01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਬੇਸਹਾਰਾ ਪਸ਼ੂ ਹੁਣ ਲੋਕਾਂ ਨੂੰ ਘਰਾਂ ’ਚ ਵੜ ਕੇ ਟੱਕਰਾਂ ਮਾਰਨ ਲੱਗੇ/ਕਈ ਜ਼ਖਮੀ

ਮਾਲੇਰਕੋਟਲਾ, 30 ਸਤੰਬਰ (ਮਨਜਿੰਦਰ ਸਿੰਘ ਸਰੌਦ) - ਪੰਜਾਬ ’ਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਜਿੱਥੇ ਇਹ ਬੇਸਹਾਰਾ ਪਸ਼ੂ ਕਿਸਾਨਾਂ ਦੀ ਫ਼ਸਲ ਨੂੰ ਬਰਬਾਦ ਕਰਦੇ ਹਨ, ਉੱਥੇ ਹੀ ਇਨ੍ਹਾਂ ਵਲੋਂ ਆਏ ਦਿਨ ਲੋਕਾਂ ਨੂੰ ਨਿਸ਼ਾਨਾ ਬਣਾ ਕਈ ਮਨੁੱਖੀ ਜਾਨਾਂ ਨੂੰ ਖਤਰੇ ’ਚ ਪਾਇਆ ਜਾ ਰਿਹਾ ਹੈ ।

ਅਜੀਤ ਡੈਸਕ 01-10-2026
ਮਾਲੇਰਕੋਟਲਾ, 30 ਸਤੰਬਰ (ਮਨਜਿੰਦਰ ਸਿੰਘ ਸਰੌਦ) - ਪੰਜਾਬ ’ਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਜਿੱਥੇ ਇਹ ਬੇਸਹਾਰਾ ਪਸ਼ੂ ਕਿਸਾਨਾਂ ਦੀ ਫ਼ਸਲ ਨੂੰ ਬਰਬਾਦ ਕਰਦੇ ਹਨ, ਉੱਥੇ ਹੀ ਇਨ੍ਹਾਂ ਵਲੋਂ ਆਏ ਦਿਨ ਲੋਕਾਂ ਨੂੰ ਨਿਸ਼ਾਨਾ ਬਣਾ ਕਈ ਮਨੁੱਖੀ ਜਾਨਾਂ ਨੂੰ ਖਤਰੇ ’ਚ ਪਾਇਆ ਜਾ ਰਿਹਾ ਹੈ । ਹੁਣ ਇਹ ਬੇਸਹਾਰਾ ਪਸ਼ੂ, ਖਾਸ ਕਰ ਢੱਠੇ ਪਿੰਡਾਂ ’ਚ ਖੁਲ੍ਹੇਆਮ ਫਿਰ ਰਹੇ ਹਨ, ਜਿਨ੍ਹਾਂ ਵਲੋਂ ਪਿੰਡਾਂ ਅੰਦਰ ਲੋਕਾਂ ਦੇ ਘਰਾਂ ’ਚ ਜਾ ਕੇ ਲੋਕਾਂ ਨੂੰ ਟੱਕਰਾਂ ਮਾਰ ਕੇ ਗੰਭੀਰ ਰੂਪ ’ਚ ਜ਼ਖ਼ਮੀ ਕੀਤਾ ਜਾ ਰਿਹਾ ਹੈ । ਪਿੰਡਾਂ ਦੀਆਂ ਬੀਹੀਆਂ ਤੇ ਗਲੀਆਂ ਅੰਦਰ ਹਰਲ-ਹਰਲ ਕਰਦੇ ਭੂਸਰੇ ਢੱਠੇ ਜਿੱਥੇ ਇਨਸਾਨੀ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ ’ਚ ਧੱਕ ਰਹੇ ਹਨ, ਉੱਥੇ ਹੀ ਇਹ ਲੋਕਾਂ ਦੇ ਬੰਨ੍ਹੇ ਪਸ਼ੂਆਂ ਨੂੰ ਵੀ ਨਿਸ਼ਾਨਾ ਬਣਾ ਕੇ ਹਮਲਾ ਕਰਦੇ ਹਨ । ਬੀਤੇ ਦਿਨਾਂ ਤੋਂ ਪਿੰਡ ਸਰੌਦ ਦੇ ਅੰਦਰ ਬੇਸਹਾਰਾ ਪਸ਼ੂਆਂ ਦਾ ਕਹਿਰ ਜਾਰੀ ਹੈ । ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਸਰੌਦ ਦੇ ਵਾਸੀਆਂ ਪ੍ਰਧਾਨ ਨਰਿੰਦਰ ਸਿੰਘ, ਪ੍ਰਗਟ ਸਿੰਘ, ਪ੍ਰਧਾਨ ਨਰੰਗ ਸਿੰਘ, ਮੇਜਰ ਸਿੰਘ, ਸੁਖਵਿੰਦਰ ਸਿੰਘ, ਗੁਰਮੁਖ ਸਿੰਘ ਆਦਿ ਨੇ ਦੱਸਿਆ ਕਿ ਪੂਰੇ ਪਿੰਡ ਵਾਸੀਆਂ ਲਈ ਦਹਿਸ਼ਤ ਦਾ ਦੂਜਾ ਨਾਮ ਬਣਿਆ ਇਕ ਭੂਸਰਿਆ ਢੱਠਾ ਪਿਛਲੇ 20 ਦਿਨਾਂ ਤੋਂ ਪਿੰਡ ਵਾਸੀਆਂ ਲਈ ‘ਜਾਨ ਦਾ ਖੌਅ’ ਬਣਿਆ ਪ੍ਰਤੀਤ ਹੁੰਦਾ ਹੈ। ਉਸ ਢੱਠੇ ਨੇ ਪਿੰਡ ਦੇ ਕਈ ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਕੀਤਾ ਹੈ । ਇਸ ਤੋਂ ਇਲਾਵਾ ਇਸ ਢੱਠੇ ਨੇ ਲੰਘਣ ਵਾਲੇ ਰਾਹਗੀਰਾਂ ’ਤੇ ਵੀ ਹਮਲਾ ਕੀਤਾ, ਉਨ੍ਹਾਂ ਵਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ। ਪਿੰਡ ਦੇ ਬਹੁਤ ਸਾਰੇ ਲੋਕ ਸਵੇਰ ਵੇਲੇ ਗੁਰਦੁਆਰਾ ਸਾਹਿਬਾਨ ਜਾਣ ਵੇਲੇ ਇਸ ਢੱਠੇ ਤੋਂ ਖੌਫ਼ਜ਼ਦਾ ਹੋ ਕੇ ਗੁਜ਼ਰ ਰਹੇ ਹਨ । ਸਵੇਰ ਵੇਲੇ ਸੈਰ ’ਤੇ ਜਾਣ ਵਾਲਿਆਂ ਦੀ ਵੀ ਜਾਨ ਸੁਖਾਲੀ ਨਹੀਂ ਹੈ । ਹੈਰਾਨੀ ਦੀ ਗੱਲ ਤਾਂ ਉਸ ਵੇਲੇ ਹੋਈ ਜਦੋਂ ਭੂਸਰੇ ਢੱਠੇ ਨੇ ਪਿੰਡ ਦੇ ਇੱਕ ਘਰ ਅੰਦਰ ਵੜ੍ਹ ਕੇ ਇੱਕ ਬਜ਼ੁਰਗ ਨੂੰ ਨਿਸ਼ਾਨਾ ਬਣਾ ਕੇ ਗੰਭੀਰ ਰੂਪ ਜ਼ਖਮੀ ਕਰ ਦਿੱਤਾ । ਪਿੰਡ ਵਾਸੀਆਂ ਨੇ ਆਖਿਆ ਕਿ ਚੰਗਾ ਹੋਵੇ ਜੇਕਰ ਇਨ੍ਹਾਂ ਬੇਸਹਾਰਾ ਪਸ਼ੂਆਂ ਦਾ ਹੱਲ ਹੋਵੇ ਤੇ ਉਨ੍ਹਾਂ ਦੀ ਜਾਨ ਸੁਖਾਲੀ ਹੋਵੇ । ਉਧਰ ਦੂਜੇ ਪਾਸੇ ਕਿਸਾਨਾਂ ਨੂੰ ਆਪਣੀ ਫਸਲਾਂ ਦੀ ਰਾਖੀ ਲਈ ਖੇਤਾਂ ਦੀ ਪਹਿਰੇਦਾਰੀ ਕਰਨੀ ਪੈ ਰਹੀ ਹੈ । ਕਿਸਾਨ ਭਾਈਚਾਰਾ ਰਾਦ ਦਿਨ ਖੇਤਾਂ ਦੇ ਅੰਦਰ ਆਪਣੀ ਫਸਲ ਨੂੰ ਬੇਸਹਾਰਾ ਪਸ਼ੂਆਂ ਤੋਂ ਬਚਾਉਣ ਲਈ ਪਹਿਰਾ ਦੇ ਰਿਹਾ ਹੈ । ਪਸ਼ੂਆਂ ਦੇ ਹਰ ਮਾਮਲੇ ’ਤੇ ਲਾਈਵ ਹੋਣ ਵਾਲੇ ਸੱਜਣ ਹੁਣ ਪਤਾ ਨਹੀਂ ਇਸ ਅਹਿਮ ਮਸਲੇ ’ਤੇ ਚੁੱਪ ਕਿਉਂ ਹਨ । ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗ ਨੂੰ ਵੀ ਚਾਹੀਦਾ ਹੈ ਕਿ ਮਨੁੱਖੀ ਜਿੰਦਗੀਆਂ ਨੂੰ ਬਚਾਉਣ ਦੇ ਲਈ ਇਨ੍ਹਾਂ ਬੇਸਹਾਰਾ ਪਸ਼ੂਆਂ ਦਾ ਕੋਈ ਪੁਖਤਾ ਹੱਲ ਕੀਤਾ ਜਾਵੇ ।
ਪਿਛਲੀ ਖ਼ਬਰ ਭਰਤੀ ਫਾਈਲ ਰੋਕਣ ਦੇ ਵਿਰੋਧ ’ਚ ਦਿੜ੍ਹਬਾ ਵਿਖੇ ਕੀਤਾ ਵਿਅੰਗਾਤਮਕ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ’ਚ ਝੋਨੇ ਦੀ ਖ਼ਰੀਦ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।