ਜਮਹੂਰੀ ਅਧਿਕਾਰ ਸਭਾ ਪੰਜਾਬ ਦਾ ਦੋ ਦਿਨਾਂ ਸੂਬਾ ਇਜਲਾਸ ਸ਼ੁਰੂ
ਬਰਨਾਲਾ, 28 ਨਵੰਬਰ (ਅਸ਼ੋਕ ਭਾਰਤੀ)-ਜਮਹੂਰੀ ਅਧਿਕਾਰ ਸਭਾ ਪੰਜਾਬ ਦਾ ਦੋ ਦਿਨਾਂ ਸੂਬਾ ਇਜਲਾਸ ਤਰਕਸ਼ੀਲ ਭਵਨ ਬਰਨਾਲਾ ਵਿਖੇ ਸ਼ੁਰੂ ਹੋਇਆ। ਜਿਸ ਵਿਚ 12 ਜ਼ਿਲਿ੍ਹਆਂ ਦੇ 100 ਤੋਂ ਵੱਧ ਡੈਲੀਗੇਟਾਂ ਤੇ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ।
ਬਰਨਾਲਾ, 28 ਨਵੰਬਰ (ਅਸ਼ੋਕ ਭਾਰਤੀ)-ਜਮਹੂਰੀ ਅਧਿਕਾਰ ਸਭਾ ਪੰਜਾਬ ਦਾ ਦੋ ਦਿਨਾਂ ਸੂਬਾ ਇਜਲਾਸ ਤਰਕਸ਼ੀਲ ਭਵਨ ਬਰਨਾਲਾ ਵਿਖੇ ਸ਼ੁਰੂ ਹੋਇਆ। ਜਿਸ ਵਿਚ 12 ਜ਼ਿਲਿ੍ਹਆਂ ਦੇ 100 ਤੋਂ ਵੱਧ ਡੈਲੀਗੇਟਾਂ ਤੇ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੁੱਖ ਬੁਲਾਰੇ ਸੁਪਰੀਮ ਕੋਰਟ ਦੇ ਉੱਘੇ ਵਕੀਲ ਅਤੇ ਜਮਹੂਰੀ ਅਧਿਕਾਰਾਂ ਦੇ ਪਹਿਰੇਦਾਰ ਕੌਲਿਨ ਗੌਂਜ਼ਾਲਵੇਜ਼ ਨੇ ਸਰਕਾਰਾਂ ਦੇ ਹਰ ਜਬਰ, ਵਧੀਕੀ ਅਤੇ ਧੱਕੇ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਇਸ ਉਪਰੰਤ ਉਨ੍ਹਾਂ ਦੇ ਸਹਿਯੋਗੀ ਐਡਵੋਕੇਟ ਨੇ ‘ਭਾਰਤ ਅੰਦਰ ਜਮਹੂਰੀ ਹੱਕ ਅਤੇ ਸੁਪਰੀਮ ਕੋਰਟ ਦੀ ਪਹੁੰਚ’ ਵਿਸ਼ੇ ਉੱਤੇ ਵਿਚਾਰ ਪ੍ਰਗਟ ਕੀਤੇ। ਇਸ ਸੈਸ਼ਨ ਦੀ ਪ੍ਰਧਾਨਗੀ ਪ੍ਰੋ: ਜਗਮੋਹਨ ਸਿੰਘ, ਸੋਹਣ ਸਿੰਘ ਮਾਝੀ, ਐਡਵੋਕੇਟ ਅਮਨਦੀਪ ਕੌਰ ਅਤੇ ਗੁਰਮੀਤ ਸੁਖਪੁਰ ਨੇ ਕੀਤੀ। ਸਭਾ ਦੇ ਸੂਬਾ ਸਕੱਤਰ ਪ੍ਰਿਤਪਾਲ ਸਿੰਘ ਨੇ ਜੱਥੇਬੰਦੀ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਤੇ ਜਿਸ ਉੱਪਰ ਸ਼ਾਮਿਲ ਡੈਲੀਗੇਟਾਂ ਨੇ ਭਰਵੀਂ ਚਰਚਾ ਕੀਤੀ। ਸਭਾ ਦੇ ਸੂਬਾ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਅੱਜ ਦੇ ਇਜਲਾਸ ਨੂੰ ਤਿੰਨ ਭਾਗਾਂ ’ਚ ਵੰਡਿਆ ਗਿਆ ਜਿਸ ਦੇ ਤਹਿਤ ਪਹਿਲਾ ਸੈਸ਼ਨ ਖੁੱਲ੍ਹੇ ਸੈਸ਼ਨ ਵਜੋਂ ਸੀ ਜਿਸ ਵਿਚ ਡੈਲੀਗੇਟਾਂ ਤੋਂ ਇਲਾਵਾ ਹੋਰਨਾਂ ਜਥੇਬੰਦੀਆਂ ਤੋਂ ਆਏ ਦਰਸ਼ਕਾਂ ਨੇ ਵੀ ਭਾਗ ਲਿਆ। ਇਸ ਤੋਂ ਮਗਰੋਂ ਦੂਜੇ ਸੈਸ਼ਨ ਵਿਚ ਸੂਬਾ ਸਰਗਰਮੀ ਰਿਪੋਰਟ ਉੱਪਰ ਚਰਚਾ ਹੋਈ ਅਤੇ ਤੀਜੇ ਸੈਸ਼ਨ ਵਿਚ ਸੰਵਿਧਾਨਕ ਸੋਧਾਂ ਅਤੇ ਤਰਮੀਮਾਂ ਉੱਪਰ ਚਰਚਾ ਕੀਤੀ ਗਈ। ਇਜਲਾਸ ਦੀ ਸ਼ੁਰੂਆਤ ਬੀਤੇ ਸਮੇਂ ’ਚ ਵਿਛੋੜਾ ਦੇ ਗਏ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ। ਇਸ ਤੋਂ ਉਪਰੰਤ ਸੁਪਰੀਮ ਕੋਰਟ ਦੇ ਉੱਘੇ ਵਕੀਲ ਕੌਲਿਨ ਗੋਂਜਾਲਵੇਜ ਨੇ ਖੁੱਲ੍ਹੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਭਾਰਤ ਦੀ ਰਾਜਕੀ, ਅਫ਼ਸਰਸ਼ਾਹੀ ਅਤੇ ਨਿਆਂ ਪ੍ਰਣਾਲੀ ਅੰਦਰ ਤਾਨਾਸ਼ਾਹੀ ਦਾ ਰੂਪ ਧਾਰ ਚੁੱਕੀ ਹੈ, ਜਿਹੜੀ ਕਿ ਇੰਦਰਾਂ ਗਾਂਧੀ ਵਲੋਂ ਮੜੀ ਗਈ ਐਮਰਜੈਂਸੀ ਨਾਲੋਂ ਵੀ ਵੱਧ ਖ਼ਤਰਨਾਕ ਹੈ। ਇਸ ਦਾ ਸਭ ਤੋਂ ਉੱਭਰਵਾਂ ਇਜ਼ਹਾਰ ਨਿਆਂ ਪ੍ਰਣਾਲੀ ਅਤੇ ਸੁਪਰੀਮ ਕੋਰਟ ਅੰਦਰ ਰਾਜ ਕਰ ਰਹੀ ਪਾਰਟੀ ਦੀ ਵਧ ਰਹੀ ਦਖ਼ਲਅੰਦਾਜ਼ੀ ਰਾਹੀਂ ਹੁੰਦਾ ਹੈ। ਅੱਜ ਸੁਪਰੀਮ ਕੋਰਟ ਦੇ ਅੱਧੇ ਨਾਲੋਂ ਵੱਧ ਜੱਜ ਨਿਰਪੱਖ ਨਾ ਰਹਿ ਕਿ ਰਾਜ ਸੱਤਾ ਨਾਲ ਨੇੜਲੇ ਰਿਸ਼ਤੇ ’ਚ ਵਿਚਰ ਰਹੇ ਹਨ। ਇਸ ਕਰ ਕੇ ਸਰਕਾਰ ਦੀ ਆਲੋਚਨਾ ਕਰਨ ਵਾਲੇ ਹਰ ਵਿਅਕਤੀ ਨੂੰ ਦੇਸ਼ਧ੍ਰੋਹ ਤੇ ਅੱਤਵਾਦ ਵਰਗੇ ਗੰਭੀਰ ਦੋਸ਼ਾਂ ਰਾਹੀਂ ਜੇਲ੍ਹੀਂ ਸੁੱਟਿਆ ਜਾ ਰਿਹਾ ਹੈ ਅਤੇ ਜ਼ਮਾਨਤ ਦੇ ਜਮਹੂਰੀ ਅਧਿਕਾਰ ਨੂੰ ਕੁਚਲਦਿਆਂ ਜੇਲ੍ਹ ਨੂੰ ਆਮ ਰੁਝਾਨ ਅਤੇ ਜ਼ਮਾਨਤ ਨੂੰ ਅਪਵਾਦ ਬਣਾਇਆ ਜਾ ਰਿਹਾ ਹੈ। ਕਿਰਤ ਕਾਨੂੰਨ ਸੋਧਾਂ, ਜੰਗਲ ਕਾਨੂੰਨਾਂ ਦੀ ਭੰਨ ਤੋੜ ਅਤੇ ਬੋਲਣ ਦੀ ਆਜ਼ਾਦੀ ਤੇ ਪਾਬੰਦੀਆਂ ਅਜੋਕੇ ਸਮੇਂ ਦਾ ਉੱਭਰਵਾਂ ਲੱਛਣ ਬਣ ਗਿਆ ਹੈ। ਇਸ ਖ਼ਿਲਾਫ਼ ਕੇਵਲ ਅਦਾਲਤੀ ਢੰਗਾਂ ਰਾਹੀਂ ਹੀ ਨਹੀਂ ਸਗੋਂ ਸ਼ਾਂਤਮਈ ਸੰਘਰਸ਼ਾਂ ਰਾਹੀਂ ਵੀ ਲੜਨ ਦੀ ਅਣਸਰਦੀ ਲੋੜ ਬਣੀ ਹੋਈ ਹੈ। ਇਸ ਮੌਕੇ ਡਾ: ਪਰਮਿੰਦਰ, ਤਰਸੇਮ ਧੂਰੀ, ਜਸਵੰਤ ਜੀਰਖ, ਅਮਰਜੀਤ ਸ਼ਾਸਤਰੀ ਆਦਿ ਹਾਜ਼ਰ ਸਨ।