ਬਰਨਾਲਾ ਵਿਖੇ ਖਸਤਾ ਹਾਲ ਇਮਾਰਤਾਂ ਵਿਚ ਚੱਲ ਰਹੇ ਨੇ ਸਰਕਾਰੀ ਵਿਭਾਗਾਂ ਦੇ ਦਫ਼ਤਰ
ਬਰਨਾਲਾ, 11 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਬਰਨਾਲਾ ਵਿਚ ਕਈ ਅਜਿਹੀਆਂ ਸਰਕਾਰੀ ਇਮਾਰਤਾਂ ਹਨ, ਜਿਨ੍ਹਾਂ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਹੋ ਚੁੱਕੀ ਹੈ ਕਿ ਉਹ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਇਸ ਦੇ ਬਾਵਜੂਦ ਇਨ੍ਹਾਂ ਇਮਾਰਤਾਂ ਵਿਚ ਨਾ ਸਿਰਫ਼ ਸਰਕਾਰੀ ਦਫ਼ਤਰ ਚੱਲ ਰਹੇ ਹਨ, ਸਗੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਅਤੇ ਆਮ ਲੋਕਾਂ ਦਾ ਆਉਣਾ-ਜਾਣਾ ਵੀ ਬਣਿਆ ਰਹਿੰਦਾ ਹੈ।
ਬਰਨਾਲਾ, 11 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਬਰਨਾਲਾ ਵਿਚ ਕਈ ਅਜਿਹੀਆਂ ਸਰਕਾਰੀ ਇਮਾਰਤਾਂ ਹਨ, ਜਿਨ੍ਹਾਂ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਹੋ ਚੁੱਕੀ ਹੈ ਕਿ ਉਹ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਇਸ ਦੇ ਬਾਵਜੂਦ ਇਨ੍ਹਾਂ ਇਮਾਰਤਾਂ ਵਿਚ ਨਾ ਸਿਰਫ਼ ਸਰਕਾਰੀ ਦਫ਼ਤਰ ਚੱਲ ਰਹੇ ਹਨ, ਸਗੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਅਤੇ ਆਮ ਲੋਕਾਂ ਦਾ ਆਉਣਾ-ਜਾਣਾ ਵੀ ਬਣਿਆ ਰਹਿੰਦਾ ਹੈ। ਅਜਿਹੇ ਵਿਚ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਖਸਤਾ ਹਾਲਤ ਇਮਾਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਮੇਂ ਸਿਰ ਕੋਈ ਠੋਸ ਕਦਮ ਕਿਉਂ ਨਹੀਂ ਚੁੱਕਿਆ ਜਾ ਰਿਹਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਦਿੱਲੀ ਦੇ ਸੱਤਿਆ ਨਿਕੇਤਨ ਵਿਖੇ ਵਾਪਰੀ ਘਟਨਾ ਤੋਂ ਬਾਅਦ ਦੇਸ਼ ਭਰ ਵਿਚ ਪੁਰਾਣੀਆਂ ਅਤੇ ਅਸੁਰੱਖਿਅਤ ਇਮਾਰਤਾਂ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ। ਅਜਿਹੇ ਹਾਲਾਤ ਵਿਚ ਬਰਨਾਲਾ ਸ਼ਹਿਰ ਦੀਆਂ ਮਾੜੀ ਹਾਲਤ ਸਰਕਾਰੀ ਇਮਾਰਤਾਂ ਦੀ ਸਥਿਤੀ ਵੀ ਪ੍ਰਸ਼ਾਸਨ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੋਣੀ ਚਾਹੀਦੀ ਹੈ। ਪਰ ਅਜਿਹੀਆਂ ਇਮਾਰਤਾਂ ਵਿਚ ਚੱਲ ਰਹੇ ਦਫ਼ਤਰਾਂ ਨੂੰ ਦੇਖ ਕੇ ਇੰਝ ਜਾਪਦਾ ਹੈ ਕਿ ਡਿਪਟੀ ਕਮਿਸ਼ਨਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਸ ਘਟਨਾ ਤੋਂ ਕੋਈ ਸਬਕ ਨਹੀਂ ਲਿਆ ਜਾ ਰਿਹਾ। ਦੱਸਣਯੋਗ ਹੈ ਕਿ ਅਨਾਜ ਮੰਡੀ ਬਰਨਾਲਾ ਵਿਚ ਸਥਿਤ ਮੰਡੀ ਬੋਰਡ ਦੀ ਪੁਰਾਣੀ ਇਮਾਰਤ ਜਿੱਥੇ ਪਹਿਲਾਂ ਡਿਪਟੀ ਕਮਿਸ਼ਨਰ ਦਫ਼ਤਰ ਚੱਲਦਾ ਰਿਹਾ ਹੈ ਅਤੇ ਇਸ ਇਮਾਰਤ ਦੀ ਛੱਤ ਅਤੇ ਕੰਧਾਂ ’ਤੇ ਕਈ ਥਾਵਾਂ ਉੱਪਰ ਤਰੇੜਾਂ ਸਾਫ਼ ਦਿਖਾਈ ਦੇ ਰਹੀਆਂ ਹਨ ਅਤੇ ਸਮੁੱਚੀ ਇਮਾਰਤ ਦੀ ਹਾਲਤ ਵੀ ਕਾਫ਼ੀ ਖਸਤਾ ਹੈ ਪਰ ਇਸ ਵਿਚ ਅਜੇ ਵੀ ਕੁੱਝ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਚੱਲ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਉਕਤ ਪੁਰਾਣੀ ਇਮਾਰਤ ਵਿਚ ਸਰਕਾਰੀ ਦਫ਼ਤਰਾਂ ਦੇ ਚੱਲਣ ਦੇ ਨਾਲ-ਨਾਲ ਐਸ.ਆਈ.ਆਰ. ਦਾ ਕੰਮ ਵੀ ਚੱਲ ਰਿਹਾ ਹੈ। ਇਸੇ ਤਰ੍ਹਾਂ ਫਰਵਾਹੀ ਬਾਜ਼ਾਰ ਵਿਚ ਸਥਿਤ ਖੇਤੀਬਾੜੀ ਵਿਭਾਗ ਦੀ ਪੁਰਾਣੀ ਇਮਾਰਤ ਦੀ ਹਾਲਤ ਵੀ ਕਾਫ਼ੀ ਚਿੰਤਾਜਨਕ ਹੈ। ਭਾਵੇਂਕਿ ਇਸ ਇਮਾਰਤ ਨੂੰ ਮੰਡੀ ਬੋਰਡ ਵਲੋਂ ਵੇਚਿਆ ਵੀ ਜਾ ਚੁੱਕਾ ਹੈ, ਪਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਖੇਤੀਬਾੜੀ ਵਿਭਾਗ ਨੂੰ ਲੋੜੀਂਦੀ ਜਗ੍ਹਾ ਉਪਲਬਧ ਨਾ ਹੋਣ ਕਾਰਨ ਵਿਭਾਗ ਦਾ ਦਫ਼ਤਰੀ ਕੰਮ ਅਜੇ ਵੀ ਇਸੇ ਪੁਰਾਣੀ ਇਮਾਰਤ ਵਿਚ ਚੱਲ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਉਕਤ ਇਮਾਰਤਾਂ ਨੂੰ ਵਿਭਾਗ ਵਲੋਂ ਅਸੁਰੱਖਿਅਤ ਐਲਾਨਿਆ ਜਾ ਚੁੱਕਾ ਹੈ। ਇਸ ਲਈ ਵੱਡਾ ਸਵਾਲ ਇਹ ਬਣਦਾ ਹੈ ਕਿ ਅਸੁਰੱਖਿਅਤ ਐਲਾਨੀ ਗਈ ਇਮਾਰਤ ਵਿਚ ਸਰਕਾਰੀ ਦਫ਼ਤਰ ਦਾ ਕੰਮਕਾਜ ਕਿਵੇਂ ਜਾਰੀ ਰੱਖਿਆ ਜਾ ਸਕਦਾ ਹੈ। ਸਰਕਾਰੀ ਇਮਾਰਤਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਅਤੇ ਉੱਥੇ ਪਹੁੰਚਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਬੰਧਿਤ ਵਿਭਾਗਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮੁੱਢਲੀ ਜ਼ਿੰਮੇਵਾਰੀ ਹੈ ਅਤੇ ਕਿਸੇ ਵੀ ਮਾੜੀ ਹਾਲਤ ਸਰਕਾਰੀ ਇਮਾਰਤ ਨੂੰ ਸਿਰਫ਼ ਇਸ ਲਈ ਵਰਤੋਂ ਵਿਚ ਨਹੀਂ ਰੱਖਿਆ ਜਾਣਾ ਚਾਹੀਦਾ ਕਿ ਵਿਭਾਗ ਲਈ ਬਦਲਵੀਂ ਜਗ੍ਹਾ ਉਪਲਬਧ ਨਹੀਂ ਹੈ। ਇਸ ਲਈ ਦੇਖਣਾ ਹੋਵੇਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰ ਦੀਆਂ ਅਜਿਹੀਆਂ ਖਸਤਾ ਹਾਲਤ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਜਾਂਚ ਕਰਵਾਈ ਜਾਂਦੀ ਹੈ ਜਾਂ ਫਿਰ ਵਿਭਾਗਾਂ ਦੇ ਮੁਲਾਜ਼ਮਾਂ ਤੇ ਆਮ ਲੋਕਾਂ ਦੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਇਨ੍ਹਾਂ ਇਮਾਰਤਾਂ ਵਿਚ ਵਿਚ ਸਰਕਾਰੀ ਕੰਮਕਾਜ ਪਹਿਲਾਂ ਵਾਂਗ ਹੀ ਜਾਰੀ ਰੱਖਿਆ ਜਾਵੇਗਾ। ਜਦੋਂ ਇਸ ਸਬੰਧੀ ਜ਼ਿਲ੍ਹਾ ਮੰਡੀ ਅਫ਼ਸਰ ਬਰਨਾਲਾ ਬੀਰਇੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਇਮਾਰਤਾਂ ਵਿਚ ਕਈ ਦਫ਼ਤਰ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਹਨ ਅਤੇ ਇਨ੍ਹਾਂ ਵਿਭਾਗਾਂ ਨੂੰ ਸਮੇਂ-ਸਮੇਂ ਉੱਪਰ ਵੱਖ-ਵੱਖ ਡਿਪਟੀ ਕਮਿਸ਼ਨਰਾਂ ਵਲੋਂ ਬਿਠਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਹੋਰ ਫਲੌਰ ਬਣਿਆ ਹੈ, ਉਮੀਦ ਹੈ ਕਿ ਇਨ੍ਹਾਂ ਇਮਾਰਤਾਂ ਵਿਚ ਚੱਲ ਰਹੇ ਦਫ਼ਤਰਾਂ ਉੱਥੇ ਤਬਦੀਲ ਕਰ ਦਿੱਤਾ ਜਾਵੇਗਾ।