ਪਟਿਆਲਾ, 1 ਅਕਤੂਬਰ (ਅ. ਸ. ਆਹਲੂਵਾਲੀਆ)- ਨਗਰ ਨਿਗਮ ਦਫ਼ਤਰ ਵਿਚ ਅਫ਼ਵਾਹਾਂ ਦੇ ਗਰਮ ਹੋਏ ਬਾਜ਼ਾਰ ਵਿਚ ਬਿਲਡਿੰਗ ਸ਼ਾਖਾ ਦੇ ਕੁਝ ਅਧਿਕਾਰੀਆਂ ਵਲੋਂ ਕੁਝ ਰਾਜਨੀਤਿਕ ਲੋਕਾਂ ਨਾਲ ਮਿਲੀਭੁਗਤ ਕਰ ਅੰਨ੍ਹੀ ਲੁੱਟ ਅਰੰਭ ਦਿੱਤੀ ਗਈ ਹੈ। ਲੰਘੀਆਂ ਨਿਗਮ ਚੋਣਾਂ ਦੌਰਾਨ ਹੁਕਮਰਾਨ ਧਿਰ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਵਿਰੋਧੀਆਂ ਵਲੋਂ ਸਰਵਉੱਚ ਅਦਾਲਤ ਵਲੋਂ ਦਰਵਾਜ਼ਾ ਖੜਕਾਇਆ ਗਿਆ ਸੀ, ਜਿਸ ਤੋਂ ਬਾਅਦ ਕੁਝ ਵਾਰਡਾਂ ਦੀਆਂ ਚੋਣਾਂ ਦੁਬਾਰਾ ਕਰਵਾਏ ਜਾਣ ਨੂੰ ਲੈਕੇ ਅਫ਼ਵਾਹਾਂ ਦੇ ਗਰਮ ਹੋਏ ਬਾਜ਼ਾਰ ਨੇ ਆਪੋਧਾਪੀ ਵਾਲਾ ਮਾਹੌਲ ਬਣਾਇਆ ਹੋਇਆ ਹੈ। ਨਿਗਮ ਹਦੂਦ ਵਿਚ ਉਨ੍ਹਾਂ ਉਸਾਰੀਆਂ ਨੂੰ ਮੁੜ ਪੂਰਾ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਗੈਰ ਕਾਨੂੰਨੀ ਦੱਸ ਕੇ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਬਗੈਰ ਨਕਸ਼ੇ ਪਾਸ, ਨਕਸ਼ੇ ਦੇ ਉਲਟ ਵਾਧੂ ਉਸਾਰੀ ਕਰਵਾਉਣਾ, ਘਰੇਲੂ ਨਕਸ਼ੇ ਪਾਸ ਕਰਵਾ ਕੇ ਵਪਾਰਕ ਉਸਾਰੀਆਂ ਕਰਵਾਉਣ ਵਿਚ ਮਦਦ ਕਰਨ ਲਈ ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਦੀ ਮਿਲੀਭੁਗਤ ਜਗਜਾਹਿਰ ਹੁੰਦੀ ਜਾ ਰਹੀ ਹੈ ਪਰ ਕੁਝ ਮੁਲਾਜਮਾਂ ਦੀ ਸੁਣੀਏ ਤਾਂ ਸਿਰਫ ਰਾਜਨੀਤਿਕ ਦਬਾਅ ਅਤੇ ਆਉਂਦੀਆਂ ਚੋਣਾਂ ਨੂੰ ਦੇਖ ਵੋਟਾਂ ਖ਼ਾਤਰ ਅਜਿਹਾ ਕਰਨ ਲਈ ਕਿਹਾ ਜਾ ਰਿਹਾ ਹੈ। ਕਾਨੂੰਨ ਦੇ ਉਲਟ ਹੁਕਮਰਾਨ ਧਿਰ ਵਲੋਂ ਲੰਘੀਆਂ ਚੋਣਾਂ ਵਿਚ ਜਿਸ ਤਰ੍ਹਾਂ ਦਾ ਵਰਤਾਰਾ ਕੀਤਾ ਉਸ ਤੋਂ ਬਾਅਦ ਨਾਜਾਇਜ਼ ਬਿਲਡਿੰਗਾਂ ਬਣਵਾ ਕੇ ਵੋਟਾਂ ਪੱਕੀਆਂ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ, ਅਜਿਹੇ ਵਰਤਾਰੇ ਨਾਲ ਜੇ ਲੋਕਾਂ ਵਿਚ ਪਾਰਟੀ ਤੇ ਜਨਤਕ ਨੁਮਾਇੰਦਿਆਂ ਦੀ ਸ਼ਾਖ਼ ਉੱਚੀ ਹੁੰਦੀ ਤਾਂ ਦੋ ਵਾਰ ਮੁੱਖ ਮੰਤਰੀ ਰਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਨਾ ਦੇਖਣਾ ਪੈਂਦਾ ਕਿਉਂਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਵੀ ਨਿਗਮ ਹਦੂਦ ਵਿਚ ਇਸੇ ਤਰ੍ਹਾਂ ਨਾਜਾਇਜ਼ ਉਸਾਰੀਆਂ ਦਾ ਹੜ੍ਹ ਆਇਆ ਸੀ। ਅੱਜ ਨਟਾਂ ਵਾਲੀ ਗਲੀ ਤਕਰੀਬਨ 20 ਦੁਕਾਨਾਂ ਨੂੰ ਨਾਜਾਇਜ਼ ਕਹਿ ਕੇ ਤੋੜਿਆ ਗਿਆ ਸੀ ਉਹ ਅੱਜ ਫਿਰ ਤੋਂ ਉਸਾਰ ਲਈਆਂ ਗਈਆਂ ਹਨ। ਇਸੇ ਤਰ੍ਹਾਂ ਧੋਬ ਘਾਟ, ਭਾਸ਼ਾ ਵਿਭਾਗ ਦੇ ਸਾਹਮਣੇ ਜਾਂਦੀ ਸੜਕ ’ਤੇ ਵੀ ਘਰੇਲੂ ਨਕਸ਼ੇ ਪਾਸ ਕਰਵਾ ਕੀਤੀਆਂ ਜਾ ਰਹੀਆਂ ਵਪਾਰਕ ਉਸਾਰੀਆਂ ਦੇਖੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਭੁਪਿੰਦਰਾ ਰੋਡ, ਲੀਲਾ ਭਵਨ, ਪਾਸੀ ਰੋਡ, ਗੁਰਬਖ਼ਸ਼ ਕਾਲੋਨੀ, ਭਾਦਸੋਂ ਰੋਡ, ਸਰਹਿੰਦ ਰੋਡ, ਰਾਜਪੁਰਾ ਰੋਡ, ਧਰਮਪੁਰਾ ਬਾਜ਼ਾਰ, ਅਦਾਲਤ ਬਾਜ਼ਾਰ ਵਿਚ ਵੀ ਨਕਸ਼ੇ ਦੇ ਉਲਟ ਵੱਡੀਆਂ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਨਿਗਮ ਅਧਿਕਾਰੀ ਕਿਉਂ ਬਣਨ ਦੇ ਰਹੇ ਹਨ ਉਹੀ ਜਾਣਨ, ਪਰੰਤੂ ਮੁਲਾਜਮਾਂ ਅਤੇ ਕੁਝ ਜਨਤਕ ਨੁਮਾਇੰਦਿਆਂ ਦੀ ਮਿਲੀਭੁਗਤ ਨੇ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦੇ ਨਾਲ-ਨਾਲ ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਦੇਣ ਦੇ ਵਾਅਦੇ ਖੋਖਲੇ ਸਾਬਤ ਕਰ ਦਿੱਤੇ ਹਨ।