ਼ਿਆਦਾ ਅਤੇ ਬੇਵਜ੍ਹਾ ਭੋਜਨ ਕਰਨਾ ਹਰ ਕਿਸੇ ਨੂੰ  ਠੀਕ ਤਰ੍ਹਾਂ ਹਜ਼ਮ ਨਾ ਹੋ ਸਕਣ 'ਤੇ ਭੋਜਨ ਦੇ ਪੋਸ਼ਕ ਤੱਤ ਸਰੀਰ ਨੂੰ  ਨਹੀਂ ਲਗ ਰਹੇ ਹਨ |
ਫਾਸਟ ਫੂਡ ਦੇ ਰਿਵਾਜ ਕਾਰਨ ਚੰਗੀ ਸਿਹਤ ਨੂੰ  ਨੁਕਸਾਨ ਪਹੁੰਚਦਾ ਹੈ | ਇਸ ਵਿਚ ਮੈਦਾ, ਬਨਾਉਟੀ ਸਵਾਦ, ਰਸਾਇਣ, ਸ਼ੱਕਰ ਅਤੇ ਤੇਲ ਦੀ ਜ਼ਿਆਦਾ ਮਾਤਰਾ ਹੁੰਦੀ ਹੈ | ਇਹ ਹਾਜ਼ਮੇ ਨੂੰ  ਖ਼ਰਾਬ ਕਰਦਾ ਹੈ | ਉਤੇਜਕ ਅਤੇ ਠੰਢੇ ਪੀਣ ਵਾਲੇ ਪਦਾਰਥ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਰੋਗਾਂ ਨੂੰ  ਸੱਦਾ ਦਿੰਦੇ ਹਨ | ਬੱਚੇ ਅਤੇ ਬੁੱਢੇ ਚਾਹ, ਕੌਫ਼ੀ, ਟੌਫ਼ੀ, ਚਾਕਲੇਟ, ਬਿਸਕੁਟ ਤੇ ਬਾਜ਼ਾਰੂ ਠੰਢੇ ਪਦਾਰਥਾਂ ਦੇ ਦੀਵਾਨੇ ਹੋ ਰਹੇ ਹਨ, ਜੋ ਕਿਸੇ ਵੀ ਪੱਖ ਤੋਂ ਠੀਕ ਨਹੀਂ ਹਨ | ਭੋਜਨ ਤੋਂ ਬਾਅਦ 100 ਕਦਮ ਚਲ ਕੇ ਪਿਸ਼ਾਬ ਕਰੋ | ਇਸ ਨਾਲ ਪਿਸ਼ਾਬ ਸੰਬੰਧੀ ਰੋਗ ਨਹੀਂ ਹੋਣਗੇ ਅਤੇ ਹਾਜ਼ਮੇ ਨੂੰ  ਬਲ ਮਿਲੇਗਾ | ਭੋਜਨ ਭੁੱਖ ਲੱਗਣ 'ਤੇ ਹੀ ਕਰੋ | ਭੁੱਖ ਤੋਂ ਘੱਟ ਅਤੇ ਸਾਦਾ ਤੇ ਹਜ਼ਮ ਹੋਣ ਵਾਲਾ ਪੌਸ਼ਟਿਕ ਗੁਣਾਂ ਨਾਲ ਭਰਪੂਰ ਭੋਜਨ ਚਬਾ-ਚਬਾ ਕੇ ਖਾਓ | ਸਵੇਰੇ ਪਾਣੀ ਤੇ ਦੁਪਹਿਰੇ ਭੋਜਨ ਦੇ ਨਾਲ ਦਹੀਂ ਜਾਂ ਲੱਸੀ ਅਤੇ ਰਾਤ ਨੂੰ  ਸੌਣ ਤੋਂ ਪਹਿਲਾਂ ਦੁੱਧ ਅੰਮਿ੍ਤ ਬਰਾਬਰ ਹੁੰਦਾ ਹੈ | ਭੋਜਨ ਵਿਚ ਸਲਾਦ, ਸਾਗ-ਸਬਜ਼ੀ, ਫਲ-ਫੁੱਲ ਦੀ ਮਾਤਰਾ ਵਧਾਓ, ਜੋ ਜ਼ਿਆਦਾ ਤਲਿਆ ਭੁੰਨਿਆ ਅਤੇ ਮਸਾਲੇ ਵਾਲਾ ਨਾ ਹੋਵੇ |
