ਐੱਸ. ਏ. ਐੱਸ. ਨਗਰ, 28 ਅਕਤੂਬਰ (ਕਪਿਲ ਵਧਵਾ)- ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਵਿਚ ਸੀ. ਬੀ. ਆਈ. ਕੋਲ ਰਿਮਾਂਡ ’ਤੇ ਚੱਲ ਰਹੇ ਕੈਮਿਸਟ ਅਸ਼ਵਨੀ ਕੁਮਾਰ, ਉਸ ਦੇ ਰਿਸ਼ਤੇਦਾਰ ਵਿਪਨ ਗੋਇਲ ਤੇ ਦੁਕਾਨ ’ਤੇ ਕੰਮ ਕਰਨ ਵਾਲੇ ਕਰਮਚਾਰੀ ਲਾਡੀ ਸਿੰਘ ਨੂੰ 5 ਦਿਨਾਂ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਮੁੜ ਤੋਂ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਸੂਤਰਾਂ ਅਨੁਸਾਰ ਹੁਣ ਤੱਕ ਦੀ ਪੁੱਛਗਿੱਛ ਦੌਰਾਨ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਅਸ਼ਵਨੀ ਕੁਮਾਰ ਸਮੇਤ ਬਾਕੀ ਮੁਲਜ਼ਮਾਂ ਤੋਂ ਵਾਰਦਾਤ ਮੌਕੇ ਦੇ ਹਾਲਾਤਾਂ ਅਤੇ ਵਾਰਦਾਤ ਉਪਰੰਤ ਉਨ੍ਹਾਂ ਦੀ ਹਾਜ਼ਰੀ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ। ਸੀ. ਬੀ. ਆਈ. ਦੇ ਵਿਸ਼ੇਸ਼ ਮੈਜਿਸਟ੍ਰੇਟ ਕਰਨਵੀਰ ਸਿੰਘ ਮੱਜੂ ਦੇ ਛੁੱਟੀ ’ਤੇ ਹੋਣ ਕਾਰਨ ਤਿੰਨਾਂ ਮੁਲਜ਼ਮਾਂ ਨੂੰ ਡਿਊਟੀ ਮੈਜਿਸਟ੍ਰੇਟ ਪੱਲਵ ਅਰੋੜਾ ਦੀ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਵਿਚ ਸੀ. ਬੀ. ਆਈ. ਵਲੋਂ ਪੇਸ਼ ਹੋਈ ਪ੍ਰੋਸੀਕਿਊਟਰ ਲੀਜ਼ਾ ਗਰੋਵਰ ਨੇ ਅਧਿਕਾਰੀਆਂ ਵਲੋਂ ਤਿੰਨਾਂ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਵਿਚ ਭੇਜਣ ਸੰਬੰਧੀ ਅਰਜ਼ੀ ਪੇਸ਼ ਕੀਤੀ ਸੀ, ਲਿਹਾਜ਼ਾ ਅਦਾਲਤ ਨੇ ਅਰਜ਼ੀ ਨੂੰ ਮਨਜ਼ੂਰ ਕਰਦਿਆਂ ਤਿੰਨਾਂ ਮੁਲਜ਼ਮਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਤਹਿਤ ਪਟਿਆਲਾ ਕੇਂਦਰੀ ਜੇਲ੍ਹ ਵਿਖੇ ਭੇਜਣ ਦੇ ਹੁਕਮ ਸੁਣਾਏ। ਅਦਾਲਤ ਨੇ ਅਗਲੀ ਪੇਸ਼ੀ ਮੌਕੇ ਤਿੰਨੋਂ ਮੁਲਜ਼ਮਾਂ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਪੇਸ਼ ਕਰਨ ਦੇ ਹੁਕਮ ਵੀ ਦਿੱਤੇ ਹਨ।