ਦੀਵਾਲੀ ਦੀ ਰਾਤ ਜੀਜਾ-ਸਾਲਿਆਂ ਵਿਚਾਲੇ ਪੁਰਾਣੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ
ਬਠਿੰਡਾ, 9 ਨਵੰਬਰ (ਪੱਤਰ ਪ੍ਰੇਰਕ)-ਦੀਵਾਲੀ ਦੀ ਰਾਤ ਬਠਿੰਡਾ ਦੀ ਬੀੜ ਤਲਾਬ ਬਸਤੀ ਨੰਬਰ-3 ਵਿਚ ਜੀਜਾ ਅਤੇ ਸਾਲਿਆਂ ਵਿਚਾਲੇ ਚੱਲ ਰਹੀ ਪੁਰਾਣੀ ਰੰਜਿਸ਼ ਨੇ ਉਸ ਸਮੇਂ ਗੰਭੀਰ ਰੂਪ ਧਾਰ ਲਿਆ, ਜਦੋਂ ਦੋਵਾਂ ਧਿਰਾਂ ਦੀਆਂ ਗੱਡੀਆਂ ਵਿਚਕਾਰ ਨਰੂਆਣਾ ਰੋਡ ਨੇੜੇ ਬਾਦਲ ਚੌਕ ਕੋਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਸਕਾਰਪੀਓ ਦੀ ਪਿਛਲੀ ਸੀਟ ’ਤੇ ਬੈਠੇ ਇਕ ਨੌਜਵਾਨ ਸੋਨੂੰ ਸਿੰਘ ਦੀ ਮੌਤ ਹੋ ਗਈ, ਜਦਕਿ ਦੋਵਾਂ ਧਿਰਾਂ ਦੇ 7 ਵਿਅਕਤੀ ਜ਼ਖ਼ਮੀ ਹੋ ਗਏ।
ਬਠਿੰਡਾ, 9 ਨਵੰਬਰ (ਪੱਤਰ ਪ੍ਰੇਰਕ)-ਦੀਵਾਲੀ ਦੀ ਰਾਤ ਬਠਿੰਡਾ ਦੀ ਬੀੜ ਤਲਾਬ ਬਸਤੀ ਨੰਬਰ-3 ਵਿਚ ਜੀਜਾ ਅਤੇ ਸਾਲਿਆਂ ਵਿਚਾਲੇ ਚੱਲ ਰਹੀ ਪੁਰਾਣੀ ਰੰਜਿਸ਼ ਨੇ ਉਸ ਸਮੇਂ ਗੰਭੀਰ ਰੂਪ ਧਾਰ ਲਿਆ, ਜਦੋਂ ਦੋਵਾਂ ਧਿਰਾਂ ਦੀਆਂ ਗੱਡੀਆਂ ਵਿਚਕਾਰ ਨਰੂਆਣਾ ਰੋਡ ਨੇੜੇ ਬਾਦਲ ਚੌਕ ਕੋਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਸਕਾਰਪੀਓ ਦੀ ਪਿਛਲੀ ਸੀਟ ’ਤੇ ਬੈਠੇ ਇਕ ਨੌਜਵਾਨ ਸੋਨੂੰ ਸਿੰਘ ਦੀ ਮੌਤ ਹੋ ਗਈ, ਜਦਕਿ ਦੋਵਾਂ ਧਿਰਾਂ ਦੇ 7 ਵਿਅਕਤੀ ਜ਼ਖ਼ਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜੀਪ ਅਤੇ ਸਕਾਰਪੀਓ ਦੋਵੇਂ ਸੜਕ ’ਤੇ ਪਲਟ ਗਈਆਂ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨੂੰ ਵਾਸੀ ਬੀੜ ਤਲਾਬ ਦਾ ਚਚੇਰਾ ਭਰਾ ਗੁਰਸੇਵਕ ਸਿੰਘ ਜਿਸ ਦਾ ਵਿਆਹ ਡੱਬਵਾਲੀ ਹੋਇਆ ਸੀ। ਗੁਰਸੇਵਕ ਸਿੰਘ ਦੇ ਸਾਲੇ ਜੋ ਕਿ ਬੀੜ ਤਲਾਬ ਬਸਤੀ ਵਿਖੇ ਜੀਪ ਰਾਹੀ ਆਏ ਸਨ। ਇਸ ਦੌਰਾਨ ਦੋਵੇਂ ਧੀਰਾ ਵਿਚ ਕਿਸੇ ਗੱਲ ਨੂੰ ਲੈ ਕੇ ਆਪਸੀ ਵਿਵਾਦ ਵੱਧ ਗਿਆ। ਜਦੋਂ ਡੱਬਵਾਲੀ ਦੇ ਰਹਿਣ ਵਾਲੇ ਤਿੰਨੇ ਜੀਪ ਵਿਚ ਸਵਾਰ ਹੋ ਕੇ ਡੱਬਵਾਲੀ ਵੱਲ ਵਾਪਸ ਜਾਣ ਲੱਗੇ, ਤਾਂ ਗੁਰਸੇਵਕ ਸਿੰਘ ਵੀ ਆਪਣੇ ਚਚੇਰੇ ਭਰਾਵਾਂ ਸੋਨੂੰ ਸਿੰਘ, ਆਪਣੇ ਸਾਥੀਆ ਸਮੇਤ ਸਕਾਰਪੀਓ ਵਿਚ ਸਵਾਰ ਹੋ ਕੇ ਉਨ੍ਹਾਂ ਦਾ ਪਿੱਛਾ ਕਰਨ ਲੱਗ ਪਿਆ। ਨਰੂਆਣਾ ਰੋਡ ਨੇੜੇ ਬਾਦਲ ਚੌਂਕ ਕੋਲ ਦੋਵਾਂ ਧਿਰਾਂ ਦੀਆਂ ਗੱਡੀਆਂ ਇੱਕ-ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਨ ਲੱਗੀਆਂ। ਇਸ ਦੌਰਾਨ ਜੀਪ ਅਤੇ ਸਕਾਰਪੀਓ ਦੀ ਆਪਸ ਵਿਚ ਜ਼ੋਰਦਾਰ ਟੱਕਰ ਹੋ ਗਈ। ਟੱਕਰ ਕਾਰਨ ਸਕਾਰਪੀਓ ਸੜਕ ਦੇ ਵਿਚਕਾਰ ਪਲਟ ਗਈ, ਜਦਕਿ ਜੀਪ ਵੀ ਦੂਜੇ ਪਾਸੇ ਜਾ ਕੇ ਪਲਟ ਗਈ। ਹਾਦਸੇ ਵਿਚ ਦੋਵਾਂ ਗੱਡੀਆਂ ਵਿਚ ਸਵਾਰ ਵਿਅਕਤੀ ਜ਼ਖ਼ਮੀ ਹੋ ਗਏ, ਜਦਕਿ ਸਕਾਰਪੀਓ ਦੀ ਪਿਛਲੀ ਸੀਟ ’ਤੇ ਬੈਠੇ ਸੋਨੂੰ ਸਿੰਘ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ। ਸਾਰੇ ਜ਼ਖ਼ਮੀਆਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਗਿਆ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ। ਡੀਐੱਸਪੀ ਦਿਹਾਤੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਜੇ ਤੱਕ ਪੁਲਿਸ ਕੋਲ ਬਿਆਨ ਦਰਜ ਨਹੀਂ ਕਰਵਾਏ ਗਏ ਹਨ। ਉਨ੍ਹਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵਲੋਂ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਨੌਜਵਾਨ ਦੀ ਮੌਤ ਸੜਕ ਹਾਦਸੇ ਕਾਰਨ ਹੋਈ ਹੈ ਜਾਂ ਇਸ ਘਟਨਾ ਪਿੱਛੇ ਕੋਈ ਹੋਰ ਅਪਰਾਧਿਕ ਪਹਿਲੂ ਵੀ ਹੈ।