ਮਾਨਸਾ, 27 ਨਵੰਬਰ (ਵਿ.ਪ੍ਰਤੀ.)- ਡੀ. ਸੀ. ਦਫ਼ਤਰਾਂ ਦੇ ਕਰਮਚਾਰੀਆਂ ਵਲੋਂ ਮੰਗਾਂ ਦਾ ਹੱਲ ਨਾ ਹੋਣ ਦੇ ਵਿਰੋਧ ’ਚ ਤਿੱਖਾ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਆਗੂ ਹਰਪ੍ਰੀਤ ਸਿੰਘ ਬਿੱਟੂ ਨੇ ਦੋਸ਼ ਲਗਾਇਆ ਕਿ ਪੰਜਾਬ ਭਵਨ ਚੰਡੀਗੜ੍ਹ ਵਿਖੇ ਮਾਲ ਮੰਤਰੀ ਪੰਜਾਬ ਨਾਲ ਮੀਟਿੰਗਾਂ ਕਰਨ ਦੇ ਬਾਵਜੂਦ ਹਾਲੇ ਤੱਕ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ, ਜਿਸ ਕਰ ਕੇ ਪੰਜਾਬ ਭਰ ਦੇ ਦੇ ਡੀ. ਸੀ. ਦਫ਼ਤਰਾਂ ਦੇ ਸਮੂਹ ਕਰਮਚਾਰੀ 7 ਤੋਂ 9 ਦਸੰਬਰ ਤੱਕ ਕਲਮ ਛੋੜ ਹੜਤਾਲ ’ਤੇ ਜਾਣਗੇ ਅਤੇ ਰੋਜ਼ਾਨਾ 11 ਤੋਂ 1 ਵਜੇ ਤੱਕ ਰੋਸ ਧਰਨੇ ਵੀ ਲਗਾਉਣਗੇ। ਇਸ ਤੋਂ ਇਲਾਵਾ 10 ਤੇ 11 ਦਸੰਬਰ ਨੂੰ ਡੀ.ਸੀ., ਐਸ.ਡੀ.ਐਮ., ਤਹਿਸੀਲ ਅਤੇ ਸਬ ਤਹਿਸੀਲ ਦਫ਼ਤਰਾਂ ਦੇ ਕਰਮਚਾਰੀ ਸਮੂਹਿਕ ਛੁੱਟੀ ਕਰ ਕੇ ਦਫ਼ਤਰ ਬੰਦ ਰੱਖਣਗੇ।