ਮਾਨਸਾ , 14 ਸਤੰਬਰ ( ਸ . ਰਿ .)- ਜ਼ਿਲ੍ਹਾ ਆਯੂਸ਼ ਵਿਭਾਗ ਵਲੋਂ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਮਾਨਸਾ ਡਾ . ਨਮਿਤਾ ਗਰਗ ਅਤੇ ਜ਼ਿਲ੍ਹਾ ਹੋਮਿਉਪੈਥੀ ਅਧਿਕਾਰੀ ਡਾ . ਰਾਜੀਵ ਕੁਮਾਰ ਜਿੰਦੀਆ ਦੀ ਰਹਿਨੁਮਾਈ ਹੇਠ ਸਥਾਨਕ ਗੁਰਦੁਆਰਾ ਬਾਗ਼ ਸਾਹਿਬ ਵਿਖੇ ਮੁਫ਼ਤ ਆਯੂਸ਼ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ । ਡਾ . ਨਮਿਤਾ ਗਰਗ ਨੇ ਕਿਹਾ ਕਿ ਆਯੂਸ਼ ਵਿਭਾਗ ਦਾ ਉਦੇਸ਼ ਮੁਫ਼ਤ ਕੈਂਪਾਂ ਰਾਹੀਂ ਲੋਕਾਂ ਨੂੰ ਆਯੁਰਵੇਦ ਅਤੇ ਹੋਮਿਉਪੈਥੀ ਦੀਆਂ ਮੁਫ਼ਤ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਹੈ । ਡਾ . ਸੀਮਾ ਗੋਇਲ ਚਕੇਰੀਆਂ , ਡਾ . ਡਿੰਪੀ ਸ਼ਾਰਦਾ , ਡਾ . ਸ਼ੀਤਲ ਚੌਧਰੀ ਅਤੇ ਡਾ . ਅਕਵਿੰਦਰ ਕੌਰ ਵਲੋਂ ਮਰੀਜ਼ਾਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ । ਕੈਂਪ ਦੌਰਾਨ ਕੁੱਲ 611 ਮਰੀਜ਼ਾਂ ਨੇ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਲਿਆ । ਮਰੀਜ਼ਾਂ ਨੂੰ ਬਿਮਾਰੀਆਂ ਤੋਂ ਬਚਾਅ , ਸਿਹਤਮੰਦ ਜੀਵਨ ਸ਼ੈਲੀ ਅਤੇ ਆਹਾਰ - ਵਿਹਾਰ ਸਬੰਧੀ ਲੋੜੀਂਦੇ ਦਿਸ਼ਾ - ਨਿਰਦੇਸ਼ ਵੀ ਦਿੱਤੇ ਗਏ । ਇਸ ਮੌਕੇ ਉਪ ਵੈਦ ਅਵਤਾਰ ਸਿੰਘ , ਪ੍ਰਿਯੰਕਾ ਰਾਣੀ , ਸੁਖਜਿੰਦਰ ਕੌਰ , ਜਗਤਾਰ ਸਿੰਘ ਆਦਿ ਹਾਜ਼ਰ ਸਨ । ਨੌਜਵਾਨ ਦੀ ਲਾਸ਼ ਝਾੜੀਆਂ ’ਚੋਂ ਮਿਲੀ ਬਠਿੰਡਾ 14 ਸਤੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੇ ਥਰਮਲ ਕਾਲੋਨੀ ਦੇ ਪਿਛਲੇ ਪਾਸੇ ਸਥਿਤ ਸੁੱਚਾ ਸਿੰਘ ਨਗਰ ਵਿਖੇ ਝਾੜੀਆਂ ਵਿਚ ਇਕ ਨੌਜਵਾਨ ਦੀ ਭੇਦਭਰੀ ਹਾਲਾਤ ’ ਚ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ਤੋਂ ਸਹਾਰਾ ਜਨ ਸੇਵਾ ਦੀ ਟੀਮ ਸੰਦੀਪ ਗਿੱਲ ਅਤੇ ਥਰਮਲ ਥਾਣਾ ਪੁਲਿਸ ਟੀਮ ਘਟਨਾ ਸਥਾਨ ’ ਤੇ ਪਹੁੰਚੀ । ਉੱਥੇ ਇਕ ਨੌਜਵਾਨ ਦੀ ਵਿਗੜੀ ਹੋਈ ਲਾਸ਼ ਪਈ ਸੀ , ਜਿਸ ਦੀ ਮੌਤ ਸ਼ੱਕੀ ਹਾਲਾਤਾਂ ਵਿਚ ਹੋਈ ਜਾਪਦੀ ਸੀ । ਮ੍ਰਿਤਕ ਦੇ ਪਰਿਵਾਰਿਕ ਮੈਂਬਰ ਵੀ ਮੌਕੇ ’ ਤੇ ਮੌਜੂਦ ਸਨ । ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਤਿੰਨ ਦਿਨਾਂ ਤੋਂ ਘਰੋਂ ਲਾਪਤਾ ਸੀ ਅਤੇ ਉਹ ਉਸਦੀ ਭਾਲ ਕਰ ਰਹੇ ਸਨ । ਪੁਲਿਸ ਕਾਰਵਾਈ ਤੋਂ ਬਾਅਦ , ਸਹਾਰਾ ਟੀਮ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ ।