ਐੱਸ. ਏ. ਐੱਸ. ਨਗਰ, 27 ਨਵੰਬਰ (ਕਪਿਲ ਵਧਵਾ)-ਮੁਹਾਲੀ ਦੇ ਕਾਰੋਬਾਰੀਆਂ ਅਤੇ ਪ੍ਰਾਪਰਟੀ ਦੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਤੋਂ 5-5 ਕਰੋੜ ਰੁਪਏ ਦੀ ਫਿਰੌਤੀ ਮੰਗਣ ਤੇ ਉਨ੍ਹਾਂ ਦੇ ਘਰਾਂ ’ਤੇ ਗੋਲੀਬਾਰੀ ਕਰਵਾਉਣ ਦੇ ਮਾਮਲੇ ਵਿਚ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਬੁੜੈਲ ਜੇਲ੍ਹ ਵਿਚ ਬੰਦ ਗੈਂਗਸਟਰ ਰਵਿੰਦਰ ਸਿੰਘ ਉਰਫ਼ ਕਾਲੀ ਸਮੇਤ 7 ਮੁਲਜ਼ਮਾਂ ਨੂੰ ਸ਼ੁੱਕਰਵਾਰ ਨੂੰ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਕਾਲੀ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ, ਜਦਕਿ ਬਾਕੀ 6 ਮੁਲਜ਼ਮਾਂ ਆਕਾਸ਼, ਸਿਮਰਦੀਪ, ਜਸਵੀਰ, ਜਸਮਨਦੀਪ, ਪ੍ਰਵੀਨ ਅਤੇ ਸੰਜੀਵ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਣ ਦੇ ਹੁਕਮ ਸੁਣਾਏ। ਪੁਲਿਸ ਅਨੁਸਾਰ ਮੁਲਜ਼ਮਾਂ ਦੀਆਂ ਵਾਰਦਾਤਾਂ ‘ਚ ਵੱਖ-ਵੱਖ ਭੂਮਿਕਾਵਾਂ ਸਨ। ਸਿਮਰਦੀਪ ਅਤੇ ਆਕਾਸ਼ ‘ਤੇ ਗੋਲੀਬਾਰੀ ਕਰਨ ਦਾ ਦੋਸ਼ ਹੈ, ਜਦਕਿ ਦੋ ਮੁਲਜ਼ਮਾਂ ਨੇ ਵਾਰਦਾਤ ਤੋਂ ਪਹਿਲਾਂ ਰੇਕੀ ਕੀਤੀ ਸੀ ਅਤੇ ਬਾਕੀ ਦੋ ਨੇ ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੂੰ ਫ਼ਰਾਰ ਹੋਣ ‘ਚ ਮਦਦ ਕੀਤੀ ਸੀ। ਪੁਲਿਸ ਹੁਣ ਫਿਰੌਤੀ ਦੇ ਨੈੱਟਵਰਕ ਅਤੇ ਮੁਲਜ਼ਮਾਂ ਦੇ ਆਪਸੀ ਸੰਪਰਕਾਂ ਦੀ ਜਾਂਚ ਕਰ ਰਹੀ ਹੈ। ਗੈਂਗਸਟਰ ਕਾਲੀ ਤੋਂ ਪੁੱਛਗਿੱਛ ਮਗਰੋਂ 6 ਹੋਰ ਮੁਲਜ਼ਮ ਗ੍ਰਿਫ਼ਤਾਰ ਪੁਲਿਸ ਪਹਿਲਾਂ ਬੁੜੈਲ ਜੇਲ੍ਹ ‘ਚ ਬੰਦ ਰਵਿੰਦਰ ਸਿੰਘ ਉਰਫ਼ ਕਾਲੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਮੁਹਾਲੀ ਲੈ ਕੇ ਆਈ ਸੀ। ਅਦਾਲਤ ਨੇ ਉਸ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਸੀ। ਪੁਲਿਸ ਦਾ ਦੋਸ਼ ਹੈ ਕਿ ਕਾਲੀ ਜੇਲ੍ਹ ‘ਚ ਰਹਿੰਦਿਆਂ ਵੀ ਗੈਂਗ ਦੀਆਂ ਸਰਗਰਮੀਆਂ ਚਲਾ ਰਿਹਾ ਸੀ। ਉਸ ਤੋਂ ਪੁੱਛਗਿੱਛ ਮਗਰੋਂ ਪੁਲਿਸ 6 ਹੋਰ ਮੁਲਜ਼ਮਾਂ ਤੱਕ ਪਹੁੰਚੀ ਹੈ। ਪੁਲਿਸ ਸੂਤਰਾਂ ਅਨੁਸਾਰ ਲਾਰੈਂਸ ਬਿਸ਼ਨੋਈ ਅਤੇ ਲੱਕੀ ਪਟਿਆਲ ਦੇ ਗੈਂਗਾਂ ਵਿਚਕਾਰ ਪੰਜਾਬ ‘ਚ ਫਿਰੌਤੀ ਦੀਆਂ ਵਾਰਦਾਤਾਂ ਨੂੰ ਲੈ ਕੇ ਟਕਰਾਅ ਚੱਲ ਰਿਹਾ ਹੈ। ਦੋਵੇਂ ਗੈਂਗ ਇਕ-ਦੂਜੇ ਦੇ ਦਬਦਬੇ ਨੂੰ ਘਟਾਉਣ ਲਈ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪੁਲਿਸ ਹੁਣ ਇਸ ਪੱਖ ਦੀ ਵੀ ਜਾਂਚ ਕਰ ਰਹੀ ਹੈ ਕਿ ਮੁਲਜ਼ਮਾਂ ਦੇ ਇਨ੍ਹਾਂ ਗੈਂਗਾਂ ਨਾਲ ਕੀ ਸੰਬੰਧ ਹਨ ਅਤੇ ਫਿਰੌਤੀ ਦੇ ਪੂਰੇ ਨੈੱਟਵਰਕ ਨੂੰ ਕਿਵੇਂ ਚਲਾਇਆ ਜਾ ਰਿਹਾ ਸੀ।