ਕੈਂਸਰ ਦੀਆਂ 1,364 ਦਵਾਈਆਂ ਦੀਆਂ ਕੀਮਤਾਂ ’ਚ ਵੱਡੀ ਕਟੌਤੀ
ਮਰੀਜ਼ਾਂ ਨੂੰ ਸਾਲਾਨਾ 3,540 ਕਰੋੜ ਰੁਪਏ ਦੀ ਮਿਲੇਗੀ ਰਾਹਤ-ਜਸਪਾਲ ਸਿੰਘ ਗਗਰੌਲੀ
ਸਨੌਰ, 14 ਨਵੰਬਰ (ਸੋਖਲ)-ਭਾਰਤ ਸਰਕਾਰ ਵਲੋਂ ਕੈਂਸਰ ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵਿਚ ਕੀਤੀ ਗਈ ਵੱਡੀ ਕਟੌਤੀ ਦਾ ਭਾਜਪਾ ਦੇ ਜ਼ਿਲ੍ਹਾ ਪਟਿਆਲਾ ਦਿਹਾਤੀ ਉੱਤਰੀ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੌਲੀ ਨੇ ਸਵਾਗਤ ਕੀਤਾ ਹੈ। ਉਨ੍ਹਾਂ ਇਸ ਫ਼ੈਸਲੇ ਨੂੰ ਕੈਂਸਰ ਪੀੜਤ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਡੀ ਆਰਥਿਕ ਰਾਹਤ ਦੇਣ ਵਾਲਾ ਲੋਕ-ਪੱਖੀ ਕਦਮ ਕਰਾਰ ਦਿੱਤਾ।
ਸਨੌਰ, 14 ਨਵੰਬਰ (ਸੋਖਲ)-ਭਾਰਤ ਸਰਕਾਰ ਵਲੋਂ ਕੈਂਸਰ ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵਿਚ ਕੀਤੀ ਗਈ ਵੱਡੀ ਕਟੌਤੀ ਦਾ ਭਾਜਪਾ ਦੇ ਜ਼ਿਲ੍ਹਾ ਪਟਿਆਲਾ ਦਿਹਾਤੀ ਉੱਤਰੀ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੌਲੀ ਨੇ ਸਵਾਗਤ ਕੀਤਾ ਹੈ। ਉਨ੍ਹਾਂ ਇਸ ਫ਼ੈਸਲੇ ਨੂੰ ਕੈਂਸਰ ਪੀੜਤ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਡੀ ਆਰਥਿਕ ਰਾਹਤ ਦੇਣ ਵਾਲਾ ਲੋਕ-ਪੱਖੀ ਕਦਮ ਕਰਾਰ ਦਿੱਤਾ। ਜਸਪਾਲ ਸਿੰਘ ਗਗਰੌਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਸਿਹਤ ਸੇਵਾਵਾਂ ਨੂੰ ਆਮ ਲੋਕਾਂ ਦੀ ਪਹੁੰਚ ਵਿਚ ਲਿਆਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਰਾਸ਼ਟਰੀ ਔਸ਼ਧੀ ਮੁੱਲ ਨਿਰਧਾਰਨ ਅਥਾਰਟੀ (ਐੱਨ.ਪੀ.ਪੀ.ਏ.) ਵਲੋਂ 137 ਕੈਂਸਰ-ਰੋਧੀ ਦਵਾਈਆਂ ਨਾਲ ਸੰਬੰਧਿਤ 1,364 ਫਾਰਮੂਲੇਸ਼ਨਾਂ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ੈਸਲੇ ਤਹਿਤ 679 ਬ੍ਰਾਂਡਾਂ ਦੀਆਂ ਦਵਾਈਆਂ ਦੀਆਂ ਕੀਮਤਾਂ ਵਿਚ 50 ਫ਼ੀਸਦੀ ਤੋਂ ਵੱਧ ਕਮੀ ਕੀਤੀ ਗਈ ਹੈ, ਜਦਕਿ ਕੁਝ ਦਵਾਈਆਂ ਦੀਆਂ ਕੀਮਤਾਂ ਵਿਚ ਇਹ ਕਟੌਤੀ 96.45 ਫ਼ੀਸਦੀ ਤੱਕ ਪਹੁੰਚ ਗਈ ਹੈ। ਇਸ ਨਾਲ ਦੇਸ਼ ਭਰ ਦੇ ਮਰੀਜ਼ਾਂ ਅਤੇ ਖਪਤਕਾਰਾਂ ਨੂੰ ਸਾਲਾਨਾ ਲਗਭਗ 3,540.38 ਕਰੋੜ ਰੁਪਏ ਦੀ ਆਰਥਿਕ ਬਚਤ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਕੈਂਸਰ ਵਰਗੀ ਗੰਭੀਰ ਬਿਮਾਰੀ ਦਾ ਇਲਾਜ ਕਰਵਾਉਣਾ ਮਰੀਜ਼ਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਲਈ ਵੀ ਵੱਡੀ ਆਰਥਿਕ ਚੁਣੌਤੀ ਬਣ ਜਾਂਦਾ ਹੈ। ਅਜਿਹੇ ਵਿਚ ਦਵਾਈਆਂ ਦੀਆਂ ਕੀਮਤਾਂ ਘਟਣ ਨਾਲ ਮਰੀਜ਼ਾਂ ਨੂੰ ਇਲਾਜ ਦਾ ਖ਼ਰਚਾ ਘਟਾਉਣ ਅਤੇ ਆਪਣਾ ਇਲਾਜ ਲਗਾਤਾਰ ਜਾਰੀ ਰੱਖਣ ਵਿਚ ਮਦਦ ਮਿਲੇਗੀ। ਅੰਤ ਵਿਚ ਜਸਪਾਲ ਸਿੰਘ ਗਗਰੌਲੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਆਮ ਲੋਕਾਂ ਦੀ ਸਿਹਤ ਅਤੇ ਭਲਾਈ ਪ੍ਰਤੀ ਉਸ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਕੈਂਸਰ ਦੇ ਮਰੀਜ਼ਾਂ ਨੂੰ ਸਸਤੇ ਭਾਅ ਦਵਾਈਆਂ ਮੁਹੱਈਆ ਕਰਵਾਉਣਾ ਇਕ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਲੱਖਾਂ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ।