13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸਰਾਭਾ ਨਗਰ ਵਿਖੇ ਕੁੱਝ ਮਹੀਨਿਆਂ ’ਚ ਹੀ ਧਸਣ ਲੱਗੀਆਂ ਇੰਟਰਲਾਕ ਟਾਈਲਾਂ, ਕਈ ਗਲੀ ਚੈਂਬਰ ਵੀ ਟੁੱਟੇ

ਬਰਨਾਲਾ, 12 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)- ਸ਼ਹਿਰ ਬਰਨਾਲਾ ’ਚ ਵਿਕਾਸ ਕਾਰਜਾਂ ਦੀ ਗੁਣਵੱਤਾ ਨੂੰ ਲੈ ਕੇ ਸਮੇਂ-ਸਮੇਂ ’ਤੇ ਪਹਿਲਾਂ ਵੀ ਸਵਾਲ ਉੱਠਦੇ ਰਹੇ ਹਨ ਪਰ ਹੁਣ ਸਰਾਭਾ ਨਗਰ, ਨੇੜੇ ਇੰਦਰਲੋਕ ਕਾਲੋਨੀ, ਧਨੌਲਾ ਰੋਡ ਵਿਖੇ ਕੁੱਝ ਮਹੀਨੇ ਪਹਿਲਾਂ ਸੀਵਰੇਜ ਪਾਉਣ ਉਪਰੰਤ ਲਗਾਈਆਂ ਗਈਆਂ ਇੰਟਰਲਾਕ ਟਾਈਲਾਂ ਦੀ ਹਾਲਤ ਨੇ ਸ਼ਹਿਰ ਬਰਨਾਲਾ ’ਚ ਹੋ ਰਹੇ ਵਿਕਾਸ ਕਾਰਜਾਂ ਦੀ ਅਸਲ ਤਸਵੀਰ ਪੇਸ਼ ਕਰ ਦਿੱਤੀ ਹੈ । ਮੌਕੇ ’ਤੇ ਜਾ ਕੇ ਜਦੋਂ ਦੇਖਿਆ ਗਿਆ ਤਾਂ ਨਵੀਆਂ ਲਗਾਈਆਂ ਗਈਆਂ ਇੰਟਰਲਾਕ ਟਾਈਲਾਂ ਕਈ ਥਾਵਾਂ ਤੋਂ ਧੱਸ ਚੁੱਕੀਆਂ ਹਨ, ਗਲੀ ਦੇ ਦੋਵੇਂ ਪਾਸੇ ਟੋਏ ਬਣ ਚੁੱਕੇ ਹਨ ਅਤੇ ਕਈ ਗਲੀ ਚੈਂਬਰ ਵੀ ਟੁੱਟੇ ਹੋਏ ਸਾਫ਼ ਦਿਖਾਈ ਦੇ ਰਹੇ ਹਨ।

ਕੰਮ ਦੀ ਗੁਣਵੱਤਾ ਸੰਬੰਧੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ 13-09-2026
ਬਰਨਾਲਾ, 12 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)- ਸ਼ਹਿਰ ਬਰਨਾਲਾ ’ਚ ਵਿਕਾਸ ਕਾਰਜਾਂ ਦੀ ਗੁਣਵੱਤਾ ਨੂੰ ਲੈ ਕੇ ਸਮੇਂ-ਸਮੇਂ ’ਤੇ ਪਹਿਲਾਂ ਵੀ ਸਵਾਲ ਉੱਠਦੇ ਰਹੇ ਹਨ ਪਰ ਹੁਣ ਸਰਾਭਾ ਨਗਰ, ਨੇੜੇ ਇੰਦਰਲੋਕ ਕਾਲੋਨੀ, ਧਨੌਲਾ ਰੋਡ ਵਿਖੇ ਕੁੱਝ ਮਹੀਨੇ ਪਹਿਲਾਂ ਸੀਵਰੇਜ ਪਾਉਣ ਉਪਰੰਤ ਲਗਾਈਆਂ ਗਈਆਂ ਇੰਟਰਲਾਕ ਟਾਈਲਾਂ ਦੀ ਹਾਲਤ ਨੇ ਸ਼ਹਿਰ ਬਰਨਾਲਾ ’ਚ ਹੋ ਰਹੇ ਵਿਕਾਸ ਕਾਰਜਾਂ ਦੀ ਅਸਲ ਤਸਵੀਰ ਪੇਸ਼ ਕਰ ਦਿੱਤੀ ਹੈ । ਮੌਕੇ ’ਤੇ ਜਾ ਕੇ ਜਦੋਂ ਦੇਖਿਆ ਗਿਆ ਤਾਂ ਨਵੀਆਂ ਲਗਾਈਆਂ ਗਈਆਂ ਇੰਟਰਲਾਕ ਟਾਈਲਾਂ ਕਈ ਥਾਵਾਂ ਤੋਂ ਧੱਸ ਚੁੱਕੀਆਂ ਹਨ, ਗਲੀ ਦੇ ਦੋਵੇਂ ਪਾਸੇ ਟੋਏ ਬਣ ਚੁੱਕੇ ਹਨ ਅਤੇ ਕਈ ਗਲੀ ਚੈਂਬਰ ਵੀ ਟੁੱਟੇ ਹੋਏ ਸਾਫ਼ ਦਿਖਾਈ ਦੇ ਰਹੇ ਹਨ। ਪਤਾ ਲੱਗਾ ਹੈ ਕਿ ਸਰਾਭਾ ਨਗਰ ਵਿਚ ਪਹਿਲਾਂ ਇੱਟਾਂ ਵਾਲੀ ਸੜਕ ਬਣੀ ਹੋਈ ਸੀ। ਸੀਵਰੇਜ ਪਾਉਣ ਲਈ ਸੜਕ ਪੁੱਟੇ ਜਾਣ ਤੋਂ ਬਾਅਦ ਇੱਥੇ ਕੰਮ ਵੀ ਕਾਫ਼ੀ ਦੇਰੀ ਸ਼ੁਰੂ ਕੀਤਾ ਗਿਆ ਸੀ। ਸੀਵਰੇਜ ਪਾਉਣ ਉਪਰੰਤ ਇੰਟਰਲਾਕ ਟਾਈਲਾਂ ਲਗਾ ਕੇ ਸੜਕ ਨੂੰ ਮੁੜ ਤਿਆਰ ਕੀਤਾ ਗਿਆ। ਪਰ ਕੰਮ ਮੁਕੰਮਲ ਹੋਣ ਤੋਂ ਕੁੱਝ ਹੀ ਸਮੇਂ ਬਾਅਦ ਟਾਈਲਾਂ ਧੱਸਣ ਲੱਗੀਆਂ ਹਨ ਅਤੇ ਗਲੀ ਚੈਂਬਰ ਵੀ ਟੁੱਟਣ ਲੱਗੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਬਰਨਾਲਾ ਵਲੋਂ ਪਿਛਲੇ ਸਾਲ ਸਰਾਭਾ ਨਗਰ ਵਿਚ ਸੀਵਰੇਜ ਪਾਉਣ ਅਤੇ ਇੰਟਰਲਾਕ ਟਾਈਲਾਂ ਲਗਾਉਣ ਲਈ ਕਰੀਬ 1 ਕਰੋੜ 25 ਲੱਖ ਰੁਪਏ ਦਾ ਟੈਂਡਰ ਲਗਾਇਆ ਗਿਆ ਸੀ ਅਤੇ ਸੰਬੰਧਿਤ ਠੇਕੇਦਾਰ ਵਲੋਂ 33 ਫ਼ੀਸਦੀ ਘੱਟ ਉੱਪਰ ਟੈਂਡਰ ਹਾਸਿਲ ਕੀਤਾ ਗਿਆ ਸੀ। ਲੋਕਾਂ ਦਾ ਕਹਿਣਾ ਹੈ ਕਿ ਵਿਕਾਸ ਕਾਰਜਾਂ ਲਈ ਸਰਕਾਰ ਵਲੋਂ ਜਾਰੀ ਕੀਤਾ ਜਾਣ ਵਾਲਾ ਪੈਸਾ ਅਸਲ ਵਿਚ ਲੋਕਾਂ ਦੀ ਸਹੂਲਤ ਲਈ ਹੁੰਦਾ ਹੈ। ਜੇਕਰ ਕੰਮ ਦੀ ਗੁਣਵੱਤਾ ਠੀਕ ਨਾ ਹੋਣ ਕਾਰਨ ਕੁੱਝ ਸਮੇਂ ਬਾਅਦ ਹੀ ਉਸੇ ਸੜਕ ਦੀ ਮੁੜ ਮੁਰੰਮਤ ਕਰਵਾਉਣੀ ਪਵੇ ਤਾਂ ਇਸ ਨਾਲ ਸਰਕਾਰੀ ਖ਼ਜ਼ਾਨੇ ’ਤੇ ਦੋਹਰਾ ਬੋਝ ਪੈਂਦਾ ਹੈ। ਇਹ ਵੀ ਸਵਾਲ ਉੱਠਦਾ ਹੈ ਕਿ ਕੰਮ ਮੁਕੰਮਲ ਹੋਣ ਉਪਰੰਤ ਨਗਰ ਨਿਗਮ ਦੇ ਸੰਬੰਧਿਤ ਅਧਿਕਾਰੀਆਂ ਵਲੋਂ ਮੌਕੇ ਦਾ ਨਿਰੀਖਣ ਕੀਤਾ ਗਿਆ ਸੀ ਜਾਂ ਨਹੀਂ ਅਤੇ ਜੇਕਰ ਨਿਰੀਖਣ ਕੀਤਾ ਗਿਆ ਸੀ ਤਾਂ ਕੁੱਝ ਹੀ ਮਹੀਨਿਆਂ ਵਿਚ ਸਾਹਮਣੇ ਆਈਆਂ ਇਹ ਖ਼ਾਮੀਆਂ ਉਨ੍ਹਾਂ ਦੇ ਨਜ਼ਰੀਂ ਕਿਉਂ ਨਹੀਂ ਪੈ ਰਹੀਆਂ। ਜ਼ਿਕਰਯੋਗ ਹੈ ਕਿ ਜਿਸ ਠੇਕੇਦਾਰ ਵਲੋਂ ਸਰਾਭਾ ਨਗਰ ਵਿਚ ਕੰਮ ਕੀਤਾ ਗਿਆ ਹੈ, ਉਸ ਵਲੋਂ ਕਰਵਾਏ ਗਏ ਹੋਰ ਕੰਮਾਂ ਦੀ ਗੁਣਵੱਤਾ ਨੂੰ ਲੈ ਕੇ ਪਹਿਲਾਂ ਵੀ ਸਵਾਲ ਉੱਠ ਚੁੱਕੇ ਹਨ। ਇਨ੍ਹਾਂ ਵਿਚ ਸੈਨੀਟੇਸ਼ਨ ਦਫ਼ਤਰ ਦੇ ਨਜ਼ਦੀਕ ਬਣਾਈ ਜਾ ਰਹੀ ਡਿਸਪੋਜ਼ਲ ਸਾਈਟ ਅਤੇ ਸਰਾਭਾ ਨਗਰ ਵਿਚ ਸੀਵਰੇਜ ਦੇ ਕੰਮ ਦੌਰਾਨ ਵਰਤੇ ਜਾ ਰਹੇ ਸੀਮਿੰਟ ਦੀ ਗੁਣਵੱਤਾ ਸਬੰਧੀ ਉੱਠੇ ਇਤਰਾਜ਼ ਸ਼ਾਮਿਲ ਹਨ। ਪਰ ਇਨ੍ਹਾਂ ਮਾਮਲਿਆਂ ਵਿਚ ਸਬੰਧਿਤ ਠੇਕੇਦਾਰ ਖ਼ਿਲਾਫ਼ ਅਧਿਕਾਰੀਆਂ ਵਲੋਂ ਕੀ ਕਾਰਵਾਈ ਕੀਤੀ ਗਈ, ਇਸ ਬਾਰੇ ਅੱਜ ਤੱਕ ਪਤਾ ਨਹੀਂ ਲੱਗ ਸਕਿਆ। ਇਸ ਕਾਰਨ ਹੁਣ ਸਰਾਭਾ ਨਗਰ ਦੇ ਤਾਜ਼ਾ ਮਾਮਲੇ ਨੇ ਪੁਰਾਣੇ ਸਵਾਲਾਂ ਨੂੰ ਇਕ ਵਾਰ ਫਿਰ ਮੁੜ ਚਰਚਾ ਵਿਚ ਲਿਆ ਦਿੱਤਾ ਹੈ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਰਨਾਲਾ ਵਿਖੇ ਹੋ ਰਹੇ ਵਿਕਾਸ ਕਾਰਜਾਂ ਦੀ ਗੁਣਵੱਤਾ ਅਤੇ ਸਰਕਾਰੀ ਪੈਸੇ ਦੀ ਹੋ ਰਹੀ ਬਰਬਾਦੀ ਦੀ ਨਿਰਪੱਖ ਤੌਰ ’ਤੇ ਜਾਂਚ ਕਰਵਾਈ ਜਾਵੇ। ਘਟੀਆ ਮੈਟੀਰੀਅਲ ਦੀ ਵਰਤੋਂ ਕਰਨ ਵਾਲੇ ਠੇਕੇਦਾਰਾਂ ਅਤੇ ਜ਼ੁੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਲਈ ਹੁਣ ਦੇਖਣਾ ਹੋਵੇਗਾ ਕਿ ਨਗਰ ਨਿਗਮ ਦੇ ਅਧਿਕਾਰੀ ਸਰਾਭਾ ਨਗਰ ਵਿਚ ਥੋੜ੍ਹੇ ਸਮੇਂ ਵਿਚ ਹੀ ਖਸਤਾ ਹੋਈ ਸੜਕ ਦੀ ਹਾਲਤ ਦਾ ਗੰਭੀਰ ਨੋਟਿਸ ਲੈਂਦੇ ਹਨ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਇਸ ਮਾਮਲੇ ਵਿਚ ਵੀ ਸਿਰਫ਼ ਖਾਨਾਪੂਰਤੀ ਕਰ ਕੇ ਮਾਮਲਾ ਠੰਢੇ ਬਸਤੇ ਵਿਚ ਪਾ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਸਿਟੀ ਇੰਚਾਰਜ ਦੀ ਮੁਸਤੈਦੀ ਸਦਕਾ ਚੋਰ ਕਾਬੂ ਦੋ ਐਲ.ਸੀ.ਡੀਜ਼ ਤੇ ਚਾਂਦੀ ਦੇ ਸਿੱਕੇ ਬਰਾਮਦ ਅਗਲੀ ਖ਼ਬਰ ਪੁਲਿਸ ਨੇ ਆਪ੍ਰੇਸ਼ਨ ਕਾਸੋ ਤਹਿਤ ਨਸ਼ਿਆਂ ਖਿਲਾਫ਼ ਸਰਚ ਅਭਿਆਨ ਚਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।