ਬਿਨਾਂ ਪਾਲਿਸ਼ ਚੌਲ ਅਤੇ ਛਾਣਬੂਰੇ ਵਾਲਾ ਆਟਾ ਅਤੇ ਛਿਲਕੇ ਵਾਲੀ ਦਾਲ ਦੀ ਵਰਤੋਂ ਕਰੋ | ਹਫ਼ਤੇ ਵਿਚ ਇਕ ਦਿਨ ਵਰਤ ਰੱਖੋ | ਉਸ ਦਿਨ ਭਰ ਪਾਣੀ ਅਤੇ ਜੂਸ ਲਓ | ਭੋਜਨ ਹਮੇਸ਼ਾ ਜ਼ਮੀਨ ਜਾਂ ਕੁਰਸੀ 'ਤੇ ਬੈਠ ਕੇ ਅਰਾਮ ਨਾਲ ਕਰੋ, ਜ਼ਿਆਦਾ ਨਮਕ, ਸ਼ੱਕਰ, ਤੇਲ ਘਿਓ, ਮਿਰਚ ਮਸਾਲਾ ਤੇ ਤਲੀਆਂ-ਭੁੰਨੀਆਂ ਚੀਜ਼ਾਂ ਨਾ ਖਾਓ | ਮੈਦੇ ਤੋਂ ਬਣੀਆਂ ਚੀਜ਼ਾਂ, ਫਾਸਟ ਫੂਡ, ਠੰਢੇ ਪੀਣ ਵਾਲੇ ਪਦਾਰਥ, ਚਾਹ, ਕੌਫ਼ੀ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਘਟਾਓ | ਦੁਪਹਿਰ ਦੇ ਭੋਜਨ ਤੋਂ ਬਾਅਦ ਪੈਦਲ ਤੁਰਨਾ ਜਾਂ ਸਖ਼ਤ ਮਿਹਨਤ ਠੀਕ ਨਹੀਂ ਹੈ | ਰਾਤ ਦੇ ਭੋਜਨ ਦੇ ਬਾਅਦ ਬਰਫ਼, ਆਈਸਕ੍ਰੀਮ, ਕੁਲਫ਼ੀ, ਚਾਹ, ਕੌਫ਼ੀ ਦੀ ਵਰਤੋਂ ਨਾ ਕਰੋ | ਸਵੇਰੇ ਉੱਠਦਿਆਂ ਹੀ ਚਾਹ ਨਾ ਪੀ ਕੇ ਬੇਹਾ ਪਾਣੀ ਕੋਸਾ ਕਰਕੇ ਪੀਓ | ਕਿਸੇ ਵੀ ਸਰੀਰਕ ਵੇਗ ਨੂੰ  ਰੋਕੋ ਨਾ | ਇੰਦਰੀਆਂ 'ਤੇ ਕਾਬੂ ਰੱਖੋ, ਕਿਸੇ ਵੀ ਕੰਮ ਵਿਚ ਕਾਹਲੀ ਨਾ ਕਰੋ |
ਹੜਬੜੀ ਅਤੇ ਤਣਾਅ ਤੋਂ ਬਚਣ ਦੀ ਕੋਸ਼ਿਸ਼ ਕਰੋ, ਟੀ.ਵੀ. ਅਤੇ ਕੰਪਿਊਟਰ ਨੂੰ  ਜ਼ਿਆਦਾ ਨੇੜੇ ਤੋਂ ਨਾ ਦੇਖੋ | ਘੱਟ ਅਤੇ ਤੇਜ਼ ਰੌਸ਼ਨੀ ਵਿਚ ਨਾ ਪੜ੍ਹੋ | ਭੋਜਨ ਤੇ ਵਿਹਾਰ ਸਹੀ ਅਤੇ ਸਿਹਤਮੰਦ ਰਹੇਗਾ ਤਾਂ ਉਦੋਂ ਤੁਹਾਡੇ ਕੋਲ ਕੋਈ ਵੀ ਰੋਗ ਨਹੀਂ ਆਵੇਗਾ ਅਤੇ ਤੁਸੀਂ ਲੰਮੀ ਉਮਰ ਭੋਗੋਗੇ |

ਪਿਛਲੀ ਖ਼ਬਰ ਜਥੇ: ਜੱਸਲ, ਲੋਧੀਨੰਗਲ ਤੇ ਸਾਥੀਆਂ ਨੇ ਨਗਰ ਕੀਰਤਨ ਦਾ ਅੱਚਲ ਸਾਹਿਬ ਵਿਖੇ ਕੀਤਾ ਸਵਾਗਤ ਅਗਲੀ ਖ਼ਬਰ ਸਿਹਤ ਨੂੰ ਖ਼ਰਾਬ ਵੀ ਕਰ ਸਕਦੇ ਹਨ ਪਾਲਤੂ ਪਸ਼ੂ-ਪੰਛੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।