ਮਾਨਸਾ, 8 ਸਤੰਬਰ (ਵਿ.ਪ੍ਰਤੀ.)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਦੀ ਐਗਰੀਸਟੈਕ ਅਧੀਨ ਫਾਰਮਰ ਆਈ. ਡੀ. ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਹਰ ਕਿਸਾਨ ਦੀ ਵਿਲੱਖਣ ਐਗਰੀਸਟੈਕ ਆਈ. ਡੀ. ਬਣਾਈ ਜਾ ਰਹੀ ਹੈ, ਜੋ ਭਵਿੱਖ ’ਚ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਖੇਤੀਬਾੜੀ ਸਕੀਮਾਂ, ਸਬਸਿਡੀਆਂ ਅਤੇ ਹੋਰ ਸਰਕਾਰੀ ਸਹੂਲਤਾਂ ਦਾ ਲਾਭ ਪ੍ਰਾਪਤ ਕਰਨ ਲਈ ਮਹੱਤਵਪੂਰਨ ਹੋਵੇਗੀ। ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਦੇ ਨਾਂਅ ’ਤੇ ਵਾਹੀਯੋਗ ਜ਼ਮੀਨ ਦਰਜ ਹੈ, ਉਸ ਦੀ ਵੱਖਰੀ ਫਾਰਮਰ ਰਜਿਸਟਰੀ ਬਣਵਾਉਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਬਲਾਕ ਖੇਤੀਬਾੜੀ ਦਫ਼ਤਰਾਂ ਅਤੇ ਜ਼ਿਲ੍ਹੇ ਦੇ ਪਿੰਡਾਂ ’ਚ ਵਿਸ਼ੇਸ਼ ਕੈਂਪ ਲਗਾ ਕੇ ਕਿਸਾਨਾਂ ਦੀ ਫਾਰਮਰ ਆਈ. ਡੀ. ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕਾਮਨ ਸਰਵਿਸ ਸੈਂਟਰਾਂ (ਸੀ. ਐਸ. ਸੀ.) ਵਿਖੇ ਵੀ ਫਾਰਮਰ ਰਜਿਸਟਰੀ/ਐਗਰੀਸਟੈਕ ਆਈ. ਡੀ. ਬਣਵਾਉਣ ਦੀ ਸਹੂਲਤ ਉਪਲਬਧ ਹੈ।