ਮਾਨਸਾ, 14 ਨਵੰਬਰ (ਸ.ਰਿ.)- ਗਿਆਨੀ ਬੂਟਾ ਸਿੰਘ ਨੂੰ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੋਸਟਾਂ ਪਾਉਣ ਕਰ ਕੇ ਵਿਦੇਸ਼ ਤੋਂ ਵੱਟਸਐਪ ਕਾਲ ਰਾਹੀਂ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਉਨ੍ਹਾਂ ਵਲੋਂ ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੂੰ ਲਿਖਾਈ ਸ਼ਿਕਾਇਤ ’ਚ ਦੱਸਿਆ ਕਿ ਮਨਿੰਦਰ ਸਿੰਘ ਉਰਫ਼ ਬਿੱਲਾ ਦੀ ਵਟਸਐਪ ’ਤੇ ਕਾਲ ਆਈ, ਜਿਸ ਨੇ ਕਿਹਾ ਕਿ ਉਹ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੋਸਟਾਂ ਪਾਉਣੀਆਂ ਬੰਦ ਕਰਨ। ਜੇਕਰ ਪੋਸਟਾਂ ਪਾਉਣੀਆਂ ਬੰਦ ਨਾ ਕੀਤੀਆਂ ਤਾਂ ਰਾਕਟ ਲਾਂਚਰ ਰਾਹੀਂ ਹਮਲਾ ਕਰ ਕੇ ਜਾਨੋ ਮਾਰ ਦਿੱਤਾ ਜਾਵੇਗਾ। ਪੁਲਿਸ ਨੇ ਬਿੱਲਾ ਨਾਮੀ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਰ ’ ਚੋਂ ਗਹਿਣੇ ਤੇ ਨਕਦੀ ਚੋਰੀ ਮਾਨਸਾ, 14 ਨਵੰਬਰ (ਸ.ਰਿ.)- ਨੇੜਲੇ ਪਿੰਡ ਮਾਖਾ ਵਿਖੇ ਇਕ ਘਰ ’ਚੋਂ ਸੋਨੇ ਦੇ ਗਹਿਣੇ ਅਤੇ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਮੀਤ ਸਿੰਘ ਵਾਸੀ ਮਾਖਾ ਅਨੁਸਾਰ ਅਣਪਛਾਤਿਆਂ ਨੇ ਰਾਤ ਵੇਲੇ ਘਰ ’ਚ ਪਈ ਪੇਟੀ ਤੇ ਅਲਮਾਰੀ ਤੋੜ ਕੇ 5 ਗ੍ਰਾਮ ਦੀ ਛਾਂਪ, 6 ਗ੍ਰਾਮ ਅੰਗੂਠੀ, 6 ਗ੍ਰਾਮ ਦੀਆਂ 2 ਚੂੜੀਆਂ ਸਮੇਤ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ। ਚੋਰੀ ਕੀਤੇ ਸਮਾਨ ਦੀ ਕੀਮਤ 1 ਲੱਖ 75 ਹਜ਼ਾਰ ਰੁਪਏ ਹੈ। ਥਾਣਾ ਸਦਰ ਮਾਨਸਾ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।