ਬੇਅਦਬੀ ਕਾਨੂੰਨ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਉਠਾਏ ਗਏ ਇਤਰਾਜ਼ਾਂ ’ਤੇ ਮਸਲਾ ਜਲਦ ਹੱਲ ਹੋਣ ਦੀ ਆਸ-ਗਿਆਨੀ ਰਘਬੀਰ ਸਿੰਘ
ਚੰਡੀਗੜ੍ਹ, 6 ਅਕਤੂਬਰ (ਪ੍ਰੋ. ਅਵਤਾਰ ਸਿੰਘ)-‘ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਦੀਆਂ ਧਾਰਾਵਾਂ ਅਤੇ ਇਸ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਉਠਾਏ ਗਏ ਇਤਰਾਜ਼ਾਂ ਦੇ ਹੱਲ ਲਈ ਪੰਜਾਬ ਸਰਕਾਰ ਵਲੋਂ ਗਠਿਤ 7 ਮੈਂਬਰੀ ਤਾਲਮੇਲ ਕਮੇਟੀ ਦੀ ਪਹਿਲੀ ਮੀਟਿੰਗ ਅੱਜ ਪੰਜਾਬ ਭਵਨ , ਚੰਡੀਗੜ੍ਹ ਵਿਖੇ ਹੋਈ ।
ਚੰਡੀਗੜ੍ਹ, 6 ਅਕਤੂਬਰ (ਪ੍ਰੋ. ਅਵਤਾਰ ਸਿੰਘ)-‘ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਦੀਆਂ ਧਾਰਾਵਾਂ ਅਤੇ ਇਸ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਉਠਾਏ ਗਏ ਇਤਰਾਜ਼ਾਂ ਦੇ ਹੱਲ ਲਈ ਪੰਜਾਬ ਸਰਕਾਰ ਵਲੋਂ ਗਠਿਤ 7 ਮੈਂਬਰੀ ਤਾਲਮੇਲ ਕਮੇਟੀ ਦੀ ਪਹਿਲੀ ਮੀਟਿੰਗ ਅੱਜ ਪੰਜਾਬ ਭਵਨ , ਚੰਡੀਗੜ੍ਹ ਵਿਖੇ ਹੋਈ । ਤਾਲਮੇਲ ਕਮੇਟੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਜਸਟਿਸ ਜਸਪਾਲ ਸਿੰਘ (ਸੇਵਾਮੁਕਤ), ਜਸਟਿਸ ਗੁਰਬੀਰ ਸਿੰਘ (ਸੇਵਾਮੁਕਤ), ਜਤਿੰਦਰ ਸਿੰਘ ਔਲਖ (ਸੇਵਾਮੁਕਤ ਆਈ.ਪੀ.ਐੱਸ. ਅਧਿਕਾਰੀ ਅਤੇ ਸਾਬਕਾ ਚੇਅਰਮੈਨ ਪੰਜਾਬ ਲੋਕ ਸੇਵਾ ਕਮਿਸ਼ਨ), ਗਿਆਨੀ ਹਰਨਾਮ ਸਿੰਘ ਖਾਲਸਾ ਦੇ ਨੁਮਾਇੰਦੇ ਗਿਆਨੀ ਸਾਹਿਬ ਸਿੰਘ, ਕਾਨੂੰਨੀ ਅਧਿਕਾਰੀ ਪ੍ਰੀਤ ਇੰਦਰ ਪੌਲ ਸਿੰਘ ਅਤੇ ਸੰਤ ਬਾਬਾ ਸੇਵਾ ਸਿੰਘ ਦੇ ਨੁਮਾਇੰਦੇ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸਰਕਾਰ ਵਲੋਂ ਬਣਾਈ ਗਈ 7 ਮੈਂਬਰੀ ਤਾਲਮੇਲ ਕਮੇਟੀ ਦੇ ਨੋਡਲ ਅਧਿਕਾਰੀ ਵਜੋਂ ਹਰਜੀਤ ਸਿੰਘ ਸੰਧੂ ਵੀ ਮੀਟਿੰਗ ਵਿਚ ਹਾਜ਼ਰ ਰਹੇ । ਮੀਟਿੰਗ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਐਕਟ ਦੀਆਂ ਕੁਝ ਧਾਰਾਵਾਂ ਤੇ ਸ਼ਬਦਾਂ ਸਬੰਧੀ ਪ੍ਰਗਟਾਏ ਇਤਰਾਜ਼ਾਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਚਰਚਾ ਹਾਂ-ਪੱਖੀ ਤੇ ਉਸਾਰੂ ਮਾਹੌਲ ਵਿਚ ਹੋਈ ਹੈ ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਮਸਲਾ ਜਲਦ ਹੱਲ ਹੋਣ ਦੀ ਆਸ ਹੈ । ਉਨ੍ਹਾਂ ਦੱਸਿਆ ਕਿ ਕਮੇਟੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਭੇਜੇ ਗਏ ਸਾਰੇ ਇਤਰਾਜ਼ਾਂ ਅਤੇ ਸੁਝਾਵਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਕਸਟੋਡੀਅਨ’ ਸ਼ਬਦ ਦਾ ਵੀ ਮੀਟਿੰਗ ਦੌਰਾਨ ਵਿਸਥਾਰ ਨਾਲ ਜ਼ਿਕਰ ਹੋਇਆ ਤੇ ਇਹ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਉਠਾਏ ਗਏ ਇਤਰਾਜ਼ਾਂ ਵਿਚ ਸ਼ਾਮਿਲ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਾਰੇ ਮਾਮਲੇ ’ਤੇ ਹੌਲੀ-ਹੌਲੀ ਸਾਂਝੀ ਸਹਿਮਤੀ ਨਾਲ ਅੱਗੇ ਵਧਿਆ ਜਾਵੇਗਾ । ਅਗਲੀ ਮੀਟਿੰਗ ਬਾਰੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਜਲਦ ਬੁਲਾਈ ਜਾਵੇਗੀ ਤੇ ਸੰਭਾਵਨਾ ਹੈ ਕਿ ਹਫ਼ਤੇ ਦੇ ਅੰਦਰ ਹੀ ਦੂਜੀ ਮੀਟਿੰਗ ਹੋ ਸਕਦੀ ਹੈ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗਠਿਤ ਤਾਲਮੇਲ ਕਮੇਟੀ ਨਾਲ ਵੀ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਗਠਿਤ 7 ਮੈਂਬਰੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ ਤਾਲਮੇਲ ਕਮੇਟੀ ਆਪਸੀ ਤਾਲਮੇਲ ਨਾਲ ਇਸ ਮਾਮਲੇ ਦਾ ਸਾਰਥਕ ਹੱਲ ਕੱਢਣ ਵੱਲ ਅੱਗੇ ਵਧਣਗੀਆਂ।