ਅੰਤਰਰਾਸ਼ਟਰੀ ਮੁਕਾਬਲਿਆਂ 'ਚ 4 ਸੋਨ ਤਗਮੇ ਜਿੱਤਣ ਵਾਲੇ ਖਿਡਾਰੀ ਅਮਰਦੀਪ ਕੁਮਾਰ ਨੂੰ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਖੇ ਅਰਗੋੜਾ ਚੌਕ 'ਚ ਸਬਜ਼ੀ ਵੇਚਦੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਭਾਰਤ ਦੀ ਖੇਡ ਪ੍ਰਣਾਲੀ 'ਤੇ ਵੱਡੇ ਸਵਾਲ ਖੜ੍ਹੇ ਹੋਏ ਹਨ | ਇਹ ਖਿਡਾਰੀ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਾ ਮਿਲਣ ਕਾਰਨ ਸਬਜ਼ੀ ਵੇਚਣ ਤੇ ਕੈਬ ਚਲਾਉਣ ਲਈ ਮਜਬੂਰ ਹੈ | ਇਸ ਖਿਡਾਰੀ ਦੇ ਸਬਜ਼ੀ ਵੇਚਣ ਵਾਲੀ ਥਾਂ ਦੀ ਪਿਛਲੀ ਕੰਧ 'ਤੇ ਚਮਕਦਾਰ ਤਗਮੇ ਲਟਕ ਰਹੇ ਹਨ, ਜੋ ਦੇਸ਼ ਦੀ ਖੇਡ ਪ੍ਰਣਾਲੀ ਦੀ ਅਸਲ ਹਕੀਕਤ ਬਿਆਨ ਕਰਦੇ ਹਨ | ਸਿਰਫ਼ ਅਮਰਦੀਪ ਹੀ ਨਹੀਂ, ਦੇਸ਼ ਦੇ ਹੋਰ ਵੀ ਵੱਡੇ ਖਿਡਾਰੀ ਅਜਿਹੇ ਹਨ, ਜਿਨ੍ਹਾਂ ਨੇ ਦੇਸ਼ ਲਈ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਤਗਮੇ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ, ਉਨ੍ਹਾਂ 'ਚੋਂ ਕਈ ਖਿਡਾਰੀਆਂ ਨੂੰ ਨਾ ਤਾਂ ਨੌਕਰੀਆਂ ਮਿਲੀਆਂ ਤੇ ਨਾ ਹੀ ਕੋਈ ਹੋਰ ਰੁਜ਼ਗਾਰ, ਜਿਸ ਕਰਕੇ ਕੋਈ ਖਿਡਾਰੀ ਵੈਲਡਿੰਗ ਦਾ ਕੰਮ ਕਰਕੇ ਆਪਣੇ ਬੱਚੇ ਪਾਲ ਰਿਹਾ ਹੈ, ਕੋਈ ਸਾਬਕਾ ਖਿਡਾਰੀ ਰੇਹੜੀ-ਫੜ੍ਹੀ ਲਾ ਕੇ ਅਤੇ ਕੋਈ ਪ੍ਰਾਈਵੇਟ ਬੱਸ ਡਰਾਈਵਰ/ਕੰਡਕਟਰ ਬਣ ਕੇ | ਇਹ ਠੀਕ ਹੈ ਕਿ ਵੱਡੀ ਗਿਣਤੀ ਖਿਡਾਰੀਆਂ ਨੂੰ ਉਨ੍ਹਾਂ ਦੇ ਖੇਡ ਕੈਰੀਅਰ ਦੌਰਾਨ ਚੰਗੀਆਂ ਸਰਕਾਰੀ ਨੌਕਰੀਆਂ ਮਿਲ ਜਾਂਦੀਆਂ ਹਨ ਤੇ ਸਰਕਾਰ ਵਲੋਂ ਕਈ ਤਰ੍ਹਾਂ ਦੇ ਇਨਾਮ ਤੇ ਸਨਮਾਨ ਵੀ ਮਿਲ ਜਾਂਦੇ ਹਨ ਪਰ ਸਾਰੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਨਹੀਂ ਮਿਲਦੀਆਂ, ਜਿਸ ਕਾਰਨ ਕੁਝ ਖਿਡਾਰੀ ਹਰ ਸੂਬੇ 'ਚ ਸਰਕਾਰੀ ਨੌਕਰੀ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਉਹ ਪ੍ਰਾਈਵੇਟ ਨੌਕਰੀ ਜਾਂ ਕੋਈ ਹੋਰ ਛੋਟਾ-ਮੋਟਾ ਕੰਮ ਕਰਨ ਜੋਗੇ ਹੀ ਰਹਿ ਜਾਂਦੇ ਹਨ |
