ਤਿੰਨ ਦਿਨਾਂ ਚੀਫ਼ ਖ਼ਾਲਸਾ ਦੀਵਾਨ ਦੀ 69ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ਸਮਾਪਤ ਅਗਲੀ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਸ੍ਰੀ ਅੰਮ੍ਰਿਤਸਰ ਵਿਖੇ ਕਰਵਾਉਣ ਦਾ ਐਲਾਨ
ਬਟਾਲਾ, 21 ਨਵੰਬਰ (ਸਤਿੰਦਰ ਸਿੰਘ)-ਚੀਫ਼ ਖ਼ਾਲਸਾ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਟਾਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾਡ਼ੇ ਨੂੰ ਸਮਰਪਿਤ ਤਿੰਨ ਦਿਨਾਂ 69ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਅੱਜ ਸਫਲਤਾ ਸਹਿਤ ਸੰਪੂਰਨ ਹੋਈ। ਕਾਨਫਰੰਸ ਦੇ ਪਹਿਲੇ ਦਿਨ ਨਗਰ ਕੀਰਤਨ, ਨੁਮਾਇਸ਼ਾਂ ਦੇ ਉਦਘਾਟਨ ਅਤੇ ਕੀਰਤਨ ਦਰਬਾਰ ਕਰਵਾਏ ਗਏ।
ਬਟਾਲਾ, 21 ਨਵੰਬਰ (ਸਤਿੰਦਰ ਸਿੰਘ)-ਚੀਫ਼ ਖ਼ਾਲਸਾ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਟਾਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾਡ਼ੇ ਨੂੰ ਸਮਰਪਿਤ ਤਿੰਨ ਦਿਨਾਂ 69ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਅੱਜ ਸਫਲਤਾ ਸਹਿਤ ਸੰਪੂਰਨ ਹੋਈ। ਕਾਨਫਰੰਸ ਦੇ ਪਹਿਲੇ ਦਿਨ ਨਗਰ ਕੀਰਤਨ, ਨੁਮਾਇਸ਼ਾਂ ਦੇ ਉਦਘਾਟਨ ਅਤੇ ਕੀਰਤਨ ਦਰਬਾਰ ਕਰਵਾਏ ਗਏ। ਦੂਸਰੇ ਦਿਨ ਵੱਖ-ਵੱਖ ਵਿਸ਼ਿਆਂ ਦੇ ਸੈਮੀਨਾਰ ਹੋਏ ਅਤੇ ਦੇਰ ਸ਼ਾਮ ਸਕੂਲ ਕੈਂਪਸ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ 200 ਸੀ.ਕੇ.ਡੀ. ਵਿੱਦਿਆਰਥੀਆਂ ਵਲੋਂ ਭਾਵ ਪੂਰਨ ਲਾਈਟ ਐਂਡ ਸਾਊਂਡ ਸ਼ੋਅ ਪੇਸ਼ ਕੀਤਾ ਗਿਆ, ਜਿਸ ਵਿਚ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਕਲਸੀ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਮੇਅਰ ਭੁਪਿੰਦਰ ਸਿੰਘ ਬਾਜਵਾ, ਚੇਅਰਮੈਨ ਮਾਣਿਕ ਮਹਿਤਾ, ਚੇਅਰਮੈਨ ਯਸਪਾਲ ਚੋਹਾਨ, ਡਿਪਟੀ ਡੀ.