ਰਾਜਪੁਰਾ, 28 ਅਕਤੂਬਰ (ਜੀ. ਪੀ. ਸਿੰਘ)- ਸ਼ਰੀਰਕ ਅੰਗ ਟ੍ਰਾਂਸਪਲਾਂਟ ਦੇ ਖੇਤਰ ਵਿਚ ਇਕ ਮਹੱਤਵਪੂਰਨ ਪ੍ਰਾਪਤੀ ਹਾਸਲ ਕਰਦਿਆਂ ਰਾਜਪੁਰਾ ਦੇ ਨੀਲਮ ਹਸਪਤਾਲ ਨੇ ਕੈਡੇਵਰਿਕ ਅੰਗਦਾਨ (ਮ੍ਰਿਤਕ ਵਿਅਕਤੀ ਦੇ ਅੰਗਾਂ ਦਾ ਦਾਨ) ਰਾਹੀਂ ਤਿੰਨ ਮਰੀਜ਼ਾਂ ਨੂੰ ਨਵਾਂ ਜੀਵਨ ਦੇਣ ਵਾਲੀ ਪਹਿਲ ਵਿਚ ਅਹਿਮ ਯੋਗਦਾਨ ਪਾਇਆ ਹੈ। ਇਹ ਅੰਗਦਾਨ 36 ਸਾਲਾਂ ਦੀ ਸ਼ਰਨਪਾਲ ਕੌਰ ਵਲੋਂ ਕੀਤਾ ਗਿਆ, ਜੋ ਤਿੰਨ ਬੱਚਿਆਂ ਦੀ ਮਾਂ ਸੀ। ਮੈਡੀਕਲ ਟੀਮਾਂ, ਅੰਗਦਾਨ ਨਾਲ ਸੰਬੰਧਤ ਅਧਿਕਾਰੀਆਂ ਅਤੇ ਸਿਹਤ ਸੰਸਥਾਵਾਂ ਵਿਚਕਾਰ ਬਿਹਤਰ ਤਾਲਮੇਲ ਦੇ ਨਤੀਜੇ ਵਜੋਂ ਇਕ ਕਿਡਨੀ ਦਾ ਸਫਲ ਟ੍ਰਾਂਸਪਲਾਂਟ ਨੀਲਮ ਹਸਪਤਾਲ ਵਿਚ ਕੀਤਾ ਗਿਆ, ਜਦਕਿ ਦਾਨ ਕੀਤੇ ਗਏ ਲਿਵਰ ਤੇ ਦੂਜੀ ਕਿਡਨੀ ਦਾ ਸਫਲ ਟ੍ਰਾਂਸਪਲਾਂਟ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ (ਡੀ.ਐੱਮ.ਸੀ.), ਲੁਧਿਆਣਾ ਵਿਚ ਕੀਤਾ ਗਿਆ, ਜਿਸ ਵਿਚ ਨੀਲਮ ਹਸਪਤਾਲ ਦੀ ਮੈਡੀਕਲ ਟੀਮ ਨੇ ਅਹਿਮ ਭੂਮਿਕਾ ਨਿਭਾਈ। ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਤਿੰਨਾਂ ਅੰਗ ਪ੍ਰਾਪਤ ਕਰਨ ਵਾਲੇ ਮਰੀਜ਼ਾਂ ਦੀ ਹਾਲਤ ਸੰਤੋਸ਼ਜਨਕ ਦੱਸੀ ਗਈ ਹੈ। ਨੀਲਮ ਹਸਪਤਾਲ ਦੇ ਡਾ. ਨਿਤਿਨ ਗੁਪਤਾ ਡਾਇਰੈਕਟਰ ਤੇ ਮੁਖੀ ਅਤੇ ਡਾ. ਅਮਨਦੀਪ ਸਿੰਘ ਨੈਫਰੋਲੋਜਿਸਟ ਦੀ ਅਗਵਾਈ ਅਤੇ ਸਹਿਯੋਗ ਨਾਲ ਇਸ ਜੀਵਨ-ਰੱਖਿਅਕ ਪਹਿਲ ਨੂੰ ਸਫਲ ਬਣਾਇਆ ਗਿਆ। ਜੀ.ਐੱਮ. ਆਪਰੇਸ਼ਨ ਸੰਦੀਪ ਵਾਟਸ ਨੇ ਦੱਸਿਆ ਕਿ ਇਸ ਗ੍ਰੀਨ ਕੋਰੀਡੋਰ ਨੂੰ ਪਟਿਆਲਾ, ਫਤਿਹਗੜ੍ਹ ਸਾਹਿਬ, ਖੰਨਾ ਤੇ ਲੁਧਿਆਣਾ ਦੇ ਚਾਰਾਂ ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਕਪਤਾਨਾਂ ਦੇ ਦਫ਼ਤਰਾਂ ਤੇ ਪੁਲਿਸ ਟੀਮਾਂ ਦੇ ਸਾਂਝੇ ਯਤਨਾਂ ਨਾਲ ਸੰਭਵ ਬਣਾਇਆ ਗਿਆ। ਇਸ ਸਾਰੇ ਪ੍ਰਬੰਧਾਂ ਅਤੇ ਸਹਿਯੋਗ ਲਈ ਨੀਲਮ ਹਸਪਤਾਲ ਦੇ ਮੁਖੀ ਡਾ. ਨਿਤਿਨ ਗੁਪਤਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਤੇ ਹੋਰ ਅਧਿਕਾਰੀਆਂ ਦਾ ਦਿਲੋਂ ਧੰਨਵਾਦ ਕੀਤਾ।