ਸਹਿਕਾਰਤਾ ਦੇ ਖੇਤਰ ’ਚ ਕੀਤਾ ਕਿਸਾਨ ਮਾਰੂ ਫ਼ੈਸਲਾ ਤੁਰੰਤ ਵਾਪਸ ਲਵੇ ਪੰਜਾਬ ਸਰਕਾਰ- ਕ੍ਰਿਸ਼ਨ ਸਿੰਘ ਸਨੌਰ
ਸਨੌਰ, 13 ਅਕਤੂਬਰ (ਮੋਹਨ ਸਿੰਘ ਭੱਟੀ)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ‘ਦਿ ਸਨੌਰ ਬਹੁਮੰਤਵੀ ਸਹਿਕਾਰੀ ਸੇਵਾ ਸਭਾ ਲਿਮਟਿਡ’ ਦੇ ਚੇਅਰਮੈਨ ਕ੍ਰਿਸ਼ਨ ਸਿੰਘ ਸਨੌਰ ਨੇ ਪੰਜਾਬ ਸਰਕਾਰ ਵਲੋਂ ਸਹਿਕਾਰਤਾ ਦੇ ਖੇਤਰ ਵਿਚ ਲਾਗੂ ਕੀਤੇ ਗਏ ਨਵੇਂ ਕਿਸਾਨ ਮਾਰੂ ਫ਼ੈਸਲਿਆਂ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਮੰਗ ਕੀਤੀ ਹੈ ਕਿ ਇਹ ਫ਼ੈਸਲਾ ਬਿਨਾਂ ਕਿਸੇ ਦੇਰੀ ਤੁਰੰਤ ਵਾਪਸ ਲਿਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਿਸ਼ਨ ਸਨੌਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਵੀ ਪਹਿਲਾਂ 125 ਸਾਲਾਂ ਤੋਂ ਕਿਸਾਨਾਂ ਲਈ ਸਹਿਕਾਰੀ ਸਭਾਵਾਂ ਰਾਹੀਂ ਆਸਾਨ ਤੇ ਸਸਤੇ ਕਰਜ਼ੇ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚੱਲਿਆ ਆ ਰਿਹਾ ਸੀ, ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੇ.
ਸਨੌਰ, 13 ਅਕਤੂਬਰ (ਮੋਹਨ ਸਿੰਘ ਭੱਟੀ)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ‘ਦਿ ਸਨੌਰ ਬਹੁਮੰਤਵੀ ਸਹਿਕਾਰੀ ਸੇਵਾ ਸਭਾ ਲਿਮਟਿਡ’ ਦੇ ਚੇਅਰਮੈਨ ਕ੍ਰਿਸ਼ਨ ਸਿੰਘ ਸਨੌਰ ਨੇ ਪੰਜਾਬ ਸਰਕਾਰ ਵਲੋਂ ਸਹਿਕਾਰਤਾ ਦੇ ਖੇਤਰ ਵਿਚ ਲਾਗੂ ਕੀਤੇ ਗਏ ਨਵੇਂ ਕਿਸਾਨ ਮਾਰੂ ਫ਼ੈਸਲਿਆਂ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਮੰਗ ਕੀਤੀ ਹੈ ਕਿ ਇਹ ਫ਼ੈਸਲਾ ਬਿਨਾਂ ਕਿਸੇ ਦੇਰੀ ਤੁਰੰਤ ਵਾਪਸ ਲਿਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਿਸ਼ਨ ਸਨੌਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਵੀ ਪਹਿਲਾਂ 125 ਸਾਲਾਂ ਤੋਂ ਕਿਸਾਨਾਂ ਲਈ ਸਹਿਕਾਰੀ ਸਭਾਵਾਂ ਰਾਹੀਂ ਆਸਾਨ ਤੇ ਸਸਤੇ ਕਰਜ਼ੇ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚੱਲਿਆ ਆ ਰਿਹਾ ਸੀ, ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੇ.ਸੀ.ਸੀ. (ਕਿਸਾਨ ਕ੍ਰੈਡਿਟ ਕਾਰਡ) ਪਾਲਿਸੀ 2026 ਵਿਚ ਕੀਤੇ ਗਏ ਤਾਨਾਸ਼ਾਹੀ ਬਦਲਾਵਾਂ ਨੇ ਪੰਜਾਬ ਦੀ ਸਮੁੱਚੀ ਕਿਸਾਨੀ ਨੂੰ ਸਹਿਕਾਰੀ ਸਭਾਵਾਂ ਰਾਹੀਂ ਮਿਲਣ ਵਾਲੀ ਵਿੱਤੀ ਰਾਹਤ ’ਤੇ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ। ਕ੍ਰਿਸ਼ਨ ਸਿੰਘ ਸਨੌਰ ਨੇ ਦੋਸ਼ ਲਾਇਆ ਕਿ ਸਰਕਾਰ ਵਲੋਂ ਬਣਾਏ ਨਵੇਂ ਨਿਯਮਾਂ ਤਹਿਤ ਹੁਣ ਦੋ ਲੱਖ ਤੋਂ ਵੱਧ ਕਰਜ਼ਾ ਲੈਣ ਲਈ ਕਿਸਾਨਾਂ ਨੂੰ ਜ਼ਮੀਨ ਗਿਰਵੀ ਰੱਖਣੀ ਪਵੇਗੀ। ਇਸ ਤੋਂ ਇਲਾਵਾ ਕਰਜ਼ਾ ਲੈਣ ਲਈ ਸਰਮਾਏਦਾਰਾਂ ਦੀ ਤਰਜ਼ ’ਤੇ ਛੋਟੇ ਕਿਸਾਨਾਂ ਤੋਂ ਛੇ ਫ਼ੀਸਦੀ ਤੇ ਵੱਡੇ ਕਿਸਾਨਾਂ ਤੋਂ ਨੌਂ ਫ਼ੀਸਦੀ ਹਿੱਸੇਦਾਰੀ ਲੈਣ ਦੇ ਕਿਸਾਨ ਵਿਰੋਧੀ ਨਵੇਂ ਹੁਕਮ ਥੋਪੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕੁਦਰਤੀ ਆਫ਼ਤਾਂ ਅਤੇ ਕਰਜ਼ੇ ਦੀ ਮਾਰ ਹੇਠ ਦੱਬੀ ਕਿਸਾਨੀ ਦੇ ਗਲ਼ ਵਿਚ ਇਹ ਨਵੀਂ ਪਾਲਿਸੀ ਇਕ ਹੋਰ ਫਾਹਾ ਪਾਉਣ ਬਰਾਬਰ ਹੈ। ਅਕਾਲੀ ਆਗੂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਹਿਤਾਂ ਦਾ ਘਾਣ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ। ਜੇਕਰ ਪੰਜਾਬ ਸਰਕਾਰ ਨੇ ਇਸ ਕਿਸਾਨ ਮਾਰੂ ਨੀਤੀ ਨੂੰ ਤੁਰੰਤ ਵਾਪਸ ਨਾ ਲਿਆ ਜਾਂ ਇਸ ਵਿਚ ਲੋੜੀਂਦੀ ਸੋਧ ਨਾ ਕੀਤੀ ਤਾਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਸਰਕਾਰ ਵਿਰੁੱਧ ਜ਼ੋਰਦਾਰ ਲੋਕ-ਲਹਿਰ ਖੜ੍ਹੀ ਕੀਤੀ ਜਾਵੇਗੀ।