ਰਾਜਪੁਰਾ, 12 ਅਕਤੂਬਰ (ਜੀ.ਪੀ. ਸਿੰਘ) ਅੱਜ ਰਾਤ 9 ਵਜੇ ਦੇ ਕਰੀਬ ਖੇਤਰ ਵਿਚ ਸੁਣਿਆ ਗਿਆ ਇਕ ਵੱਡਾ ਧਮਾਕਾ, ਜਿਸ ਨਾਲ ਰਾਜਪੁਰਾ ਖੇਤਰ ਦੇ ਨਾਲ ਨਾਲ ਨੇੜਲੇ ਇਲਾਕਿਆਂ ਦੇ ਘਰਾਂ ਦੇ ਖਿੜਕੀਆਂ ਦਰਵਾਜਿਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਕਈ ਥਾਵਾਂ ’ਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਸ ਸਬੰਧੀ ਸਰਕਾਰੀ ਖੁਫੀਆਂ ਏਜੰਸੀਆਂ ਤੇ ਹੋਰ ਲੋਕ ਹਰਕਤ ਵਿਚ ਆ ਗਏ। ਕਈ ਲੋਕਾਂ ਦਾ ਇਸ਼ਾਰਾ ਸਥਾਨਕ ਥਰਮਲ ਪਲਾਂਟ ਵਲ ਤੇ ਕਈਆਂ ਦਾ ਇਸ਼ਾਰਾ ਅੰਬਾਲਾ ਏਅਰ ਫੋਰਸ ਬੇਸ ’ਤੇ ਉੱਡਣ ਵਾਲੇ ਜਹਾਜਾਂ ਵਲੋਂ ਰਫ਼ਤਾਰ ਤੋਂ ਜਿਆਦਾ ਤੇਜ਼ ਕਾਰਨ ਪੈਦਾ ਹੋਣ ਵਾਲੀ ਅਵਾਜ਼ ਵਲ ਗਿਆ, ਪਰ ਇਹ ਇਕ ਬੁਝਾਰਤ ਹੀ ਬਣੀ ਰਹੀ। ਡੂੰਘਾਈ ਨਾਲ ਜਾਂਚ ਪੜਤਾਲ ਕਰਨ ’ਤੇ ਇਹ ਸਾਹਮਣੇ ਆਇਆ ਕਿ ਇਹ ਆਵਾਜ਼ ਕਿਸੇ ਖਤਰੇ ਦੀ ਨਹੀਂ, ਸਗੋਂ ਸੋੋਨਿਕ ਬੂਮੋ ਦੀ ਹੈ, ਜਿਵੇਂ ਕਿ ਸਾਡੇ ਇਲਾਕੇ ਦੇ ਬਿਲਕੁਲ ਨੇੜੇ ਅੰਬਾਲਾ ਏਅਰ ਫੋਰਸ ਸਟੇਸ਼ਨ ਹੈ, ਉੱਥੇ ਲੜਾਕੂ ਜਹਾਜ਼ਾਂ ਦਾ ਅਭਿਆਸ ਅਕਸਰ ਚੱਲਦਾ ਰਹਿੰਦਾ ਹੈ, ਜਦੋਂ ਕੋਈ ਜਹਾਜ਼ ਆਵਾਜ਼ ਦੀ ਰਫ਼ਤਾਰ ਨਾਲੋਂ ਤੇਜ਼ੀ ਨਾਲ ਉੱਡਦਾ ਹੈ ਤੇ ਸਾਊਂਡ ਬੈਰਿਅਰ ਤੋੜਦਾ ਹੈ, ਤਾਂ ਅਜਿਹੀ ਭਾਰੀ ਧਮਾਕੇ ਵਰਗੀ ਆਵਾਜ਼ ਪੈਦਾ ਹੁੰਦੀ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਹੈ। ਟੀਮ ਦੀ ਪੜਤਾਲ ਮੁਤਾਬਕ ਇਹ ਹਵਾਈ ਸੈਨਾ ਦੇ ਜਹਾਜ਼ਾਂ ਦੀ ਰਫ਼ਤਾਰ ਕਾਰਨ ਪੈਦਾ ਹੋਈ ਆਵਾਜ਼ ਹੈ। ਪਰ ਇਸ ਮਾਮਲੇ ਦੀ ਪੁਸ਼ਟੀ ਕਿਸੇ ਅਧਿਕਾਰੀ ਵਲੋਂ ਨਹੀਂ ਕੀਤੀ ਗਈ।