25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ

ਸਮਰਾਲਾ, 24 ਅਕਤੂਬਰ (ਗੋਪਾਲ ਸੋਫਤ)-ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਨੀਂਹ ਕੇਵਲ ਅਕਾਦਮਿਕ ਸਫਲਤਾ ਹੀ ਨਹੀਂ, ਸਗੋਂ ਉਨ੍ਹਾਂ ਦੀ ਭਾਵਨਾਤਮਕ ਤੰਦਰੁਸਤੀ ਅਤੇ ਸਕਾਰਾਤਮਿਕ ਸੋਚ ਵੀ ਹੈ। ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ, ਸਮਰਾਲਾ ਵਿਖੇ ਬੁੱਧਵਾਰ ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ।

ਅਜੀਤ ਡੈਸਕ 25-10-2026
ਸਮਰਾਲਾ, 24 ਅਕਤੂਬਰ (ਗੋਪਾਲ ਸੋਫਤ)-ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਨੀਂਹ ਕੇਵਲ ਅਕਾਦਮਿਕ ਸਫਲਤਾ ਹੀ ਨਹੀਂ, ਸਗੋਂ ਉਨ੍ਹਾਂ ਦੀ ਭਾਵਨਾਤਮਕ ਤੰਦਰੁਸਤੀ ਅਤੇ ਸਕਾਰਾਤਮਿਕ ਸੋਚ ਵੀ ਹੈ। ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ, ਸਮਰਾਲਾ ਵਿਖੇ ਬੁੱਧਵਾਰ ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵਿਚ ਦਿਆਲਤਾ, ਸ਼ੁਕਰਗੁਜ਼ਾਰੀ, ਆਤਮ-ਵਿਸ਼ਵਾਸ ਅਤੇ ਆਪਸੀ ਸਤਿਕਾਰ ਦੀ ਭਾਵਨਾ ਵਿਕਸਿਤ ਕਰਨ ਲਈ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਦਿਲਚਸਪ ਗਤੀਵਿਧੀਆਂ ਕੀਤੀਆਂ ਗਈਆਂ। ਇਨ੍ਹਾਂ ਗਤੀਵਿਧੀਆਂ ਵਿਚ ਭਾਗ ਲੈਂਦਿਆਂ ਜਿੱਥੇ ਨਰਸਰੀ ਤੋਂ ਯੂ. ਕੇ. ਜੀ. ਤੱਕ ਦੇ ਬੱਚਿਆਂ ਨੇ ਦਿਆਲਤਾ ਭਰੇ ਛੋਟੇ-ਛੋਟੇ ਕੰਮਾਂ ਅਤੇ ਕੁਦਰਤੀ ਸੈਰ ਵਿਚ ਹਿੱਸਾ ਲਿਆ ਉੱਥੇ ਹੀ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਜਦਕਿ ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਵਨਾਵਾਂ ਦੇ ਚੱਕਰ ਰਾਹੀਂ ਵੱਖ-ਵੱਖ ਮਨੋਭਾਵਾਂ ਨੂੰ ਸਮਝਿਆ। ਇਸੇ ਤਰ੍ਹਾਂ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਪ੍ਰਸ਼ੰਸਾ ਕਾਰਡ ਬਣਾਏ। ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੀ ਬੁੱਕ ਮਾਰਕ ਡਿਜ਼ਾਈਨਿੰਗ ਅਤੇ ਸਰੀਰਕ ਤੰਦਰੁਸਤੀ ਦੀਆਂ ਕਸਰਤਾਂ ਵਿਚ ਭਾਗ ਲਿਆ। ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਰਚਨਾਤਮਿਕ ਲੇਖਣ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਸ਼ੁਕਰਗੁਜ਼ਾਰੀ ਦੀ ਕੰਧ ਤਿਆਰ ਕਰਨ ਦੀ ਗਤੀਵਿਧੀ ਵਿਚ ਭਾਗ ਲਿਆ। ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਆਪਣੀਆਂ ਭਾਵਨਾਵਾਂ ਨੂੰ ਸਮਝਣ ਅਤੇ ਸਹੀ ਢੰਗ ਨਾਲ ਪ੍ਰਗਟ ਕਰਨ ਦੇ ਨਾਲ-ਨਾਲ ਦੂਜਿਆਂ ਪ੍ਰਤੀ ਹਮਦਰਦੀ, ਸਹਿਯੋਗ ਅਤੇ ਸਤਿਕਾਰ ਦੀ ਭਾਵਨਾ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਦੀਪਤੀ ਨੇ ਇਸ ਰਚਨਾਤਮਿਕ ਉਪਰਾਲੇ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਜੀਵਨ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨ, ਸਕਾਰਾਤਮਿਕ ਰਵੱਈਆ ਅਪਣਾਉਣ ਅਤੇ ਸੰਵੇਦਨਸ਼ੀਲ ਸ਼ਖ਼ਸੀਅਤਾਂ ਵਜੋਂ ਵਿਕਸਿਤ ਹੋਣ ਲਈ ਪ੍ਰੇਰਿਤ ਕਰਨਾ ਵੀ ਬੇਹੱਦ ਜ਼ਰੂਰੀ ਹੈ ਇਸ ਲਈ ਸਕੂਲ ਅਜਿਹਾ ਸੁਰੱਖਿਅਤ ਅਤੇ ਸਹਿਯੋਗੀ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜਿੱਥੇ ਹਰ ਵਿਦਿਆਰਥੀ ਆਪਣੇ ਆਪ ਨੂੰ ਮਹੱਤਵਪੂਰਨ, ਸਤਿਕਾਰਯੋਗ ਅਤੇ ਸੁਰੱਖਿਅਤ ਮਹਿਸੂਸ ਕਰੇ। ਉਨ੍ਹਾਂ ਕਿਹਾ ਕਿ ਸਕਾਰਾਤਮਿਕ ਸੋਚ, ਆਪਸੀ ਸਤਿਕਾਰ ਅਤੇ ਭਾਵਨਾਤਮਕ ਮਜ਼ਬੂਤੀ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸਕੂਲ ਚੇਅਰਪਰਸਨ ਕੁਲਵਿੰਦਰ ਕੌਰ ਬੈਨੀਪਾਲ, ਪ੍ਰਧਾਨ ਅਨਿਲ ਵਰਮਾ, ਡਾਇਰੈਕਟਰ ਗੁਰਸੁਖਮਨੀ ਕੌਰ ਬੈਨੀਪਾਲ, ਸਕੂਲ ਮੈਨੇਜਰ ਰਮਨਦੀਪ ਸਿੰਘ ਅਤੇ ਹੈੱਡਮਿਸਟ੍ਰੈੱਸ ਚਰਨਪ੍ਰੀਤ ਕੌਰ ਸੋਂਧ ਨੇ ਇਨ੍ਹਾਂ ਗਤੀਵਿਧੀਆਂ ਵਿਚ ਵਿਦਿਆਰਥੀਆਂ ਦੁਆਰਾ ਕੀਤੀ ਸਰਗਰਮ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਬੱਚਿਆਂ ਵਿਚ ਚੰਗੀਆਂ ਆਦਤਾਂ, ਆਪਸੀ ਸਾਂਝ ਅਤੇ ਸਕਾਰਾਤਮਿਕ ਜੀਵਨ-ਜਾਂਚ ਨੂੰ ਉਤਸ਼ਾਹਿਤ ਕਰਨ ਦਾ ਸੁਨੇਹਾ ਦਿੱਤਾ।
ਪਿਛਲੀ ਖ਼ਬਰ ਅਨਾਜ ਮੰਡੀ ਘਲੋਟੀ ਦਾ ਮਾਰਕੀਟ ਕਮੇਟੀ ਦੋਰਾਹਾ ਦੇ ਚੇਅਰਮੈਨ ਐਡਵੋਕੇਟ ਕੂਹਲੀ ਵਲੋਂ ਦੌਰਾ ਅਗਲੀ ਖ਼ਬਰ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ ਵਿਖੇ ਲੜਕੀਆਂ ਨੂੰ ਵਿਦਾਇਗੀ ਪਾਰਟੀ ਸੰਬੰਧੀ ਸਮਾਗਮ ਬਣਿਆ ਯਾਦਗਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।