ਠੱਠੀ ਭਾਈ, 19 ਅਕਤੂਬਰ (ਜਗਰੂਪ ਸਿੰਘ ਮਠਾੜੂ)-ਐਸ.ਬੀ.ਬੀ.ਐਸ. ਪਬਲਿਕ ਸਕੂਲ ਸੁਖਾਨੰਦ ਵਿਖੇ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਾਇੰਸ ਦੇ ਨਾਲ ਆਰਟ ਐਂਡ ਕਰਾਫਟ ਵਿਭਾਗ ਵਲੋਂ ਵਿਦਿਆਰਥੀਆਂ ਦੀਆਂ ਕਲਾ ਕਿਰਤੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਸਾਇੰਸ ਦੇ ਵੱਖ-ਵੱਖ ਵਰਕਿੰਗ ਮਾਡਲ ਜਿਵੇਂ ਕਿ ਸੋਲਰ ਸਿਸਟਮ, ਵਾਟਰ ਸਾਈਕਲ, ਰੇਨ ਵਾਟਰ ਹਾਰਵੈਸਟਿੰਗ ਅਤੇ ਹੋਰ ਵਿਗਿਆਨਕ ਤਜਰਬੇ ਪੇਸ਼ ਕੀਤੇ ਗਏ। ਇਸ ਦੇ ਨਾਲ ਹੀ ਆਰਟ ਐਂਡ ਕਰਾਫਟ ਵਿਭਾਗ ਦੇ ਬੱਚਿਆਂ ਵਲੋਂ ਵੇਸਟ ਮੈਟੀਰੀਅਲ ਤੋਂ ਬਣਾਈਆਂ ਕਲਾ ਕਿਰਤੀਆਂ, ਪੇਂਟਿੰਗਾਂ ਅਤੇ ਹੱਥਾਂ ਨਾਲ ਬਣਾਈਆਂ ਖੂਬਸੂਰਤ ਵਸਤੂਆਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਮੈਡਮ ਨੇ ਸਾਰੇ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਸਕੂਲ ਹਮੇਸ਼ਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ|