ਸੰਵਿਧਾਨ ਅਤੇ ਸਮਾਜਿਕ ਬਰਾਬਰੀ ’ਤੇ ਹਮਲਾ ਬਰਦਾਸ਼ਤ ਨਹੀਂ ਕਰੇਗੀ ਕਾਂਗਰਸ-ਸਾਬਕਾ ਵਿਧਾਇਕ ਲੱਖਾ
ਹਲਦਵਾਨੀ ਦੀ ਕਥਿਤ ਘਟਨਾ ਨੂੰ ਲੈ ਕੇ ਕਾਂਗਰਸ ਨੇ ਜਤਾਇਆ ਰੋਸ
ਦੋਰਾਹਾ, 3 ਸਤੰਬਰ (ਮਨਜੀਤ ਸਿੰਘ ਗਿੱਲ)-ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਦੋਰਾਹਾ ਵਿਖੇ ਸਾਬਕਾ ਚੇਅਰਮੈਨ ਬੰਤ ਸਿੰਘ ਦਬੁਰਜੀ ਦੇ ਗ੍ਰਹਿ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਉੱਤਰਾਖੰਡ ਦੇ ਹਲਦਵਾਨੀ ਨਾਲ ਜੁੜੀ ਇੱਕ ਕਥਿਤ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨ ਲਈ ਉੱਥੇ ਗਏ ਸਨ ਅਤੇ ਮੀਟਿੰਗ ਤੋਂ ਬਾਅਦ ਕੁਝ ਲੋਕਾਂ ਵਲੋਂ ਉਸ ਸਥਾਨ ਤੇ ਗੰਗਾਜਲ ਛਿੜਕ ਕੇ ਕਥਿਤ ਤੌਰ ’ਤੇ ਸ਼ੁੱਧੀਕਰਨ ਕਰਨ ਦੀ ਘਟਨਾ ਸਾਹਮਣੇ ਆਈ। ਕਾਂਗਰਸ ਆਗੂਆਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਨਾਲ ਜਾਤ-ਪਾਤ, ਉੱਚ-ਨੀਚ ਜਾਂ ਸਮਾਜਿਕ ਪਿਛੋਕੜ ਦੇ ਆਧਾਰ ‘ਤੇ ਭੇਦਭਾਵ ਕਰਨਾ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਦੀ ਭਾਵਨਾ ਦੇ ਖ਼ਿਲਾਫ਼ ਹੈ।
ਦੋਰਾਹਾ, 3 ਸਤੰਬਰ (ਮਨਜੀਤ ਸਿੰਘ ਗਿੱਲ)-ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਦੋਰਾਹਾ ਵਿਖੇ ਸਾਬਕਾ ਚੇਅਰਮੈਨ ਬੰਤ ਸਿੰਘ ਦਬੁਰਜੀ ਦੇ ਗ੍ਰਹਿ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਉੱਤਰਾਖੰਡ ਦੇ ਹਲਦਵਾਨੀ ਨਾਲ ਜੁੜੀ ਇੱਕ ਕਥਿਤ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨ ਲਈ ਉੱਥੇ ਗਏ ਸਨ ਅਤੇ ਮੀਟਿੰਗ ਤੋਂ ਬਾਅਦ ਕੁਝ ਲੋਕਾਂ ਵਲੋਂ ਉਸ ਸਥਾਨ ਤੇ ਗੰਗਾਜਲ ਛਿੜਕ ਕੇ ਕਥਿਤ ਤੌਰ ’ਤੇ ਸ਼ੁੱਧੀਕਰਨ ਕਰਨ ਦੀ ਘਟਨਾ ਸਾਹਮਣੇ ਆਈ। ਕਾਂਗਰਸ ਆਗੂਆਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਨਾਲ ਜਾਤ-ਪਾਤ, ਉੱਚ-ਨੀਚ ਜਾਂ ਸਮਾਜਿਕ ਪਿਛੋਕੜ ਦੇ ਆਧਾਰ ‘ਤੇ ਭੇਦਭਾਵ ਕਰਨਾ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਦੀ ਭਾਵਨਾ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਸਮਾਜਿਕ ਬਰਾਬਰੀ, ਭਾਈਚਾਰੇ ਅਤੇ ਦੇਸ਼ ਦੀ ਏਕਤਾ ਦੇ ਸਿਧਾਂਤਾਂ ’ਤੇ ਖੜ੍ਹੀ ਰਹੀ ਹੈ। ਕਾਂਗਰਸ ਆਗੂਆਂ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਬਣਾਉਣ ਵਿੱਚ ਡਾ. ਭੀਮ ਰਾਓ ਅੰਬੇਡਕਰ ਦਾ ਬਹੁਤ ਵੱਡਾ ਅਤੇ ਇਤਿਹਾਸਕ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਨਿਰਮਾਣ ਦੌਰਾਨ ਦੇਸ਼ ਦੇ ਵੱਖ-ਵੱਖ ਵਰਗਾਂ, ਸਮਾਜਾਂ ਅਤੇ ਜਥੇਬੰਦੀਆਂ ਦੇ ਵਿਚਾਰਾਂ ਅਤੇ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਸਮਾਜ ਦੇ ਕਮਜ਼ੋਰ, ਪਿੱਛੜੇ ਅਤੇ ਵੰਚਿਤ ਵਰਗਾਂ ਨੂੰ ਅਧਿਕਾਰ ਦਿਵਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਔਰਤਾਂ ਨੂੰ ਸਮਾਜ ਵਿੱਚ ਬਰਾਬਰੀ ਦਾ ਦਰਜਾ ਦਿਵਾਉਣ ਲਈ ਵੀ ਲੰਬੇ ਸੰਘਰਸ਼ ਕੀਤੇ ਗਏ। ਕਾਂਗਰਸ ਆਗੂਆਂ ਨੇ ਦਾਅਵਾ ਕੀਤਾ ਕਿ ਜਦੋਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ ਜਨਤਾ ਅਤੇ ਮੀਡੀਆ ਦੇ ਸਾਹਮਣੇ ਉਠਾਇਆ ਤਾਂ ਉਨ੍ਹਾਂ ਖ਼ਿਲਾਫ਼ ਹਲਦਵਾਨੀ ਵਿੱਚ ਐੱਸ. ਸੀ./ਐੱਸ. ਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਆਗੂਆਂ ਨੇ ਇਸ ਕਾਰਵਾਈ ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੋ ਲੋਕ ਸੰਵਿਧਾਨ, ਗਰੀਬਾਂ ਅਤੇ ਸਮਾਜਿਕ ਬਰਾਬਰੀ ਦੀ ਗੱਲ ਕਰਦੇ ਹਨ, ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਕਥਿਤ ਤੌਰ ’ਤੇ ਸ਼ੁੱਧੀਕਰਨ ਦੀ ਘਟਨਾ ਵਾਪਰੀ ਹੈ ਤਾਂ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਕਾਨੂੰਨ ਅਨੁਸਾਰ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਜੋ ਵੀ ਪ੍ਰੋਗਰਾਮ ਜਾਂ ਸੰਘਰਸ਼ ਦੀ ਰੂਪ-ਰੇਖਾ ਤੈਅ ਕੀਤੀ ਜਾਵੇਗੀ, ਉਸ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ। ਖ਼ਾਸ ਤੌਰ ‘ਤੇ ਲੁਧਿਆਣਾ ਜ਼ਿਲ੍ਹੇ ਵਿੱਚ ਵੀ ਕਾਂਗਰਸ ਪਾਰਟੀ ਦੇ ਵਰਕਰ ਅਤੇ ਆਗੂ ਪਾਰਟੀ ਹਾਈਕਮਾਨ ਦੇ ਨਿਰਦੇਸ਼ਾਂ ਅਨੁਸਾਰ ਅੱਗੇ ਦੀ ਕਾਰਵਾਈ ਕਰਨਗੇ। ਇਸ ਸਮੇਂ ਸ਼ਹਿਰੀ ਕਾਂਗਰਸ ਪ੍ਰਧਾਨ ਵਨੀਤ ਅਸ਼ਟ, ਰਾਮ ਪ੍ਰਕਾਸ਼ ਸਿੰਘ ਪੱਪੂ, ਸਾਬਕਾ ਕੌਂਸਲਰ ਨਵਜੀਤ ਸਿੰਘ ਨੈਬ, ਗੁਰਪ੍ਰੀਤ ਸਿੰਘ ਸਮੇਤ ਕਾਂਗਰਸੀ ਆਗੂ ਹਾਜ਼ਰ ਸਨ।