10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਕਿਸਾਨਾਂ ਨੂੰ ਸਹੂਲਤਾਂ ਦੇਣ ਲਈ ਬਣਾਇਆ ਖਰੀਦ ਕੇਂਦਰ ’ਤੇ ਬਣਿਆ ਚਿੱਟਾ ਹਾਥੀ

ਭੁੱਨਰਹੇੜੀ, 9 ਅਕਤੂਬਰ (ਧਨਵੰਤ ਸਿੰਘ)- ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਜਿੱਥੇ ਦਾਣਾ ਮੰਡੀਆਂ ਵਿਚ ਕਿਸਾਨਾਂ ਦੀ ਆਮਦ ਕਾਰਨ ਰੌਣਕ ਲੱਗੀ ਹੋਈ ਹੈ, ਉੱਥੇ ਮਾਰਕੀਟ ਕਮੇਟੀ ਡਕਾਲਾ ਅਧੀਨ ਆਉਂਦੀ ਅਕੌਤ ਦੀ ਦਾਣਾ ਮੰਡੀ ਸੁੰਨੀ ਪਈ ਹੈ। ਕਿਸਾਨਾਂ ਨੂੰ ਸਥਾਨਕ ਪੱਧਰ ’ਤੇ ਫ਼ਸਲ ਵੇਚਣ ਦੀ ਸਹੂਲਤ ਦੇਣ ਦੇ ਮਕਸਦ ਨਾਲ ਬਣਾਈ ਗਈ ਇਹ ਮੰਡੀ ਅੱਜ ਸਰਕਾਰੀ ਅਣਦੇਖੀ ਕਾਰਨ ਆਪਣੀ ਹੋਂਦ ਗੁਆਉਂਦੀ ਨਜ਼ਰ ਆ ਰਹੀ ਹੈ।

ਅਕੌਤ ਪਿੰਡ ਵਿਚ ਖਰੀਦ ਕੇਂਦਰ ਦੇ ਮੌਜੂਦਾ ਹਾਲਾਤ ਦਾ ਦ੍ਰਿਸ਼। ਤਸਵੀਰ : ਧਨਵੰਤ ਸਿੰਘ 10-10-2026
ਭੁੱਨਰਹੇੜੀ, 9 ਅਕਤੂਬਰ (ਧਨਵੰਤ ਸਿੰਘ)- ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਜਿੱਥੇ ਦਾਣਾ ਮੰਡੀਆਂ ਵਿਚ ਕਿਸਾਨਾਂ ਦੀ ਆਮਦ ਕਾਰਨ ਰੌਣਕ ਲੱਗੀ ਹੋਈ ਹੈ, ਉੱਥੇ ਮਾਰਕੀਟ ਕਮੇਟੀ ਡਕਾਲਾ ਅਧੀਨ ਆਉਂਦੀ ਅਕੌਤ ਦੀ ਦਾਣਾ ਮੰਡੀ ਸੁੰਨੀ ਪਈ ਹੈ। ਕਿਸਾਨਾਂ ਨੂੰ ਸਥਾਨਕ ਪੱਧਰ ’ਤੇ ਫ਼ਸਲ ਵੇਚਣ ਦੀ ਸਹੂਲਤ ਦੇਣ ਦੇ ਮਕਸਦ ਨਾਲ ਬਣਾਈ ਗਈ ਇਹ ਮੰਡੀ ਅੱਜ ਸਰਕਾਰੀ ਅਣਦੇਖੀ ਕਾਰਨ ਆਪਣੀ ਹੋਂਦ ਗੁਆਉਂਦੀ ਨਜ਼ਰ ਆ ਰਹੀ ਹੈ। ਜਾਣਕਾਰੀ ਅਨੁਸਾਰ, ਸਾਲ 1997-98 ਦੇ ਕਰੀਬ ਮਾਰਕੀਟ ਕਮੇਟੀ ਵਲੋਂ ਅਕੌਤ ਵਿਚ ਨਵੀਂ ਦਾਣਾ ਮੰਡੀ ਤਿਆਰ ਕੀਤੀ ਗਈ ਸੀ, ਤਾਂ ਜੋ ਅਕੌਤ, ਕੁਲੇਮਾਜਰਾ ਤੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਦੂਰ - ਦੁਰਾਡੇ ਦੀਆਂ ਮੰਡੀਆਂ ਵਿਚ ਜਾਣ ਦੀ ਖੱਜਲ-ਖੁਆਰੀ ਤੋਂ ਬਚਾਇਆ ਜਾ ਸਕੇ। ਮੰਡੀ ਤੱਕ ਆਸਾਨ ਪਹੁੰਚ ਬਣਾਉਣ ਲਈ ਅਕੌਤ ਤੇ ਕੁਲੇਮਾਜਰਾ ਵਲੋਂ ਆਉਣ ਵਾਲੇ ਕੱਚੇ ਰਸਤੇ ਵੀ ਪੱਕੇ ਕਰਕੇ ਸੜਕਾਂ ਵੀ ਬਣਾਈਆਂ ਗਈਆਂ ਸਨ। ਇਸ ਤੋਂ ਇਲਾਵਾ ਮੰਡੀ ਦਾ ਫੜ ਪੱਕਾ ਕੀਤਾ ਗਿਆ ਸੀ, ਪਰ ਸਮੇਂ ਦੇ ਨਾਲ ਮੰਡੀ ਦੀ ਸਾਂਭ-ਸੰਭਾਲ ਅਤੇ ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਵੱਲ ਲੋੜੀਂਦਾ ਧਿਆਨ ਨਾ ਦਿੱਤੇ ਜਾਣ ਕਾਰਨ ਇਸ ਦੀ ਹਾਲਤ ਬਦਤਰ ਹੁੰਦੀ ਗਈ। ਮੌਜੂਦਾ ਸਮੇਂ ਮੰਡੀ ਦੇ ਫੜ ਤੇ ਆਲੇ-ਦੁਆਲੇ ਘਾਹ-ਫੂਸ ਤੇ ਝਾੜੀਆਂ ਉੱਗੀਆਂ ਹੋਈਆਂ ਹਨ, ਜਿਸ ਕਾਰਨ ਇੱਥੇ ਸੱਪਾਂ ਤੇ ਹੋਰ ਜੀਵਾਂ ਦੇ ਲੁਕਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਕਿਸਾਨਾਂ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਬੁਨਿਆਦੀ ਢਾਂਚਾ ਵਰਤੋਂ ਵਿਚ ਨਾ ਆਉਣਾ ਸਬੰਧਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ। ਮੰਡੀ ਦੀ ਅਣਵਰਤੋਂ ਦਾ ਅਸਰ ਕਿਸਾਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੱਕ ਹੀ ਸੀਮਤ ਨਹੀਂ, ਸਗੋਂ ਜਨਤਕ ਹਿੱਤ ਲਈ ਦਿੱਤੀ ਗਈ ਗ੍ਰਾਮ ਪੰਚਾਇਤ ਦੀ ਜ਼ਮੀਨ ਦੀ ਉਪਯੋਗਤਾ ਵੀ ਪ੍ਰਭਾਵਿਤ ਹੋ ਰਹੀ ਹੈ। ਮੰਡੀ ਦੇ ਚਾਲੂ ਨਾ ਹੋਣ ਕਾਰਨ ਜਿੱਥੇ ਕਿਸਾਨਾਂ ਨੂੰ ਸਥਾਨਕ ਪੱਧਰ ’ਤੇ ਫ਼ਸਲ ਵੇਚਣ ਦੀ ਸਹੂਲਤ ਨਹੀਂ ਮਿਲ ਰਹੀ, ਉੱਥੇ ਹੀ ਪੰਚਾਇਤ ਦੀ ਜ਼ਮੀਨ ਤੋਂ ਹੋਣ ਵਾਲੀ ਆਮਦਨ ਦਾ ਸਰੋਤ ਵੀ ਬੰਦ ਪਿਆ ਹੈ। ਝੋਨੇ ਦੇ ਮੌਜੂਦਾ ਸੀਜ਼ਨ ਦੌਰਾਨ ਅਕੌਤ ਮੰਡੀ ਦੀ ਸੁੰਨਸਾਨ ਹਾਲਤ ਇਹ ਸਵਾਲ ਖੜ੍ਹਾ ਕਰਦੀ ਹੈ ਕਿ ਕਿਸਾਨਾਂ ਦੀ ਸਹੂਲਤ ਲਈ ਤਿਆਰ ਕੀਤੇ ਗਏ ਸਰਕਾਰੀ ਬੁਨਿਆਦੀ ਢਾਂਚੇ ਦੀ ਸਾਂਭ-ਸੰਭਾਲ ਤੇ ਸੁਚੱਜੀ ਵਰਤੋਂ ਯਕੀਨੀ ਬਣਾਉਣ ਲਈ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ।
ਪਿਛਲੀ ਖ਼ਬਰ ਸੀ. ਬੀ. ਆਈ. ਦੀਆਂ ਛਾਪੇਮਾਰੀਆਂ ਨੇ ‘ਆਪ’ ਸਰਕਾਰ ਦੀ ਕਥਿਤ ਇਮਾਨਦਾਰੀ ’ਤੇ ਖੜ੍ਹੇ ਕੀਤੇ ਸਵਾਲ- ਸਾਬਕਾ ਵਿਧਾਇਕ ਰਾਜਿੰਦਰ... ਅਗਲੀ ਖ਼ਬਰ ਮੁੱਖ ਚੋਣ ਕਮਿਸ਼ਨਰ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ- ਕੁਲਵੰਤ ਸਿੰਘ ਨਾਰੀਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।