28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਡੇਰਾਬੱਸੀ ਵਿਖੇ ਖੂਨ ਨਾਲ ਲੱਥਪੱਥ ਲਾਸ਼ ਮਿਲਣ ਦੇ ਮਾਮਲੇ ’ਚ ਮ੍ਰਿਤਕ ਦਾ ਭਰਾ ਬਰੀ

ਐੱਸ. ਏ.

ਅਜੀਤ ਡੈਸਕ 28-11-2026
ਐੱਸ. ਏ. ਐੱਸ. ਨਗਰ, 27 ਨਵੰਬਰ (ਕਪਿਲ ਵਧਵਾ)-ਡੇਰਾਬੱਸੀ ਦੇ ਬਹੇੜਾ ਰੋਡ ਸਥਿਤ ਪੰਜਾਬ ਐਸਿਡ ਫੈਕਟਰੀ ਨੇੜੇ ਖੂਨ ਨਾਲ ਲੱਥਪੱਥ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ’ਚ ਸ਼ੁੱਕਰਵਾਰ ਨੂੰ ਵਧੀਕ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਮੁਲਜ਼ਮ ਵਜੋਂ ਨਾਮਜ਼ਦ ਮ੍ਰਿਤਕ ਦੇ ਭਰਾ ਮੁਹੰਮਦ ਸਲਮਾਨ (ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਮਲਕਪੁਰ ਨਿਵਾਸੀ) ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਸਿਰਫ਼ ਸ਼ੱਕ ਦੇ ਆਧਾਰ ’ਤੇ ਕਿਸੇ ਨੂੰ ਕਤਲ ਦਾ ਮੁਲਜ਼ਮ ਨਹੀਂ ਠਹਿਰਾਇਆ ਜਾ ਸਕਦਾ ਅਤੇ ਇਸਤਗਾਸਾ ਪੱਖ ਨੂੰ ਆਪਣਾ ਕੇਸ ਸ਼ੱਕ ਤੋਂ ਪਰੇ ਸਾਬਿਤ ਕਰਨਾ ਪੈਂਦਾ ਹੈ। ਅਦਾਲਤ ਵਿਚ ਪੇਸ਼ ਕੀਤੇ ਸਬੂਤਾਂ ਅਨੁਸਾਰ 4 ਜੂਨ 2021 ਨੂੰ ਡੇਰਾਬੱਸੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਐਸਿਡ ਫੈਕਟਰੀ ਨੇੜੇ ਇਕ ਨੌਜਵਾਨ ਦੀ ਲਾਸ਼ ਪਈ ਹੈ। ਮ੍ਰਿਤਕ ਦੀ ਪਛਾਣ ਮੁਹੰਮਦ ਰਿਜ਼ਵਾਨ ਵਜੋਂ ਹੋਈ ਸੀ। ਪੋਸਟਮਾਰਟਮ ਦੌਰਾਨ ਉਸ ਦੇ ਪੇਟ ’ਤੇ ਚਾਕੂ ਨਾਲ ਵਾਰ ਕੀਤੇ ਜਾਣ ਦਾ ਪਤਾ ਲੱਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਅਣਪਛਾਤੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਮੁਹੰਮਦ ਸਲਮਾਨ ਨੂੰ ਮੁਲਜ਼ਮ ਨਾਮਜ਼ਦ ਕੀਤਾ ਗਿਆ ਸੀ। ਪੁਲਿਸ ਦਾ ਦਾਅਵਾ ਸੀ ਕਿ ਮੁਲਜ਼ਮ ਨੇ ਆਪਣੇ ਭਰਾ ਮੁਹੰਮਦ ਰਿਜ਼ਵਾਨ ਦਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਵਿਵਾਦ ਕਾਰਨ ਕਤਲ ਕੀਤਾ ਸੀ। ਪੁਲਿਸ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਸਮੇਂ ਉਸ ਦੀ ਖੂਨ ਨਾਲ ਲੱਥਪੱਥ ਕਮੀਜ਼ ਬਰਾਮਦ ਕਰਨ ਅਤੇ ਉਸ ਦੇ ਬਿਆਨ ’ਤੇ ਵਾਰਦਾਤ ਵਿਚ ਵਰਤਿਆ ਚਾਕੂ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ ਸੀ। ਅਹਿਮ ਗਵਾਹ ਅਦਾਲਤ ਵਿਚ ਮੁਕਰਿਆ ਅਦਾਲਤ ਵਿਚ ਸੁਣਵਾਈ ਦੌਰਾਨ ਇਸਤਗਾਸਾ ਪੱਖ ਦੇ ਅਹਿਮ ਗਵਾਹ ਸਾਹਿਬ ਸਿੰਘ ਨੇ ਮੁਲਜ਼ਮ ਵਿਰੁੱਧ ਗਵਾਹੀ ਨਹੀਂ ਦਿੱਤੀ। ਉਸ ਨੂੰ ਮੁਕਰਿਆ ਹੋਇਆ ਗਵਾਹ ਕਰਾਰ ਦੇ ਕੇ ਸਰਕਾਰੀ ਵਕੀਲ ਵਲੋਂ ਜਿਰ੍ਹਾ ਵੀ ਕੀਤੀ ਗਈ, ਪਰ ਉਸ ਦੀ ਗਵਾਹੀ ਤੋਂ ਇਸਤਗਾਸਾ ਪੱਖ ਨੂੰ ਕੋਈ ਮਦਦ ਨਹੀਂ ਮਿਲੀ। ਗਵਾਹ ਨੇ ਮੰਨਿਆ ਕਿ ਉਹ ਵਾਰਦਾਤ ਵਾਲੀ ਥਾਂ ’ਤੇ ਮੌਜੂਦ ਨਹੀਂ ਸੀ ਅਤੇ ਉਸ ਨੇ ਕੁਝ ਲੋਕਾਂ ਤੋਂ ਸੁਣੀ ਗੱਲ ਦੇ ਆਧਾਰ ’ਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ। ਅਦਾਲਤ ਨੇ ਕਿਹਾ ਕਿ ਮੁਲਜ਼ਮ ਦੀ ਨਾਮਜ਼ਦਗੀ ਸਿਰਫ਼ ਇਸ ਗਵਾਹ ਦੇ ਬਿਆਨ ’ਤੇ ਆਧਾਰਿਤ ਸੀ, ਜਦਕਿ ਉਸ ਨੇ ਖੁਦ ਵਾਰਦਾਤ ਨਹੀਂ ਦੇਖੀ ਸੀ। ਅਜਿਹੀ ਸਥਿਤੀ ਵਿਚ ਉਸ ਦੀ ਗਵਾਹੀ ਕਮਜ਼ੋਰ ਸਬੂਤ ਸੀ। ਅਦਾਲਤ ਨੇ ਇਹ ਵੀ ਕਿਹਾ ਕਿ ਹਾਲਾਤੀ ਸਬੂਤ ਜਿਵੇਂ ਕਿ ਮੁਲਜ਼ਮ ਦੇ ਕਹਿਣ ’ਤੇ ਚਾਕੂ ਦੀ ਬਰਾਮਦਗੀ ਅਤੇ ਉਸ ਦੇ ਕੱਪੜਿਆਂ ’ਤੇ ਖੂਨ ਦੇ ਨਿਸ਼ਾਨ ਮਿਲਣ ਦੇ ਬਾਵਜੂਦ ਇਸਤਗਾਸਾ ਪੱਖ ਅਜਿਹੀ ਪੂਰੀ ਕੜੀ ਸਥਾਪਤ ਨਹੀਂ ਕਰ ਸਕਿਆ, ਜਿਸ ਤੋਂ ਇਹ ਸਾਬਿਤ ਹੋ ਸਕੇ ਕਿ ਕਤਲ ਮੁਲਜ਼ਮ ਨੇ ਹੀ ਕੀਤਾ ਸੀ। ਸ਼ੱਕ ਦਾ ਲਾਭ ਮੁਲਜ਼ਮ ਨੂੰ ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਹਾਲਾਤੀ ਸਬੂਤਾਂ ਦੇ ਮਾਮਲੇ ਵਿਚ ਸਾਰੇ ਸਬੂਤਾਂ ਦੀ ਕੜੀ ਪੂਰੀ ਹੋਣੀ ਲਾਜ਼ਮੀ ਹੈ ਅਤੇ ਕਿਸੇ ਹੋਰ ਵਿਅਕਤੀ ਵਲੋਂ ਜੁਰਮ ਕੀਤੇ ਜਾਣ ਦੀ ਸੰਭਾਵਨਾ ਨੂੰ ਵੀ ਰੱਦ ਕਰਨਾ ਪੈਂਦਾ ਹੈ। ਇਸ ਮਾਮਲੇ ਵਿਚ ਇਸਤਗਾਸਾ ਪੱਖ ਸਬੂਤਾਂ ਨੂੰ ਆਪਸ ਵਿਚ ਜੋੜ ਕੇ ਮੁਲਜ਼ਮ ਵਿਰੁੱਧ ਦੋਸ਼ ਸਾਬਿਤ ਕਰਨ ਵਿਚ ਨਾਕਾਮ ਰਿਹਾ। ਇਸ ਲਈ ਅਦਾਲਤ ਨੇ ਮੁਹੰਮਦ ਸਲਮਾਨ ਨੂੰ ਉਸ ਵਿਰੁੱਧ ਲਗਾਏ ਗਏ ਕਤਲ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ।
ਪਿਛਲੀ ਖ਼ਬਰ ਅਮਰ ਸ਼ਹੀਦ ਜਥੇ. ਬਾਬਾ ਹਨੂੰਮਾਨ ਸਿੰਘ ਦੇ ਜਨਮ ਦਿਹਾੜੇ ਦੀ ਖੁਸ਼ੀ ’ਚ ਗੁਰਮਤਿ ਸਮਾਗਮ 2 ਤੋਂ ਅਗਲੀ ਖ਼ਬਰ ਇੰਮੀਗਲੋਬ ਵੀਜ਼ਾ ਕੰਸਲਟੈਂਟਸ ਵਲੋਂ ਸਿਰੰਡਰ ਕੀਤਾ ਲਾਇਸੰਸ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।