‘ਅਧਿਆਪਕ ਦਿਵਸ’ ਮੌਕੇ ਬਲਾਕ ਬਠਿੰਡਾ ਦੇ ਬੀਪੀਈਓ ਲਖਵਿੰਦਰ ਸਿੰਘ ਨੂੰ ਮਿਲੇਗਾ ‘ਐਡਮਿਨਸਟ੍ਰੇਟਿਵ ਸਟੇਟ ਐਵਾਰਡ’
ਬਠਿੰਡਾ, 4 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਪ੍ਰਾਇਮਰੀ ਸਿੱਖਿਆ ਦੇ ਖੇਤਰ ਵਿਚ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਠਿੰਡਾ ਲਖਵਿੰਦਰ ਸਿੰਘ ਨੂੰ ‘ਅਧਿਆਪਕ ਦਿਵਸ’ ਮੌਕੇ ਪੰਜਾਬ ਸਰਕਾਰ ਵਲੋਂ ‘ਐਡਮਿਨਸਟੇ੍ਰਟਿਵ (ਪ੍ਰਸ਼ਾਸਨਿਕ) ਸਟੇਟ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਐੱਮ.
ਬਠਿੰਡਾ, 4 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਪ੍ਰਾਇਮਰੀ ਸਿੱਖਿਆ ਦੇ ਖੇਤਰ ਵਿਚ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਠਿੰਡਾ ਲਖਵਿੰਦਰ ਸਿੰਘ ਨੂੰ ‘ਅਧਿਆਪਕ ਦਿਵਸ’ ਮੌਕੇ ਪੰਜਾਬ ਸਰਕਾਰ ਵਲੋਂ ‘ਐਡਮਿਨਸਟੇ੍ਰਟਿਵ (ਪ੍ਰਸ਼ਾਸਨਿਕ) ਸਟੇਟ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਐੱਮ.ਏ. (ਅੰਗਰੇਜ਼ੀ) ਅਤੇ ਬੀ.ਐੱਡ. ਯੋਗਤਾ ਪ੍ਰਾਪਤ ਲਖਵਿੰਦਰ ਸਿੰਘ ਨੇ ਆਪਣੀ ਕੁਸ਼ਲ ਅਗਵਾਈ ਅਤੇ ਦੂਰਅੰਦੇਸ਼ੀ ਨਾਲ ਬਲਾਕ ਬਠਿੰਡਾ ਵਿਚ ਪ੍ਰਾਇਮਰੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਹਿਮ ਉਪਰਾਲੇ ਕੀਤੇ। ਵਿਭਾਗੀ ਟ੍ਰੇਨਿੰਗਾਂ ਰਾਹੀਂ ਖ਼ੁਦ ਨੂੰ ਅੱਪਡੇਟ ਰੱਖਣ ਦੇ ਨਾਲ ਉਨ੍ਹਾਂ ਵਲੋਂ ਬਲਾਕ ਦੇ ਅਧਿਆਪਕਾਂ ਲਈ ਆਧੁਨਿਕ ਸਿਖਲਾਈਆਂ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੀ ਪ੍ਰੇਰਨਾ ਸਦਕਾ ਬਲਾਕ ਦੇ ਰਿਕਾਰਡ ਗਿਣਤੀ ਬੱਚਿਆਂ ਦੀ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੋਣ ਹੋਈ। ਇਸ ਤੋਂ ਇਲਾਵਾ ਸਕੂਲਾਂ ਵਿਚ ਰੀਡਿੰਗ ਕਾਰਨਰ, ਸਮਾਰਟ ਪੈਨਲ, ਕੰਪਿਊਟਰ ਲੈਬਾਂ, ਲਿਸਨਿੰਗ ਲੈਬਾਂ ਅਤੇ ਵਿੱਦਿਅਕ ਪਾਰਕਾਂ ਵਰਗੀਆਂ ਆਧੁਨਿਕ ਸਹੂਲਤਾਂ ਵਿਕਸਿਤ ਕਰਵਾ ਕੇ ਸਿੱਖਿਆ ਦੇ ਮਾਹੌਲ ਨੂੰ ਹੋਰ ਬਿਹਤਰ ਬਣਾਇਆ ਗਿਆ। ਖੇਡਾਂ ਦੇ ਖੇਤਰ ਵਿਚ ਵੀ ਬਲਾਕ ਬਠਿੰਡਾ ਨੇ ਉਨ੍ਹਾਂ ਦੀ ਅਗਵਾਈ ਹੇਠ ਲਗਾਤਾਰ ਦੋ ਸਾਲ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਓਵਰਆਲ ਟਰਾਫ਼ੀ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸੂਬਾ ਪੱਧਰ ’ਤੇ ਵੀ ਨਾਮ ਰੌਸ਼ਨ ਕੀਤਾ। ਲਖਵਿੰਦਰ ਸਿੰਘ ਵੱਲੋਂ ਅਧਿਆਪਕਾਂ, ਮਾਪਿਆਂ ਅਤੇ ਕਮਿਊਨਿਟੀ ਨੂੰ ਸਿੱਖਿਆ ਤੇ ਬੱਚਿਆਂ ਦੀਆਂ ਪ੍ਰਾਪਤੀਆਂ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਹੈ। ‘ਅਧਿਆਪਕ ਦਿਵਸ’ ਮੌਕੇ ਅਧਿਆਪਕਾਂ ਅਤੇ ਪ੍ਰਾਪਤੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਮਨੋਬਲ ਵਧਾਉਣ ਵਿਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ। ਸਾਹਿੱਤਿਕ ਖੇਤਰ ਵਿਚ ਵੀ ਰੁਚੀ ਰੱਖਣ ਵਾਲੇ ਲਖਵਿੰਦਰ ਸਿੰਘ ਦੀ ਪ੍ਰੇਰਨਾ ਨਾਲ ‘ਨਵੀਆਂ ਕਲਮਾਂ, ਨਵੀਂ ਉਡਾਣ’ ਪ੍ਰੋਜੈਕਟ ਤਹਿਤ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਰਚਨਾਵਾਂ ਨੂੰ ਕਿਤਾਬੀ ਰੂਪ ਦਿੱਤਾ ਗਿਆ। ਪ੍ਰਾਇਮਰੀ ਸਿੱਖਿਆ, ਖੇਡਾਂ, ਸਾਹਿੱਤ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਖੇਤਰ ਵਿਚ ਨਿਭਾਈਆਂ ਇਨ੍ਹਾਂ ਸੇਵਾਵਾਂ ਦੇ ਮੱਦੇਨਜ਼ਰ ਲਖਵਿੰਦਰ ਸਿੰਘ ਦੀ ‘ਪ੍ਰਸ਼ਾਸਨਿਕ ਐਵਾਰਡ-2026’ ਲਈ ਚੋਣ ਹੋਈ ਹੈ। ਉਨ੍ਹਾਂ ਨੂੰ ਅਧਿਆਪਕ ਦਿਵਸ ਮੌਕੇ ਇਹ ਵੱਕਾਰੀ ਸਨਮਾਨ ਪ੍ਰਦਾਨ ਕੀਤਾ ਜਾਵੇਗਾ।