ਈ.ਓ. ਸ੍ਰੀ ਅਨਿਲ ਸ਼ਰਮਾ, ਬਾਬਾ ਤਰਨਜੀਤ ਸਿੰਘ ਖਾਲਸਾ ਨਿੱਕੇ ਘੁਮਣ ਵਾਲੇ, ਬਾਬਾ ਸੁਖਵਿੰਦਰ ਸਿੰਘ ਅਤੇ ਹੋਰਨਾਂ ਉੱਘੀਆਂ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਕਾਨਫ਼ਰੰਸ ਦੇ ਆਖਰੀ ਦਿਨ ਮੁੱਖ ਕਾਨਫ਼ਰੰਸ ਦਾ ਆਰੰਭ ਗੁਰੂ ਸਾਹਿਬ ਦਾ ਓਟ ਆਸਰਾ ਲੈਂਦਿਆਂ ਸ਼ਬਦ ਗਾਇਨ ਨਾਲ ਕੀਤਾ ਗਿਆ। ਮੁੱਖ ਕਾਨਫ਼ਰੰਸ ’ਚ ਸਾਬਕਾ ਸੰਸਦ ਮੈਂਬਰ ਨਿਊਜ਼ੀਲੈਂਡ ਅਤੇ ਉੱਘੇ ਸਮਾਜਕ ਆਗੂ ਕੰਵਲਜੀਤ ਸਿੰਘ ਬਖ਼ਸ਼ੀ ਨੇ ਮੁੱਖ ਮਹਿਮਾਨ ਵਜੋਂ ਪੁੱਜ ਕੇ ਕਾਨਫ਼ਰੰਸ ਦੀ ਸ਼ੋਭਾ ਵਧਾਈ, ਜਦ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬ੍ਰੇਲ ਲਿਪੀ ਵਿਚ ਉਤਾਰਾ ਕਰਨ ਵਾਲੇ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਅਤੇ ਪ੍ਰਸਿੱਧ ਅਕਾਦਮਿਕ ਖੋਜਕਾਰ ਡਾ. ਸਤਿਪ੍ਰੀਤ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਾਨਫ਼ਰੰਸ ਵਿਚ ਹਾਜ਼ਰ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਚੀਫ਼ ਖ਼ਾਲਸਾ ਦੀਵਾਨ ਦੇ ਇਤਿਹਾਸ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ. ਸਰਬਜੀਤ ਸਿੰਘ ਛੀਨਾ ਨੇ ਐਜੂਕੇਸਨ ਕਮੇਟੀ ਦੀ ਸੰਖੇਪ ਰਿਪੋਰਟ ਪੇਸ਼ ਕੀਤੀ ਅਤੇ ਮੀਤ ਪ੍ਰਧਾਨ/ਸਵਾਗਤੀ ਕਮੇਟੀ ਦੇ ਚੇਅਰਮੈਨ ਸੰਤੋਖ ਸਿੰਘ ਸੇਠੀ ਨੇ 1908 ਤੋਂ ਸ਼ੁਰੂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸਾਂ ਦੇ ਸ਼ਾਨਦਾਰ ਇਤਿਹਾਸ ਬਾਬਤ ਦੱਸਿਆ। ਮੁੱਖ ਮਹਿਮਾਨ ਕੰਵਲਜੀਤ ਸਿੰਘ ਬਖ਼ਸ਼ੀ ਨੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਹੇਠ ਚੀਫ਼ ਖ਼ਾਲਸਾ ਦੀਵਾਨ ਵਲੋਂ ਦੇਸ਼ ਅਤੇ ਕੌਮ ਦੀ ਕੀਤੀ ਜਾ ਰਹੀ ਸੇਵਾ ਦੀ ਸ਼ਾਲਾਘਾ ਕੀਤੀ। ਚੀਫ਼ ਖ਼ਾਲਸਾ ਦੀਵਾਨ ਵਲੋਂ ਕਾਨਫ਼ਰੰਸ ’ਚ ਪੁੱਜੀਆਂ ਉੱਘੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨਾਂ ਵਿਚ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਗੁਰਮੇਜ ਸਿੰਘ, ਅਕਾਦਮਿਕ ਖੋਜਕਾਰ ਸਤਿਪ੍ਰੀਤ ਸਿੰਘ, ਐਕਸੀਲੀਓਬਿਟਸ ਦੇ ਸੰਸਥਾਪਕ ਅਤੇ ਸੀ.ਈ.ਓ. ਬੀਰਿੰਦਰ ਸਿੰਘ, ਸੇਵਾ, ਸਿੱਖਿਆ ਅਤੇ ਗੁਰਮਤਿ ਪ੍ਰਚਾਰ ਨੂੰ ਸਮਰਪਿਤ ਨਿਰਮਲ ਸਿੰਘ, ਸਮਾਜ ਸੇਵਕ ਰਜਿੰਦਰ ਸਿੰਘ, ਸੀਨੀਅਰ ਸਪੇਸ ਵਿਗਿਆਨਕ ਮਹਿੰਦਰਪਾਲ ਸਿੰਘ, ਫਰਾਂਸ ਤੋ ਉੱਘੇ ਸਮਾਜ ਸੇਵਕ ਇਕਬਾਲ ਸਿੰਘ ਭੱਟੀ, ਭਾਰਤੀ ਹਾਕੀ ਟੀਮ ਦੇ ਮੈਂਬਰ ਜਰਮਨਪ੍ਰੀਤ ਸਿੰਘ, ਦਿੱਲੀ 1984 ਸਿੱਖ ਕਤਲੇਆਮ ਦੀ ਪੀੜ੍ਹਤ ਅਤੇ ਗਵਾਹ ਸ੍ਰੀਮਤੀ ਨਿਰਪ੍ਰੀਤ ਕੌਰ, ਮੁਖੀ ਧਰਮ ਅਧਿਐਨ ਵਿਭਾਗ ਖਾਲਸਾ ਯੂਨੀਵਰਸਿਟੀ, ਅੰਮ੍ਰਿਤਸਰ ਡਾ. ਇੰਦਰਜੀਤ ਸਿੰਘ ਗੋਗੋਆਣੀ ਸ਼ਾਮਲ ਸਨ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਨਰਸਿੰਗ ਕਾਲਜ ਦੀ ਪ੍ਰਿੰਸੀਪਲ ਡਾ. ਯਸ਼ਪ੍ਰੀਤ ਕੌਰ ਨੇ ਬਹੁਤ ਹੀ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਸ਼ਹਾਦਤ ਦੇ ਫ਼ਲਸਫ਼ੇ ਦੀ ਗੱਲ ਕਰਦਿਆਂ ਅਜੋਕੇ ਸਮੇਂ ਵਿਚ ਵਿੱਦਿਅਕ ਅਦਾਰਿਆਂ ਅੰਦਰ ਸ਼ਹੀਦੀ ਸ਼ਤਾਬਦੀਆਂ ਅਤੇ ਹੋਰ ਇਤਿਹਾਸਕ ਦਿਹਾੜੇ ਮਨਾਉਣ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਐਜੂਕੇਸ਼ਨ ਕਮੇਟੀ ਅਤੇ ਹੋਰਨਾਂ ਸੰਸਥਾਵਾਂ ਦਾ ਇਤਿਹਾਸ ਅਤੇ ਪ੍ਰਾਪਤੀਆਂ ਦਾ ਵੇਰਵਾ ਦਰਸਾਉਂਦਾ ਸੋਵੀਨਾਰ ਜਾਰੀ ਕੀਤਾ ਗਿਆ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਵਲੋਂ ਕਾਨਫਰੰਸ ਦੇ ਮਤੇ ਪੇਸ਼ ਕੀਤੇ ਗਏ। ਇਸ ਮੌਕੇ ਗਿਆਨੀ ਚੇਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ/ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਵਲੋਂ ਹੱਥ ਲਿਖਤ ਕਿਤਾਬ ‘‘ਜੀਵਨੀ ਸਿੰਘ ਸਾਹਿਬ ਗਿਆਨੀ ਚੇਤ ਸਿੰਘ’’ ਲੋਕ ਅਰਪਣ ਕੀਤੀ ਗਈ। ਉਪਰੰਤ ਅਗਲੀ ਸਿੱਖ ਵਿੱਦਿਅਕ ਕਾਨਫਰੰਸ ਦੀ ਮੰਗ ਅਤੇ ਕੌਮੀ ਫੰਡ ਲਈ ਅਪੀਲ ਕੀਤੀ ਗਈ। ਚੀਫ਼ ਖ਼ਾਲਸਾ ਦੀਵਾਨ ਵਲੋਂ ਅਗਲੀ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਸ੍ਰੀ ਅੰਮ੍ਰਿਤਸਰ ਵਿਖੇ ਕਰਵਾਉਣ ਦਾ ਐਲਾਨ ਕੀਤਾ ਗਿਆ। ਸਟੇਜ਼ ਸਕੱਤਰ ਦੀ ਭੂਮਿਕਾ ਪ੍ਰਿੰਸੀਪਲ ਯਸ਼ਪ੍ਰੀਤ ਕੌਰ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਆਨਰੇਰੀ ਸਕੱਤਰ ਰਮਣੀਕ ਸਿੰਘ, ਐਡੀ. ਆਨਰੇਰੀ ਸਕੱਤਰ/ਮੁੱਖ ਦਫ਼ਤਰ ਮੈਂਬਰ ਇੰਚਾਰਜ ਹਰਵਿੰਦਰ ਪਾਲ ਸਿੰਘ ਚੁੱਘ, ਐਡੀ. ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਐਡੀ. ਆਨਰੇਰੀ ਸਕੱਤਰ ਹਰਜੀਤ ਸਿੰਘ, ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ ਡਾ. ਸਰਬਜੀਤ ਸਿੰਘ ਛੀਨਾ, ਐਡੀ. ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ ਡਾ. ਮਨਮੋਹਨ ਸਿੰਘ, ਐਡੀ. ਆਨਰੇਰੀ ਸਕੱਤਰ ਅਜੈੂਕੇਸ਼ਨਲ ਕਮੇਟੀ ਕੁਲਜੀਤ ਸਿੰਘ, ਸਿੰਘ ਬ੍ਰਦਰਜ਼, ਸਕੂਲ ਮੈਂਬਰ ਇੰਚਾਰਜ ਏ.ਪੀ. ਐਸ ਮਾਨ, ਜਗੀਰ ਸਿੰਘ, ਮਨਪ੍ਰੀਤ ਸਿੰਘ, ਡਾਇਰੈਕਟਰ ਡਾ. ਏ.ਪੀ. ਐਸ ਚਾਵਲਾ, ਡਿਪਟੀ ਡਾਇਰੈਕਟਰ ਸ੍ਰੀਮਤੀ ਉਰਮਿੰਦਰ ਕੌਰ, ਪ੍ਰਿੰਸੀਪਲ ਬਟਾਲਾ ਸ੍ਰੀਮਤੀ ਹਰਮੀਤ ਕੌਰ, ਪ੍ਰਿੰਸੀਪਲ ਮਧੂ ਸਾਵਲ ਸ੍ਰੀ ਹਰਗੋਬਿੰਦਪੁਰ ਸਾਹਿਬ, ਤਰਲੋਚਨ ਸਿੰਘ, ਗੁਰਭੇਜ ਸਿੰਘ, ਹਰਮਨਜੀਤ ਸਿੰਘ, ਮੋਹਨਜੀਤ ਸਿੰਘ ਭੱਲਾ ਅਤੇ ਵੱਡੀ ਗਿਣਤੀ ਵਿਚ ਦੀਵਾਨ ਮੈਂਬਰ, ਸੀ.ਕੇ.ਡੀ. ਸਕੂਲਾਂ ਦੇ ਪ੍ਰਿੰਸੀਪਲ, ਵਿਦਿਆਰਥੀ, ਸਟਾਫ ਅਤੇ ਸੰਗਤਾਂ ਹਾਜ਼ਰ ਸਨ।