ਸਾਡੇ ਦੇਸ਼ ਦੀ ਇਹ ਕੁਸੈਲੀ ਹਕੀਕਤ ਹੈ ਕਿ ਜਿਹੜੇ ਮੁਲਕ ਲਈ ਖਿਡਾਰੀਆਂ ਨੇ ਤਗਮੇ ਜਿੱਤਣ ਲਈ ਆਪਣੀ ਜਵਾਨੀ ਲੇਖੇ ਲਾਈ, ਉਸੇ ਮੁਲਕ ਵਿਚ ਕਈ ਖਿਡਾਰੀਆਂ ਜਵਾਨੀ, ਅਧਖੜ ਜਾਂ ਵਡੇਰੀ ਉਮਰੇ ਮੰਦਹਾਲੀ ਭਰਿਆ ਜੀਵਨ ਬਤੀਤ ਕਰਨਾ ਪੈਂਦਾ ਹੈ | ਉਨ੍ਹਾਂ ਦੀ ਨਾ ਆਪਣੇ ਸਾਰ ਲੈਂਦੇ ਹਨ ਤੇ ਨਾ ਹੀ ਕੋਈ ਸੰਸਥਾ ਜਾਂ ਪਿੰਡ ਵਾਸੀ | ਖਿਡਾਰੀਆਂ ਲਈ ਢੇਰ ਸਹੂਲਤਾਂ ਦੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਵੀ ਉਨ੍ਹਾਂ ਦੀ ਕੋਈ ਸਾਰ ਨਹੀਂ ਲੈਂਦੀਆਂ | ਜਦੋਂ ਕੋਈ ਬਜ਼ੁਰਗ ਖਿਡਾਰੀ ਖੇਡ ਮੁਕਾਬਲਾ ਜਿੱਤਦਾ ਹੈ ਤਾਂ ਸਭ ਅਖ਼ਬਾਰਾਂ ਵਿਚ ਉਸ ਦੀ ਸੁਰਖ਼ੀ ਹੁੰਦੀ ਹੈ ਪਰ ਨਾਲ ਹੀ ਲੱਗੀ ਤਸਵੀਰ 'ਚ ਉਸ ਦੇ ਚਿਹਰੇ 'ਤੇ ਪਰਿਵਾਰ ਦੀ ਆਰਥਿਕ ਹਾਲਤ ਦੀ ਕਹਾਣੀ ਵੀ ਹੁੰਦੀ ਹੈ | ਹਾਲ ਤਾਂ ਇਹ ਹੈ ਕਿ ਜਿਹੜੇ ਖਿਡਾਰੀਆਂ ਲਈ ਦੁੱਧ, ਘਿਓ ਤੇ ਖੀਰ ਦੇ ਇਕ ਤਰ੍ਹਾਂ ਲੰਗਰ ਲੱਗੇ ਰਹਿੰਦੇ ਸਨ, ਉਨ੍ਹਾਂ 'ਚੋਂ ਵੱਡੀ ਗਿਣਤੀ ਖਿਡਾਰੀ ਖੇਡ ਕੈਰੀਅਰ ਖਤਮ ਹੋਣ ਤੋਂ ਬਾਅਦ ਦੋ ਡੰਗ ਦੀ ਰੋਟੀ ਲਈ ਵੀ ਤਰਸ ਰਹੇ ਹੁੰਦੇ ਹਨ |
ਕੇਂਦਰ ਸਰਕਾਰ ਵਲੋਂ ਬਾਲ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ ਯੋਜਨਾ ਚਲਾਈ ਜਾ ਰਹੀ ਹੈ, ਜਿਸ ਲਈ ਕਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਇਸ ਦੇ ਨਾਲ ਹੀ ਪੰਜਾਬ ਸਰਕਾਰ ਵੀ ਖਿਡਾਰੀਆਂ ਲਈ ਕਾਫ਼ੀ ਉਪਰਾਲੇ ਕਰ ਰਹੀ ਹੈ ਪਰ ਸਰਕਾਰਾਂ ਨੂੰ ਸਾਬਕਾ ਖਿਡਾਰੀਆਂ ਦੀ ਸਾਰ ਵੀ ਲੈਣੀ ਚਾਹੀਦੀ ਹੈ | ਹਰ ਪਿੰਡ ਵਿਚ ਖੇਡ ਕਲੱਬ ਤੇ ਨੌਜਵਾਨ ਸਭਾਵਾਂ ਹਨ, ਜਿਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਿੰਡ ਤੇ ਇਲਾਕੇ ਦੇ ਸਾਬਕਾ ਤੇ ਬਜ਼ੁਰਗ ਖਿਡਾਰੀਆਂ ਦਾ ਸਹਾਰਾ ਬਣਨ ਤਾਂ ਕਿ ਮੁਲਕ ਲਈ ਤਗਮੇ ਜਿੱਤਣ ਵਾਲੇ ਸਾਬਕਾ ਖਿਡਾਰੀਆਂ ਦੀ ਜ਼ਿੰਦਗੀ ਖੁਸ਼ੀਆਂ ਤੇ ਸਹੂਲਤਾਂ ਸਹਿਤ ਬਤੀਤ ਹੋ ਸਕੇ |
-ਲੱਕੀ ਨਿਵਾਸ, 61-ਏ, ਵਿੱਦਿਆ ਨਗਰ, ਪਟਿਆਲਾ |
ਮੋਬਾਈਲ : 9463819174