ਲੌਂਗੋਵਾਲ, 5 ਅਕਤੂਬਰ (ਵਿਨੋਦ, ਖੰਨਾ) - ਪੀ.ਐਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਲੌਂਗੋਵਾਲ ਵਿਖੇ ਗਾਂਧੀ ਜੈਅੰਤੀ ਅਤੇ ਸ਼ਾਸਤਰੀ ਜੈਅੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਦੀਵੇ ਜਗਾਉਣ ਅਤੇ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਦੀਆਂ ਤਸਵੀਰਾਂ ‘ਤੇ ਫੁੱਲ ਮਾਲਾਵਾਂ ਭੇਟ ਕਰਨ ਨਾਲ ਹੋਈ। ਇਸ ਮੌਕੇ ਵਿਦਿਆਰਥੀਆਂ ਨੇ ਕਵਿਤਾਵਾਂ ਅਤੇ ਭਾਸ਼ਨਾਂ ਰਾਹੀਂ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਦੇ ਜੀਵਨ, ਵਿਚਾਰਾਂ ਅਤੇ ਯੋਗਦਾਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਪੋਸਟ ਗ੍ਰੈਜੂਏਟ ਅਧਿਆਪਕ ਸੁਨੀਲ ਕੁਮਾਰ ਨੇ ਦੋਵਾਂ ਮਹਾਨ ਪੁਰਸ਼ਾਂ ਦੇ ਸੰਘਰਸ਼, ਕੁਰਬਾਨੀਆਂ , ਸਾਦਗੀ ਅਤੇ ਦੇਸ਼ ਪ੍ਰਤੀ ਸੇਵਾ ‘ਤੇ ਚਾਨਣਾ ਪਾਇਆ, ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਦਰਸ਼ਾਂ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਪ੍ਰਿੰਸੀਪਲ ਸ੍ਰੀ ਖੇਮਚੰਦ ਨੇ ਮਹਾਤਮਾ ਗਾਂਧੀ ਦੀ ਆਤਮਕਥਾ, “ਸੱਚ ਦੇ ਨਾਲ ਪ੍ਰਯੋਗ” ਤੋਂ ਪ੍ਰੇਰਨਾਦਾਇਕ ਕਿੱਸੇ ਸਾਂਝੇ ਕੀਤੇ, ਜਿਸ ਵਿੱਚ ਸੱਚਾਈ, ਸਵੈ-ਅਨੁਸ਼ਾਸਨ ਅਤੇ ਪ੍ਰਤੀਕੂਲ ਹਾਲਾਤਾਂ ਵਿੱਚ ਦ੍ਰਿੜਤਾ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਵਿਦਿਅਕ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਭਾਗੀਦਾਰਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।