ਨਵੇਂ ਨੋਟਾਂ ਦੀ ਕਥਿਤ ਕਾਲਾਬਾਜ਼ਾਰੀ ਦੀ ਜਾਂਚ ਕਰਵਾਉਣ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ
ਮੱਖੂ, 20 ਨਵੰਬਰ (ਵਰਿੰਦਰ ਮਨਚੰਦਾ)-ਵਿਆਹਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਨਵੇਂ ਕਰੰਸੀ ਨੋਟਾਂ ਦੀ ਮੰਗ ਵਿਚ ਵਾਧਾ ਹੋਣ ਕਾਰਨ ਬਾਜ਼ਾਰਾਂ ਵਿਚ ਇਨ੍ਹਾਂ ਦੀ ਵੱਧ ਕੀਮਤ ਵਸੂਲਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਆਹ ਸਮਾਗਮਾਂ ਦੌਰਾਨ ਲਾੜੇ ਨੂੰ ਸ਼ਗਨ ਵਜੋਂ ਨੋਟਾਂ ਦੇ ਹਾਰ ਪਾਉਣ ਦੀ ਰਵਾਇਤ ਕਾਰਨ ਨਵੇਂ ਨੋਟਾਂ ਦੀ ਮੰਗ ਕਾਫ਼ੀ ਵਧ ਜਾਂਦੀ ਹੈ।
ਭ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾਈ ਆਗੂ ਲਖਵਿੰਦਰ ਸਿੰਘ ਪੀਰ ਮੁਹੰਮਦ।
21-11-2026
ਮੱਖੂ, 20 ਨਵੰਬਰ (ਵਰਿੰਦਰ ਮਨਚੰਦਾ)-ਵਿਆਹਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਨਵੇਂ ਕਰੰਸੀ ਨੋਟਾਂ ਦੀ ਮੰਗ ਵਿਚ ਵਾਧਾ ਹੋਣ ਕਾਰਨ ਬਾਜ਼ਾਰਾਂ ਵਿਚ ਇਨ੍ਹਾਂ ਦੀ ਵੱਧ ਕੀਮਤ ਵਸੂਲਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਆਹ ਸਮਾਗਮਾਂ ਦੌਰਾਨ ਲਾੜੇ ਨੂੰ ਸ਼ਗਨ ਵਜੋਂ ਨੋਟਾਂ ਦੇ ਹਾਰ ਪਾਉਣ ਦੀ ਰਵਾਇਤ ਕਾਰਨ ਨਵੇਂ ਨੋਟਾਂ ਦੀ ਮੰਗ ਕਾਫ਼ੀ ਵਧ ਜਾਂਦੀ ਹੈ। ਇਸੇ ਮੰਗ ਦਾ ਲਾਹਾ ਲੈਂਦਿਆਂ ਕੁੱਝ ਦੁਕਾਨਦਾਰਾਂ ਵਲੋਂ ਨੋਟਾਂ ਦੇ ਅਸਲ ਮੁੱਲ ਤੋਂ ਵੱਧ ਰਕਮ ਲੈਣ ਦੇ ਦੋਸ਼ ਲੱਗ ਰਹੇ ਹਨ। ਦੂਜੇ ਪਾਸੇ ਬੈਂਕਾਂ ਵਿਚ ਨਵੇਂ ਨੋਟ ਨਾ ਮਿਲਣ ਦੀਆਂ ਸ਼ਿਕਾਇਤਾਂ ਕਾਰਨ ਆਮ ਲੋਕਾਂ ਵਿਚ ਇਸ ਪ੍ਰਬੰਧ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਹਨ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾਈ ਆਗੂ ਲਖਵਿੰਦਰ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਵਿਆਹਾਂ ਵਾਲੇ ਪਰਿਵਾਰਾਂ ਨੂੰ ਸ਼ਗਨ ਦੇ ਹਾਰ ਤਿਆਰ ਕਰਵਾਉਣ ਲਈ ਨੋਟਾਂ ਦੀ ਅਸਲ ਕੀਮਤ ਨਾਲੋਂ ਕਾਫ਼ੀ ਵੱਧ ਪੈਸੇ ਦੇਣੇ ਪੈ ਰਹੇ ਹਨ। ਉਨ੍ਹਾਂ ਅਨੁਸਾਰ 1000 ਰੁਪਏ ਦੇ ਨੋਟਾਂ ਨਾਲ ਤਿਆਰ ਕੀਤੇ ਜਾਣ ਵਾਲੇ ਹਾਰ ਲਈ 1500 ਰੁਪਏ ਤੋਂ ਵੱਧ ਅਤੇ 2000 ਰੁਪਏ ਦੇ ਨੋਟਾਂ ਵਾਲੇ ਹਾਰ ਲਈ ਲਗਭਗ 3000 ਰੁਪਏ ਤੱਕ ਵਸੂਲਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਾਰ ਬਣਾਉਣ ਅਤੇ ਸਜਾਵਟ ਕਰਨ ਦੀ ਮਿਹਨਤ ਦਾ ਖ਼ਰਚਾ ਵੱਖਰਾ ਹੋ ਸਕਦਾ ਹੈ, ਪਰ ਇਸ ਦੇ ਨਾਂਅ ’ਤੇ ਬੇਹੱਦ ਵਾਧੂ ਰਕਮ ਲੈਣਾ ਆਮ ਲੋਕਾਂ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਦੱਸਿਆ ਕਿ 10 ਰੁਪਏ ਦੇ 100 ਨਵੇਂ ਨੋਟਾਂ ਦੀ ਗੁੱਟੀ ਬਾਜ਼ਾਰ ਵਿਚ ਕਰੀਬ 1400 ਰੁਪਏ ਵਿਚ ਵੇਚੇ ਜਾਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਪੁਰਾਣੇ ਪਰ ਸਹੀ ਹਾਲਤ ਵਾਲੇ 10 ਰੁਪਏ ਦੇ 100 ਨੋਟਾਂ ਦੀ ਗੁੱਟੀ ਵੀ ਲਗਭਗ 1250 ਰੁਪਏ ਵਿਚ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਹੋਰ ਦੱਸਿਆ ਕਿ 20 ਰੁਪਏ ਦੇ 100 ਨਵੇਂ ਨੋਟਾਂ ਦੀ ਗੁੱਟੀ ਲਈ ਲਗਭਗ 2300 ਰੁਪਏ ਵਸੂਲਣ ਦੇ ਦੋਸ਼ ਹਨ। ਉਨ੍ਹਾਂ ਕਿਹਾ ਕਿ ਵਿਆਹਾਂ ਦੇ ਮੌਕੇ ਪਹਿਲਾਂ ਹੀ ਪਰਿਵਾਰਾਂ ਨੂੰ ਵੱਡੇ ਖ਼ਰਚਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਜਿਹੀ ਸਥਿਤੀ ਵਿਚ ਨੋਟਾਂ ਦੀ ਵਧੀ ਹੋਈ ਕੀਮਤ ਉਨ੍ਹਾਂ ਲਈ ਹੋਰ ਮੁਸ਼ਕਿਲ ਪੈਦਾ ਕਰ ਰਹੀ ਹੈ। ਇਸ ਮਾਮਲੇ ਵਿਚ ਬੈਂਕਾਂ ਅਤੇ ਬਾਜ਼ਾਰਾਂ ਦਰਮਿਆਨ ਨਵੇਂ ਨੋਟਾਂ ਦੀ ਸਪਲਾਈ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਕਿਸਾਨ ਆਗੂ ਨੇ ਮੰਗ ਕੀਤੀ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਜਦੋਂ ਬੈਂਕਾਂ ਵਿਚ ਨਵੇਂ ਨੋਟਾਂ ਦੀ ਉਪਲਬਧਤਾ ਨਾ ਹੋਣ ਦੀ ਗੱਲ ਕਹੀ ਜਾਂਦੀ ਹੈ ਤਾਂ ਬਾਜ਼ਾਰਾਂ ਵਿਚ ਵੱਡੀ ਮਾਤਰਾ ’ ਚ ਇਹ ਨੋਟ ਕਿੱਥੋਂ ਪਹੁੰਚ ਰਹੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਾਜ਼ਾਰਾਂ ਵਿਚ ਨੋਟਾਂ ਦੀ ਵਿੱਕਰੀ ਅਤੇ ਵਸੂਲੀ ਜਾ ਰਹੀ ਵਾਧੂ ਰਕਮ ਦੀ ਜਾਂਚ ਕੀਤੀ ਜਾਵੇ।