ਦੋ ਵਿਧਾਇਕ ਉਡੀਕਦੇ ਰਹੇ, ਮੀਟਿੰਗ ਲਈ ਨਹੀ ਪਹੁੰਚੇ ਬਲਾਕ ਸੰਮਤੀ ਚੇਅਰਮੈਨ ਅਤੇ ਮੈਂਬਰ
ਵਿਧਾਨ ਸਭਾ ਹਲਕੇ ਫ਼ਿਰੋਜਪੁਰ ਦਿਹਾਤੀ ਅਤੇ ਗੁਰੂਹਰਸਹਾਏ ਅੰਦਰ ਖਿੱਚੋਤਾਣੀ ਖੁੱਲ੍ਹ ਕੇ ਆਈ ਸਾਹਮਣੇ
ਮਮਦੋਟ, 3 ਨਵੰਬਰ (ਰਾਜਿੰਦਰ ਸਿੰਘ ਹਾਂਡਾ,ਸੁਖਦੇਵ ਸਿੰਘ ਸੰਗਮ)-ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਮਦੋਟ ਦੇ ਦਫ਼ਤਰ ਵਿਖੇ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਮੀਟਿੰਗ ਦਾ ਸਮਾਂ 11 ਵਜੇ ਦਾ ਨਿਰਧਾਰਿਤ ਕੀਤਾ ਗਿਆ ਸੀ। ਇਸ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਹਲਕਾ ਫ਼ਿਰੋਜਪੁਰ ਦਿਹਾਂਤੀ ਤੋਂ ਵਿਧਾਇਕ ਰਜਨੀਸ਼ ਕੁਮਾਰ ਦਹੀਯਾ ਅਤੇ ਹਲਕਾ ਗੁਰੂਹਰਸਹਾਏ ਤੋਂ ਵਿਧਾਇਕ ਫ਼ੌਜਾ ਸਿੰਘ ਸਰਾਰੀ ਸਬੰਧਿਤ ਦਫ਼ਤਰ ਵਿਖੇ ਪਹੁੰਚ ਗਏ।
ਮਮਦੋਟ, 3 ਨਵੰਬਰ (ਰਾਜਿੰਦਰ ਸਿੰਘ ਹਾਂਡਾ,ਸੁਖਦੇਵ ਸਿੰਘ ਸੰਗਮ)-ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਮਦੋਟ ਦੇ ਦਫ਼ਤਰ ਵਿਖੇ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਮੀਟਿੰਗ ਦਾ ਸਮਾਂ 11 ਵਜੇ ਦਾ ਨਿਰਧਾਰਿਤ ਕੀਤਾ ਗਿਆ ਸੀ। ਇਸ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਹਲਕਾ ਫ਼ਿਰੋਜਪੁਰ ਦਿਹਾਂਤੀ ਤੋਂ ਵਿਧਾਇਕ ਰਜਨੀਸ਼ ਕੁਮਾਰ ਦਹੀਯਾ ਅਤੇ ਹਲਕਾ ਗੁਰੂਹਰਸਹਾਏ ਤੋਂ ਵਿਧਾਇਕ ਫ਼ੌਜਾ ਸਿੰਘ ਸਰਾਰੀ ਸਬੰਧਿਤ ਦਫ਼ਤਰ ਵਿਖੇ ਪਹੁੰਚ ਗਏ। ਸੂਤਰਾਂ ਅਨੁਸਾਰ ਵਿਧਾਇਕ ਆਪਣੇ-ਆਪਣੇ ਕੁੱਝ ਖ਼ਾਸਮਖ਼ਾਸ ਸਰਪੰਚਾਂ ਨੂੰ ਬਲਾਕ ਸੰਮਤੀ ਦੇ ਫ਼ੰਡ ਵਿਚੋਂ ਗ੍ਰਾਂਟਾ ਦੇ ਗੱਫੇ ਦਿਵਾਉਣ ਲਈ ਮਤਾ ਪਵਾਉਣਾ ਚਾਹੁੰਦੇ ਸਨ। ਜਿਵੇਂ ਹੀ ਵਿਧਾਇਕਾਂ ਦੇ ਦਫ਼ਤਰ ਪਹੁੰਚਣ ਦਾ ਬਲਾਕ ਸੰਮਤੀ ਚੇਅਰਮੈਨ ਅਤੇ ਬਲਾਕ ਸੰਮਤੀ ਮੈਂਬਰਾਂ ਨੂੰ ਪਤਾ ਚੱਲਿਆਂ ਤਾਂ ਚੇਅਰਮੈਨ,ਉਪ ਚੇਅਰਮੈਨ ਅਤੇ ਬਲਾਕ ਸੰਮਤੀ ਦੇ ਬਹੁਤੇ ਮੈਂਬਰ ਮੀਟਿੰਗ ਲਈ ਨਹੀ ਪਹੁੰਚੇ। ਵਿਧਾਇਕਾਂ ਵਲੋਂ ਆਪਣੇ ਨਿੱਜੀ ਸਹਾਇਕਾਂ ਰਾਹੀ ਮੈਂਬਰਾਂ ਨੂੰ ਮੀਟਿੰਗ ਵਿਚ ਪਹੁੰਚਣ ਲਈ ਕੀਤੇ ਗਏ ਫੋਨਾਂ ਤੋਂ ਬਾਅਦ ਕੋਈ ਦੋ-ਤਿੰਨ ਮੈਂਬਰ ਮੀਟਿੰਗ ਸਥਾਨ ’ਤੇ ਪਹੁੰਚ ਗਏ, ਜਦਕਿ ਬਲਾਕ ਸੰਮਤੀ ਦੇ ਚੇਅਰਮੈਨ, ਉਪ ਚੇਅਰਮੈਨ ਅਤੇ ਬਹੁਗਿਣਤੀ ਮੈਂਬਰਾਂ ਦੇ ਨਾ ਪਹੁੰਚਣ ਕਾਰਨ ਆਖ਼ਰਕਾਰ ਮੀਟਿੰਗ ਰੱਦ ਕਰਨੀ ਪਈ। ਸੂਤਰਾਂ ਦੀ ਮੰਨੀਏ ਤਾਂ ਬਲਾਕ ਸੰਮਤੀ ਚੇਅਰਮੈਨ ਅਤੇ ਮੈਂਬਰ ਮੀਟਿੰਗ ਲਈ ਦਫ਼ਤਰ ਦੇ ਨਜ਼ਦੀਕ ਪਹੁੰਚ ਗਏ ਸਨਪਰੰਤੂ ਵਿਧਾਇਕਾਂ ਦੇ ਆਪਣੇ ਖ਼ਾਸਮਖ਼ਾਸ ਸਰਪੰਚਾਂ ਸਮੇਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਵਿਚ ਪਹੁੰਚੇ ਹੋਣ ਦੀ ਕਨਸੋਅ ਮਿਲਣ ’ਤੇ ਚੇਅਰਮੈਨ ਅਤੇ ਬਲਾਕ ਸੰਮਤੀ ਮੈਂਬਰ ਮੀਟਿੰਗ ਤੋਂ ਕਿਨਾਰਾ ਕਰ ਗਏ,ਜਿਸ ਨਾਲ ਸੱਤਾਧਾਰੀ ਧਿਰ ਵਿਚ ਬਗ਼ਾਵਤ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਬਲਾਕ ਸੰਮਤੀ ਚੋਣਾਂ ਮੌਕੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਅੰਦਰ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਇਕ ਵੀ ਮੈਂਬਰ ਨਹੀ ਜਿੱਤ ਸਕਿਆ ਸੀ, ਸਾਰੀਆਂ ਹੀ ਸੀਟਾਂ ਸ਼੍ਰੋਮਣੀ ਅਕਾਲੀ ਦਲ ਅਤੇ ਰਮਿੰਦਰ ਸਿੰਘ ਆਂਵਲਾ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਜਿੱਤ ਗਈ ਸੀ, ਵਿਧਾਨਸਭਾ ਹਲਕਾ ਫ਼ਿਰੋਜਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਜਿੱਤੇ ਮੈਂਬਰ ਦੋ ਧੜਿਆਂ ਵਿਚ ਵੰਡੇ ਹੋਣ ਕਾਰਨ ਇਕ ਧੜਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਦੀ ਹਮਾਇਤ ਨਾਲ ਚੇਅਰਮੈਨ ਬਣਨ ਵਿਚ ਕਾਮਯਾਬ ਹੋ ਗਿਆ ਸੀ,ਜਦਕਿ ਉਪ ਚੇਅਰਮੈਨ ਦਾ ਅਹੁਦਾ ਕਾਂਗਰਸ ਪਾਰਟੀ ਦੇ ਹਿੱਸੇ ਆਇਆ ਸੀ। ਉਸ ਵਕਤ ਤੋਂ ਹੀ ਬਲਾਕ ਸੰਮਤੀ ਚੇਅਰਮੈਨ,ਉਪ ਚੇਅਰਮੈਨ ਅਤੇ ਮੈਂਬਰ ਦੋਵਾਂ ਵਿਧਾਇਕਾਂ ਦੀ ਬੇਲੋੜੀ ਦਖ਼ਲਅੰਦਾਜ਼ੀ ਸਹਿਣ ਨਹੀ ਕਰ ਰਹੇ ਸਨ। ਅੱਜ ਦੋਵਾਂ ਵਿਧਾਇਕਾਂ ਦੀ ਹਾਜ਼ਰੀ ਕਾਰਨ ਬਲਾਕ ਸੰਮਤੀ ਦੀ ਮੀਟਿੰਗ ਰੱਦ ਹੋਣ ਕਾਰਨ ਅੰਦਰਖਾਤੇ ਚੱਲ ਰਹੀ ਖਿੱਚੋਤਾਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ।