28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਪਾਕਿਸਤਾਨ ਗਏ ਸ਼ਰਧਾਲੂ ਬਿਕਰ ਸਿੰਘ ਨੇ ਪਰਿਵਾਰ ਨੂੰ ਭੇਜੀਆਂ ਸਹੀ-ਸਲਾਮਤ ਹੋਣ ਦੀਆਂ ਤਸਵੀਰਾਂ

ਪਰਿਵਾਰਕ ਮੈਂਬਰਾਂ ਨੇ ਕੀਤੀ ਪੁਸ਼ਟੀ-ਬਿੱਕਰ ਸਿੰਘ ਬਿਲਕੁਲ ਠੀਕ-ਠਾਕ ਹੈ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਨੇ

ਪਾਕਿਸਤਾਨ ਤੋਂ ਪਰਿਵਾਰ ਨੂੰ ਭੇਜੀ ਗਈ ਤਾਜ਼ਾ ਤਸਵੀਰ ਵਿੱਚ ਸਹੀ-ਸਲਾਮਤ ਦਿਖਾਈ ਦੇ ਰਹੇ ਸ਼ਰਧਾਲੂ ਬਿੱਕਰ ਸਿੰਘ। ਤਸਵੀਰ : ਤਜਿੰਦਰ ਕੁਮਾਰ 28-11-2026

ਬਿਲਗਾ (ਜਲੰਧਰ), 27 ਨਵੰਬਰ (ਤਜਿੰਦਰ ਕੁਮਾਰ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਸਿੱਖ ਸ਼ਰਧਾਲੂਆਂ ਦੇ ਜਥੇ ’ਚੋਂ ਲਾਪਤਾ ਦੱਸੇ ਜਾ ਰਹੇ ਪਿੰਡ ਲੱਧੜ ਕਲਾਂ ਤਹਿਸੀਲ ਫਿਲੌਰ (ਜਲੰਧਰ) ਦੇ ਸ਼ਰਧਾਲੂ ਬਿੱਕਰ ਸਿੰਘ ਪੁੱਤਰ ਗੁਰਦਾਸ ਰਾਮ ਦੇ ਪਰਿਵਾਰਕ ਮੈਂਬਰਾਂ ਨੇ ਸਪੱਸ਼ਟ ਕੀਤਾ ਹੈ ਕਿ ਬਿਕਰ ਸਿੰਘ ਬਿਲਕੁਲ ਸਹੀ-ਸਲਾਮਤ ਹਨ। ਬਿਕਰ ਸਿੰਘ ਨੇ ਪਾਕਿਸਤਾਨ ਤੋਂ ਆਪਣੇ ਪਰਿਵਾਰ ਨੂੰ ਤਾਜ਼ਾ ਤਸਵੀਰਾਂ ਵੀ ਭੇਜੀਆਂ ਹਨ, ਜਿਸ ਨਾਲ ਸਾਰੀਆਂ ਅਫ਼ਵਾਹਾਂ ’ਤੇ ਵਿਰਾਮ ਲੱਗ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਤੋਂ 2,339 ਸਿੱਖ ਸ਼ਰਧਾਲੂਆਂ ਦਾ ਜਥਾ 22 ਨਵੰਬਰ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪਹੁੰਚਿਆ ਸੀ, ਜਿਸ ਵਿੱਚੋਂ 25 ਨਵੰਬਰ ਨੂੰ ਜਥੇ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਲਈ ਰਵਾਨਾ ਹੋਣ ਸਮੇਂ ਬਿਕਰ ਸਿੰਘ ਸਮੇਤ ਪੰਜਾਬ ਦੇ ਤਿੰਨ ਸ਼ਰਧਾਲੂਆਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਇਸ ਸਬੰਧੀ ਪਿੰਡ ਲੱਧੜ ਕਲਾਂ ਵਿਖੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਬਿਕਰ ਸਿੰਘ ਨਾਲ ਲਗਾਤਾਰ ਫ਼ੋਨ ‘ਤੇ ਗੱਲਬਾਤ ਹੋ ਰਹੀ ਹੈ ਅਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਦੂਜੇ ਪਾਸੇ, ਬਿਕਰ ਸਿੰਘ ਨੇ ਵੀ ਕਿਹਾ ਕਿ ਉਨ੍ਹਾਂ ਦੇ ਲਾਪਤਾ ਹੋਣ ਸਬੰਧੀ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ 10 ਦਿਨਾਂ ਦੇ ਜਾਇਜ਼ ਵੀਜ਼ੇ ‘ਤੇ ਪਾਕਿਸਤਾਨ ਆਏ ਹੋਏ ਹਨ ਅਤੇ 1 ਜਾਂ 2 ਦਸੰਬਰ ਨੂੰ ਵਾਪਸ ਆਪਣੇ ਪਿੰਡ ਪਰਤ ਆਉਣਗੇ। ਪਿੰਡ ਵਾਸੀ ਸਤਵੀਰ ਸਿੰਘ ਨੇ ਵੀ ਬਿਕਰ ਸਿੰਘ ਨਾਲ ਹੋਈ ਗੱਲਬਾਤ ਅਤੇ ਉਨ੍ਹਾਂ ਦੇ ਠੀਕ-ਠਾਕ ਹੋਣ ਦੀ ਪੁਸ਼ਟੀ ਕੀਤੀ ਹੈ।

ਪਿਛਲੀ ਖ਼ਬਰ ‘ਆਪ’ ਸਰਕਾਰ ਦੌਰਾਨ ਸੂਬੇ ਨੂੰ 2 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ-ਅਮਨ ਅਰੋੜਾ ਅਗਲੀ ਖ਼ਬਰ ਪਾਰਲਰ ’ਤੇ ਕੁੜੀਆਂ ਦੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਇਕ ਲੜਕੀ ਦੇ ਪਿਤਾ ਦਾ ਕਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।