ਸਿੰਘ ਸਾਹਿਬਾਨ ਸਮੇਤ ਦੇਸ਼ ਭਰ ਤੋਂ ਸੰਤ-ਮਹਾਂਪੁਰਸ਼ ਕਰਨਗੇ ਸ਼ਮੂਲੀਅਤ : ਸੰਤ ਭੂਰੀ ਵਾਲੇ
ਅੰਮ੍ਰਿਤਸਰ, 24 ਅਕਤੂਬਰ (ਜਸਵੰਤ ਸਿੰਘ ਜੱਸ)-ਗੁਰਧਾਮਾਂ ਦੀ ਕਾਰ ਸੇਵਾ, ਸਿਮਰਨ ਤੇ ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਨਿਰਮਲੇ ਸੰਪਰਦਾਇ ਦੇ ਮਹਾਨ ਸੰਤ ਮਹਾਂਪੁਰਸ਼ ਸੰਤ ਬਾਬਾ ਜੈਮਲ ਸਿੰਘ, ਬਾਬਾ ਗੁਰਦਿਆਲ ਸਿੰਘ, ਬਾਬਾ ਨਾਮਦਾਨ ਸਿੰਘ ਅਤੇ ਬੀਬੀ ਹਰਜਿੰਦਰ ਕੌਰ ਭੂਰੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ 29 ਅਕਤੂਬਰ ਨੂੰ ਡੇਰਾ ਨਿਰਮਲੇ ਤਪੋਬਨ, ਕਾਰ ਸੇਵਾ ਸੰਪ੍ਰਦਾਇ ਭੂਰੀ ਵਾਲੇ ਤਰਨ ਤਾਰਨ ਰੋਡ ਵਿਖੇ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ । ਡੇਰਾ ਬਾਬਾ ਭੂਰੀ ਵਾਲੇ ਦੇ ਮੁੱਖ ਬੁਲਾਰੇ ਰਾਮ ਸਿੰਘ ਭਿੰਡਰ ਵਲੋਂ ਜਾਰੀ ਵੇਰਵਿਆਂ ਅਨੁਸਾਰ ਸੰਪ੍ਰਦਾਇ ਦੇ ਮੁਖੀ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਤੇ ਬਾਬਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਾਲਾਨਾ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਸੰਤ-ਮਹਾਂਪੁਰਸ਼, ਧਾਰਮਿਕ ਸ਼ਖਸੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚ ਰਹੀਆਂ ਹਨ । ਉਨ੍ਹਾਂ ਦੱਸਿਆ ਕਿ 25 ਅਕਤੂਬਰ ਤੋਂ ਰੋਜ਼ਾਨਾ ਧਾਰਮਿਕ ਦੀਵਾਨ ਸਜਾਏ ਜਾਣਗੇ। ਉਨ੍ਹਾਂ ਦੱਸਿਆ ਕਿ 29 ਅਕਤੂਬਰ ਨੂੰ ਸਵੇਰ ਤੋਂ ਬਾਅਦ ਦੁਪਹਿਰ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬਾਨ, ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ ਜਥੇ, ਨਾਮਵਰ ਪੰਥਕ ਵਿਦਵਾਨ ਅਤੇ ਨਿਰਮਲੇ ਸੰਤ-ਮਹਾਂਪੁਰਸ਼ ਗੁਰਬਾਣੀ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਕਰਨਗੇ।