ਦੁਲਚੀ ਕੇ ’ਚ ਚੋਰਾਂ ਦਾ ਕਹਿਰ, ਇਕੋ ਦਿਨ 3 ਮੋਟਰਾਂ ਅਤੇ ਤਾਰਾਂ ਚੋਰੀ
ਫ਼ਿਰੋਜ਼ਪੁਰ, 1 ਸਤੰਬਰ (ਗੁਰਿੰਦਰ ਸਿੰਘ)-ਥਾਣਾ ਸਦਰ ਅਧੀਨ ਪੈਂਦੇ ਪਿੰਡ ਦੁਲਚੀ ਕੇ ਦੇ ਨਿਹੰਗਾਂ ਵਾਲੇ ਝੁੱਗੇ ਵਿਚ ਸਥਿਤ ਖੇਤੀਬਾੜੀ ਵਾਲੀ ਜ਼ਮੀਨ ’ਚੋਂ ਚੋਰਾਂ ਵਲੋਂ ਇਕੋ ਦਿਨ ਵਿਚ ਤਿੰਨ ਮੋਟਰਾਂ, ਬਿਜਲੀ ਦੀਆਂ ਤਾਰਾਂ ਚੋਰੀ ਕਰਨ ਤੋਂ ਇਲਾਵਾ ਦੋ ਕਮਰਿਆਂ ਦੇ ਤਾਲੇ ਤੋੜ ਦਿੱਤੇ ਗਏ। ਵਾਰ-ਵਾਰ ਹੋ ਰਹੀਆਂ ਚੋਰੀਆਂ ਕਾਰਨ ਇਲਾਕੇ ਦੇ ਕਿਸਾਨਾਂ ਵਿਚ ਭਾਰੀ ਰੋਸ ਅਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਫ਼ਿਰੋਜ਼ਪੁਰ, 1 ਸਤੰਬਰ (ਗੁਰਿੰਦਰ ਸਿੰਘ)-ਥਾਣਾ ਸਦਰ ਅਧੀਨ ਪੈਂਦੇ ਪਿੰਡ ਦੁਲਚੀ ਕੇ ਦੇ ਨਿਹੰਗਾਂ ਵਾਲੇ ਝੁੱਗੇ ਵਿਚ ਸਥਿਤ ਖੇਤੀਬਾੜੀ ਵਾਲੀ ਜ਼ਮੀਨ ’ਚੋਂ ਚੋਰਾਂ ਵਲੋਂ ਇਕੋ ਦਿਨ ਵਿਚ ਤਿੰਨ ਮੋਟਰਾਂ, ਬਿਜਲੀ ਦੀਆਂ ਤਾਰਾਂ ਚੋਰੀ ਕਰਨ ਤੋਂ ਇਲਾਵਾ ਦੋ ਕਮਰਿਆਂ ਦੇ ਤਾਲੇ ਤੋੜ ਦਿੱਤੇ ਗਏ। ਵਾਰ-ਵਾਰ ਹੋ ਰਹੀਆਂ ਚੋਰੀਆਂ ਕਾਰਨ ਇਲਾਕੇ ਦੇ ਕਿਸਾਨਾਂ ਵਿਚ ਭਾਰੀ ਰੋਸ ਅਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪਿੰਡ ਕੁਤਬੇ ਵਾਲਾ ਵਾਸੀ ਰੁਪਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਨੇ ਦੱਸਿਆ ਕਿ 31 ਅਗਸਤ 2026 ਨੂੰ ਚੋਰਾਂ ਨੇ ਨਿਹੰਗਾਂ ਵਾਲੇ ਝੁੱਗੇ ਵਿਚ ਵਾਰਦਾਤ ਨੂੰ ਅੰਜਾਮ ਦਿੰਦਿਆਂ ਤਿੰਨ ਮੋਟਰਾਂ ਸਮੇਤ ਤਾਰਾਂ ਚੋਰੀ ਕਰ ਲਈਆਂ ਅਤੇ ਦੋ ਕਮਰਿਆਂ ਦੇ ਤਾਲੇ ਤੋੜ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 20 ਮਾਰਚ 2026 ਨੂੰ ਵੀ ਚੋਰਾਂ ਵਲੋਂ ਤਿੰਨ ਮੋਟਰਾਂ ਅਤੇ ਟ੍ਰਾਂਸਫਾਰਮਰ ਚੋਰੀ ਕੀਤੇ ਗਏ ਸਨ। ਕਿਸਾਨਾਂ ਦਾ ਦੋਸ਼ ਹੈ ਕਿ ਦੋਵੇਂ ਘਟਨਾਵਾਂ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਗਈਆਂ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਕਿਸਾਨਾਂ ਨੇ ਕਿਹਾ ਕਿ ਲਗਾਤਾਰ ਚੋਰੀਆਂ ਅਤੇ ਕਥਿਤ ਤੌਰ ’ਤੇ ਕਾਰਵਾਈ ਨਾ ਹੋਣ ਕਾਰਨ ਚੋਰਾਂ ਦੇ ਹੌਸਲੇ ਵਧ ਰਹੇ ਹਨ। ਜਦਕਿ ਖੇਤੀਬਾੜੀ ’ਤੇ ਨਿਰਭਰ ਕਿਸਾਨਾਂ ਲਈ ਮੋਟਰਾਂ ਅਤੇ ਹੋਰ ਸਾਜ਼ੋ-ਸਾਮਾਨ ਦੀ ਚੋਰੀ ਵੱਡੀ ਆਰਥਿਕ ਮਾਰ ਸਾਬਤ ਹੋ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਖੇਤੀਬਾੜੀ ਹੀ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਮੁੱਖ ਸਾਧਨ ਹੈ ਅਤੇ ਜੇਕਰ ਖੇਤਾਂ ਵਿਚੋਂ ਮੋਟਰਾਂ, ਤਾਰਾਂ ਅਤੇ ਹੋਰ ਸਾਮਾਨ ਇਸੇ ਤਰ੍ਹਾਂ ਚੋਰੀ ਹੁੰਦਾ ਰਿਹਾ ਤਾਂ ਉਨ੍ਹਾਂ ਲਈ ਖੇਤੀ ਕਰਨਾ ਅਤੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਜਾਵੇਗਾ। ਰੁਪਿੰਦਰ ਸਿੰਘ, ਜੋਗਾ ਸਿੰਘ, ਤਰਲੋਕ ਸਿੰਘ, ਕੁਲਬੀਰ ਸਿੰਘ, ਮੇਜਰ ਸਿੰਘ, ਟਹਿਲ ਸਿੰਘ, ਵਿਰਸਾ ਸਿੰਘ, ਦਵਿੰਦਰ ਸਿੰਘ ਅਤੇ ਅਮਰੀਕ ਸਿੰਘ ਸਮੇਤ ਹੋਰ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਚੋਰਾਂ ਦੀ ਜਲਦ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇ, ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਜਾਵੇ ਅਤੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਖੇਤਾਂ ਵਿਚ ਚੋਰੀਆਂ ਨੂੰ ਠੱਲ੍ਹ ਨਾ ਪਈ ਤਾਂ ਕਿਸਾਨਾਂ ਵਿਚ ਪੁਲਿਸ ਪ੍ਰਸ਼ਾਸਨ ਪ੍ਰਤੀ ਰੋਸ ਹੋਰ ਵਧ ਸਕਦਾ ਹੈ।