ਫਗਵਾਡ਼ਾ ਦੀ ਮਹਿਲਾ ਡਾਕਟਰ ਦੀ ਇੰਗਲੈਂਡ ’ਚ ਘਰ ਨੂੰ ਅੱਗ ਲੱਗਣ ਕਾਰਨ ਹੋਈ ਮੌਤ
ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
ਫਗਵਾਡ਼ਾ, 5 ਨਵੰਬਰ (ਹਰਜੋਤ ਸਿੰਘ ਚਾਨਾ)-ਇੰਗਲੈਂਡ ਵਿਚ ਇਕ ਘਰ ਨੂੰ ਲੱਗੀ ਭਿਆਨਕ ਅੱਗ ਕਾਰਨ ਫਗਵਾਡ਼ਾ ਦੀ ਜੰਮਪਲ ਡਾਕਟਰ ਸ਼ਿਵਾਨੀ ਦੀ ਮੌਤ ਹੋਣ ਨਾਲ ਫਗਵਾਡ਼ਾ ਦੇ ਮੈਡੀਕਲ ਜਗਤ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌਡ਼ ਗਈ ਹੈ। ਇਸ ਘਟਨਾ ਨੂੰ ਲੈ ਕੇ ਮ੍ਰਿਤਕਾ ਦੇ ਪਰਿਵਾਰ ਵਲੋਂ ਸਹੁਰੇ ਪਰਿਵਾਰ ’ਤੇ ਘਰੇਲੂ ਤਸ਼ੱਦਦ ਅਤੇ ਸਾਜ਼ਿਸ਼ ਦੇ ਗੰਭੀਰ ਦੋਸ਼ ਲਗਾਏ ਗਏ ਹਨ, ਜਦਕਿ ਲਡ਼ਕੇ ਦੇ ਪਰਿਵਾਰ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਇਸ ਨੂੰ ਬਿਜਲੀ ਦੇ ਸ਼ਾਰਟ ਸਰਕਟ ਜਾਂ ਹੀਟਰ ਕਾਰਨ ਵਾਪਰਿਆ ਹਾਦਸਾ ਕਰਾਰ ਦਿੱਤਾ ਹੈ।
ਫਗਵਾਡ਼ਾ, 5 ਨਵੰਬਰ (ਹਰਜੋਤ ਸਿੰਘ ਚਾਨਾ)-ਇੰਗਲੈਂਡ ਵਿਚ ਇਕ ਘਰ ਨੂੰ ਲੱਗੀ ਭਿਆਨਕ ਅੱਗ ਕਾਰਨ ਫਗਵਾਡ਼ਾ ਦੀ ਜੰਮਪਲ ਡਾਕਟਰ ਸ਼ਿਵਾਨੀ ਦੀ ਮੌਤ ਹੋਣ ਨਾਲ ਫਗਵਾਡ਼ਾ ਦੇ ਮੈਡੀਕਲ ਜਗਤ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌਡ਼ ਗਈ ਹੈ। ਇਸ ਘਟਨਾ ਨੂੰ ਲੈ ਕੇ ਮ੍ਰਿਤਕਾ ਦੇ ਪਰਿਵਾਰ ਵਲੋਂ ਸਹੁਰੇ ਪਰਿਵਾਰ ’ਤੇ ਘਰੇਲੂ ਤਸ਼ੱਦਦ ਅਤੇ ਸਾਜ਼ਿਸ਼ ਦੇ ਗੰਭੀਰ ਦੋਸ਼ ਲਗਾਏ ਗਏ ਹਨ, ਜਦਕਿ ਲਡ਼ਕੇ ਦੇ ਪਰਿਵਾਰ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਇਸ ਨੂੰ ਬਿਜਲੀ ਦੇ ਸ਼ਾਰਟ ਸਰਕਟ ਜਾਂ ਹੀਟਰ ਕਾਰਨ ਵਾਪਰਿਆ ਹਾਦਸਾ ਕਰਾਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਇੰਗਲੈਂਡ ਸਥਿਤ ਪਤੀ-ਪਤਨੀ ਦੇ ਘਰ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਘਰ ਵਿਚੋਂ ਧੂੰਆਂ ਨਿਕਲਦਾ ਦੇਖ ਕੇ ਗੁਆਂਢੀਆਂ ਨੇ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੀਆਂ ਫਾਇਰ ਅਤੇ ਰੈਸਕਿਊ ਟੀਮਾਂ ਨੇ ਦੋਵਾਂ ਨੂੰ ਘਰ ਵਿਚੋਂ ਬਾਹਰ ਕੱਢਿਆ। ਹਾਲਾਂਕਿ, ਡਾਕਟਰੀ ਸਹਾਇਤਾ ਦੇ ਬਾਵਜੂਦ ਡਾ. ਸ਼ਿਵਾਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉੱਧਰ, ਉਸ ਦਾ ਪਤੀ ਦਿਲਾਵਰ ਕਟਾਰੀਆ ਵੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਬਰਮਿੰਘਮ ਦੇ ਕੁਇਨ ਐਲਿਜ਼ਾਬੈੱਥ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਹ ਇਸ ਸਮੇਂ ਕੋਮਾ ਵਿਚ ਹੈ ਅਤੇ ਵੈਂਟੀਲੇਟਰ ਦੀ ਸਹਾਇਤਾ ’ਤੇ ਦੱਸਿਆ ਜਾ ਰਿਹਾ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਫਗਵਾਡ਼ਾ ਵਿਚ ਮ੍ਰਿਤਕਾ ਦੇ ਪਰਿਵਾਰ ਵਲੋਂ ਗੰਭੀਰ ਦੋਸ਼ ਲਗਾਏ ਗਏ ਹਨ। ਡਾ. ਸ਼ਿਵਾਨੀ ਦੇ ਪਿਤਾ ਡਾ. ਕੇ.ਕੇ. ਵਰਮਾ, ਜੋ ਫਗਵਾਡ਼ਾ ਦੇ ਪ੍ਰਸਿੱਧ ਡਾਕਟਰ ਹਨ, ਨੇ ਇਸ ਘਟਨਾ ਨੂੰ ਮਹਿਜ਼ ਹਾਦਸਾ ਮੰਨਣ ਤੋਂ ਇਨਕਾਰ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੋਸ਼ ਲਗਾਇਆ ਕਿ ਸਾਲ 2023 ਵਿਚ ਵਿਆਹ ਤੋਂ ਬਾਅਦ ਜਦੋਂ ਉਨ੍ਹਾਂ ਦੀ ਧੀ ਆਪਣੇ ਪਤੀ ਨਾਲ ਕੰਮਕਾਜ ਲਈ ਇੰਗਲੈਂਡ ਗਈ ਤਾਂ ਉਸ ਨੂੰ ਕਥਿਤ ਤੌਰ ’ਤੇ ਮਾਨਸਿਕ ਪ੍ਰੇਸ਼ਾਨੀ, ਸਰੀਰਕ ਤਸ਼ੱਦਦ ਅਤੇ ਘਰੇਲੂ ਮੰਗਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ, ਫਗਵਾਡ਼ਾ ਨੇਡ਼ਲੇ ਪਿੰਡ ਖਾਟੀ ਦੇ ਰਹਿਣ ਵਾਲੇ ਦਿਲਾਵਰ ਕਟਾਰੀਆ ਦੇ ਪਰਿਵਾਰ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ ਤੀ-ਪਤਨੀ ਵਿਚਕਾਰ ਸੰਬੰਧ ਸੁਖਾਵੇਂ ਸਨ ਅਤੇ ਉਨ੍ਹਾਂ ਦਾ ਵਿਆਹੁਤਾ ਜੀਵਨ ਆਪਸੀ ਸਹਿਯੋਗ ਅਤੇ ਪਿਆਰ ਨਾਲ ਚੱਲ ਰਿਹਾ ਸੀ। ਪਰਿਵਾਰ ਨੇ ਦਾਅਵਾ ਕੀਤਾ ਕਿ ਇਹ ਇਕ ਮੰਦਭਾਗਾ ਹਾਦਸਾ ਸੀ, ਜਿਸ ਦਾ ਸੰਭਾਵਿਤ ਕਾਰਨ ਕਮਰੇ ਵਿਚ ਚੱਲ ਰਿਹਾ ਹੀਟਰ ਜਾਂ ਬਿਜਲੀ ਦੀਆਂ ਤਾਰਾਂ ਵਿਚ ਸ਼ਾਰਟ ਸਰਕਟ ਹੋ ਸਕਦਾ ਹੈ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਘਰੇਲੂ ਤਸ਼ੱਦਦ ਜਾਂ ਆਪਸੀ ਝਗਡ਼ੇ ਦੇ ਦੋਸ਼ਾਂ ਨੂੰ ਨਕਾਰਿਆ ਹੈ। ਉੱਧਰ, ਇੰਗਲੈਂਡ ਦੀ ਪੁਲਿਸ ਅਤੇ ਫੋਰੈਂਸਿਕ ਮਾਹਿਰਾਂ ਵੱਲੋਂ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।