ਚੰਡੀਗੜ੍ਹ, 24 ਨਵੰਬਰ (ਮਾਰਕੰਡਾ)-ਪੀ. ਜੀ. ਆਈ. ਚੰਡੀਗੜ੍ਹ ਲਈ ਦੇ ਰੇਡੀਓਡਾਇਗਨੋਸਿਸ ਵਿਭਾਗ ਦੇ ਪ੍ਰੋਫੈਸਰ ਕੁਸ਼ਲਜੀਤ ਸਿੰਘ ਸੋਢੀ ਨੂੰ ਇੰਡੀਅਨ ਕਾਲਜ ਆਫ਼ ਰੇਡੀਓਲੋਜੀ ਐਂਡ ਇਮੇਜਿੰਗ (ਆਈ. ਸੀ. ਆਰ. ਆਈ.) ਦਾ ਚੇਅਰਮੈਨ ਚੁਣਿਆ ਬਣਾਇਆ, ਜੋ ਕਿ ਇੰਡੀਅਨ ਰੇਡੀਓਲੋਜੀਕਲ ਐਂਡ ਇਮੇਜਿੰਗ ਐਸੋਸੀਏਸ਼ਨ ਦਾ ਅਕਾਦਮਿਕ ਵਿੰਗ ਹੈ, ਜੋ ਦੇਸ਼ ਭਰ ਦੇ ਲਗਪਗ 30,000 ਰੇਡੀਓਲੋਜਿਸਟਾਂ ਦੀ ਨੁਮਾਇੰਦਗੀ ਕਰਦਾ ਹੈ। ਪ੍ਰੋ. ਸੋਢੀ ਨੇ ਪ੍ਰਭਾਵਸ਼ਾਲੀ 10,681 ਵੋਟਾਂ (ਕੁੱਲ 15,128 ਵੋਟਾਂ ਵਿਚੋਂ 70.6%) ਪ੍ਰਾਪਤ ਕਰਕੇ 6,234 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਉਹ ਪੀ. ਜੀ. ਆਈ. ਤੇ ਏਮਜ਼ ਤੋਂ ਇਸ ਵੱਕਾਰੀ ਰਾਸ਼ਟਰੀ ਅਕਾਦਮਿਕ ਸੰਸਥਾ ਦੇ ਮੁਖੀ ਵਜੋਂ ਚੁਣੇ ਜਾਣ ਵਾਲੇ ਪਹਿਲੇ ਰੇਡੀਓਲੋਜਿਸਟ ਬਣ ਚੁੱਕੇ ਹਨ। ਉਨ੍ਹਾਂ ਦੀ ਚੋਣ ਪੀ. ਜੀ. ਆਈ. ਚੰਡੀਗੜ੍ਹ ਲਈ ਇਕ ਮਹੱਤਵਪੂਰਨ ਮੀਲ ਪੱਥਰ ਹੈ ਅਤੇ ਰੇਡੀਓਲੋਜੀ, ਅਕਾਦਮਿਕ ਉੱਤਮਤਾ, ਖੋਜ ਤੇ ਡਾਕਟਰੀ ਸਿੱਖਿਆ ਵਿਚ ਉਨ੍ਹਾਂ ਦੇ ਲੰਬੇ ਸਮੇਂ ਤੋਂ ਪਾਏ ਯੋਗਦਾਨ ਨੂੰ ਮਾਨਤਾ ਦਿੰਦੀ ਹੈ। ਪ੍ਰੋ. ਸੋਢੀ ਇਸ ਸਮੇਂ ਏਸ਼ੀਅਨ ਓਸ਼ੀਅਨ ਸੁਸਾਇਟੀ ਆਫ਼ ਪੀਡੀਆਟ੍ਰਿਕ ਰੇਡੀਓਲੋਜੀ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਉਂਦੇ ਹਨ। ਉਨ੍ਹਾਂ ਦੀ ਚੋਣ ਨਾਲ ਭਾਰਤ ਵਿਚ ਅਕਾਦਮਿਕ ਰੇਡੀਓਲੋਜੀ, ਖੋਜ, ਪੋਸਟ ਗ੍ਰੈਜੂਏਟ ਸਿਖਲਾਈ ਅਤੇ ਪੇਸ਼ੇਵਰ ਵਿਕਾਸ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।