ਨੂਰਪੁਰ ਬੇਦੀ, 3 ਅਕਤੂਬਰ (ਪੱਤਰ ਪ੍ਰੇਰਕ)-ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ ਦੀਆਂ ਵਿੱਦਿਅਕ ਅਤੇ ਹੋਰ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਦਾਨੀ ਸੱਜਣਾਂ ਵਲੋਂ ਸਕੂਲ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਮੌਕੇ ਸੇਵਾ ਮੁਕਤ ਅਧਿਆਪਕ ਮਾ. ਰਾਮਪਾਲ ਅਸਾਲਤਪੁਰ ਵਲੋਂ ਸਕੂਲ ਨੂੰ 11,000 ਰੁਪਏ ਅਤੇ ਮਾ. ਦੇਵ ਪ੍ਰਕਾਸ਼ ਭਾਓਵਾਲ ਵਲੋਂ 1,100 ਰੁਪਏ ਦਾਨ ਕੀਤੇ ਗਏ। ਸਕੂਲ ਪ੍ਰਬੰਧਕ ਕਮੇਟੀ ਨੇ ਦੋਵਾਂ ਦਾਨੀ ਸੱਜਣਾਂ ਦਾ ਇਸ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਸਕੂਲ ਦੇ ਪ੍ਰਿੰਸੀਪਲ ਹਰਦੀਪ ਸਿੰਘ ਨੇ ਕਿਹਾ ਕਿ ਸਮਾਜ ਦੇ ਦਾਨੀ ਅਤੇ ਸਹਿਯੋਗੀ ਸੱਜਣਾਂ ਵਲੋਂ ਸਕੂਲ ਨੂੰ ਦਿੱਤਾ ਜਾਂਦਾ ਸਹਿਯੋਗ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਸਕੂਲ ਦੀ ਤਰੱਕੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਹੋਰਨਾਂ ਸਮਾਜ ਸੇਵੀਆਂ ਨੂੰ ਵੀ ਵਿੱਦਿਅਕ ਸੰਸਥਾਵਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਸਕੂਲ ਸਟਾਫ਼ ਵਲੋਂ ਹਰਸ਼ਰਨ ਸਿੰਘ, ਹਰੀਸ਼ ਸੋਨੀ ਅਤੇ ਮੈਡਮ ਸੁਨੀਤਾ ਦੁਵੇਦੀ ਸਮੇਤ ਸਮੁੱਚੀ ਪ੍ਰਬੰਧਕ ਕਮੇਟੀ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ।