ਧਰਮਕੋਟ, 20 ਅਕਤੂਬਰ (ਪਰਮਜੀਤ ਸਿੰਘ)-ਐਸ. ਐਫ. ਸੀ. ਕਾਨਵੈਂਟ ਸਕੂਲ ਜਲਾਲਾਬਾਦ (ਪੂਰਬ) ਵਿਖੇ ‘ਰਾਮ-ਲੀਲ੍ਹਾ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਸੀ. ਐਮ. ਡੀ. ਅਭਿਸ਼ੇਕ ਜਿੰਦਲ ਅਤੇ ਸ੍ਰੀਮਤੀ ਸਰੋਜ ਰਾਣੀ ਜਿੰਦਲ ਵਲੋਂ ਕਰਵਾਈ ਗਈ। ਰਾਮ-ਲੀਲ੍ਹਾ ਦੇ ਤਹਿਤ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਨਾਲ ਸਬੰਧਿਤ ਸੁੰਦਰ ਲੀਲਾਵਾਂ ਨੂੰ ਪੇਸ਼ ਕੀਤਾ ਗਿਆ। ਰਾਮ-ਰਾਵਣ ਯੁੱਧ ਅਤੇ ਸ੍ਰੀ ਰਾਮ ਚੰਦਰ ਜੀ ਦੀ ਅਯੁੱਧਿਆ ਵਾਪਸੀ ਵਰਗੇ ਮਨਮੋਹਕ ਦ੍ਰਿਸ਼ ਪੇਸ਼ ਕੀਤੇ ਗਏ। ਇਸ ਮੌਕੇ ਪ੍ਰਿੰਸੀਪਲ ਮਨੀਸ਼ਾ ਕੌਸ਼ਿਕ ਨੇ ਵਿਦਿਆਰਥੀਆਂ ਨੂੰ ਰਾਮ-ਲੀਲ੍ਹਾ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਰਾਮ-ਲੀਲ੍ਹਾ ਵਰਗੇ ਨਾਟਕ ਉਨ੍ਹਾਂ ਨੂੰ ਅਸਲ ਜੀਵਨ ਦੇ ਕਈ ਮਹੱਤਵਪੂਰਨ ਸਬਕ ਸਿਖਾਉਂਦੇ ਹਨ। ਇਸ ਮੌਕੇ ਸਕੂਲ ਦੇ ਸੀ. ਐਮ. ਡੀ. ਅਭਿਸ਼ੇਕ ਜਿੰਦਲ, ਸ਼ੀਨਮ ਜਿੰਦਲ ਅਤੇ ਸਰੋਜ ਰਾਣੀ ਜਿੰਦਲ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।