ਲੰਡਨ, 26 ਅਕਤੂਬਰ (ਏਜੰਸੀ)-ਇੰਗਲੈਂਡ ਦੇ ਲੀਡਜ਼ ਸ਼ਹਿਰ ’ਚ ਖ਼ਤਰਨਾਕ ਢੰਗ ਨਾਲ ਕਾਰਾਂ ਚਲਾਉਣ ਕਾਰਨ ਮਾਂ-ਧੀ ਦੀ ਮੌਤ ਦੇ ਮਾਮਲੇ ’ਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਕੁੱਲ 28 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 27 ਸਾਲਾ ਜੁਸਟੀਨਾ ਹੁਲਬੋਜ ਤੇ ਉਸ ਦੀ ਚਾਰ ਸਾਲਾ ਧੀ ਲੀਨਾ ਚੇਪਚੋਰ ਦੀ ਜਨਵਰੀ 2023 ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਹਰਦੀਪ ਭਾਚੂ (29) ਨੇ ਖ਼ਤਰਨਾਕ ਢੰਗ ਨਾਲ ਗੱਡੀ ਚਲਾਉਣ ਕਾਰਨ ਮਾਂ-ਧੀ ਦੀ ਮੌਤ ਹੋਣ ਦਾ ਦੋਸ਼ ਕਬੂਲ ਕਰ ਲਿਆ ਸੀ। ਲੀਡਜ਼ ਕਰਾਊਨ ਕੋਰਟ ਨੇ ਸੋਮਵਾਰ ਨੂੰ ਉਸ ਨੂੰ 12 ਸਾਲ ਦੀ ਕੈਦ ਸੁਣਾਈ। ਦੂਜੇ ਮੁਲਜ਼ਮ ਜਸਕਮਲ ਰਿਆਤ (37) ਨੂੰ ਹਾਦਸੇ ਤੋਂ ਠੀਕ ਪਹਿਲਾਂ ਭਾਚੂ ਨਾਲ ਕਾਰਾਂ ਦੀ ਰੇਸ ਲਾਉਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ 16 ਸਾਲ ਦੀ ਕੈਦ ਦੀ ਸਜ਼ਾ ਸੁਣਾਈ।
ਭਾਰਤ ਨਾਲ ਕੀਤੇ ਸਮਝੌਤਿਆਂ ਦਾ ਸਖ਼ਤੀ ਨਾਲ ਕਰ ਰਹੇ ਹਾਂ ਪਾਲਣ-ਚੀਨ
ਬੀਜਿੰਗ, 26 ਅਕਤੂਬਰ (ਪੀ.ਟੀ.ਆਈ.)-ਚੀਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਭਾਰਤ ਨਾਲ ਹੋਏ ਸਮਝੌਤਿਆਂ ਦੀ ਸਖ਼ਤੀ ਨਾਲ ਪਾਲਣਾ ਕਰ ਰਿਹਾ ਹੈ। ਚੀਨ ਨੇ ਇਹ ਵੀ ਕਿਹਾ ਕਿ ਉਹ ਆਪਣੀ ਸਰਹੱਦ ਦੀ ਰਾਖੀ ਤੇ ਆਪਣੀ ਜ਼ਮੀਨ ਦੀ ਸੁਰੱਖਿਆ ਲਈ ਆਮ ਤੌਰ ’ਤੇ ਸਰਹੱਦ ’ਤੇ ਗਸ਼ਤ ਕਰਦਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਇਹ ਗੱਲ ਉਸ ਸਮੇਂ ਕਹੀ, ਜਦੋਂ ਉਨ੍ਹਾਂ ਤੋਂ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਬਿਆਨ ਬਾਰੇ ਪੁੱਛਿਆ ਗਿਆ। ਭਾਰਤੀ ਬੁਲਾਰੇ ਨੇ ਕਿਹਾ ਸੀ ਕਿ ਜਦੋਂ ਚੀਨੀ ਫ਼ੌਜਾਂ ਸਰਹੱਦ ’ਤੇ ਗਸ਼ਤ ਕਰਨ ਦੇ ਤੈਅ ਤਰੀਕਿਆਂ ਤੋਂ ਹਟ ਕੇ ਕੰਮ ਕਰਦੀਆਂ ਹਨ, ਤਾਂ ਅਸਲ ਕੰਟਰੋਲ ਰੇਖਾ ਦੇ ਨਾਲ ਲਗਦੇ ਇਲਾਕਿਆਂ ’ਚ ਸਮੇਂ-ਸਮੇਂ ’ਤੇ ਹਾਲਾਤ ਖ਼ਰਾਬ ਹੋ ਜਾਂਦੇ ਹਨ। ਗੁਓ ਜਿਆਕੁਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤ, ਚੀਨ ਦੇ ਨਾਲ ਮਿਲ ਕੇ, ਦੋਵਾਂ ਧਿਰਾਂ ਵਿਚਕਾਰ ਬਣੀ ਸਾਂਝੀ ਸਹਿਮਤੀ ਨੂੰ ਲਾਗੂ ਕਰੇਗਾ ਤੇ ਠੋਸ ਕਦਮਾਂ ਰਾਹੀਂ ਸਰਹੱਦੀ ਖੇਤਰਾਂ ’ਚ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਦੀ ਦਿਸ਼ਾ ’ਚ ਕੰਮ ਕਰੇਗਾ।