15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਤਿੰਨ ਮਾਮਲਿਆਂ ਵਿਚ ਪੰਚਕੂਲਾ ਪੁਲਿਸ ਨੇ 4 ਹੈਰੋਇਨ ਤਸਕਰ ਕੀਤੇ ਕਾਬੂ

ਪੰਚਕੂਲਾ, 15 ਨਵੰਬਰ (ਕਪਿਲ)-ਪੰਚਕੂਲਾ ਪੁਲਿਸ ਕਮਿਸ਼ਨਰ ਆਈ. ਪੀ.

ਤਿੰਨ ਵੱਖ-ਵੱਖ ਮਾਮਲਿਆਂ ’ਚ ਗ੍ਰਿਫ਼ਤਾਰ ਨਸ਼ਾ ਤਸਕਰ ਪੁਲਿਸ ਹਿਰਾਸਤ ਵਿਚ। ਤਸਵੀਰ : ਕਪਿਲ 16-11-2026
ਪੰਚਕੂਲਾ, 15 ਨਵੰਬਰ (ਕਪਿਲ)-ਪੰਚਕੂਲਾ ਪੁਲਿਸ ਕਮਿਸ਼ਨਰ ਆਈ. ਪੀ. ਐੱਸ. ਪੰਕਜ ਨੈਨ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਦੀਆਂ ਵੱਖ-ਵੱਖ ਕ੍ਰਾਈਮ ਯੂਨਿਟਾਂ ਵਲੋਂ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਪੰਚਕੂਲਾ ਪੁਲਿਸ ਦੀ ਕ੍ਰਾਈਮ ਬ੍ਰਾਂਚ-2, ਕ੍ਰਾਈਮ ਬ੍ਰਾਂਚ-3 ਤੇ ਐਂਟੀ ਨਾਰਕੋਟਿਕ ਸੈੱਲ ਦੀਆਂ ਟੀਮਾਂ ਨੇ ਤਿੰਨ ਵੱਖ-ਵੱਖ ਮਾਮਲਿਆਂ ਵਿਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਕੁੱਲ 128.74 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਹੈਰੋਇਨ ਦੀ ਅੰਦਾਜ਼ਨ ਕੀਮਤ 25.75 ਲੱਖ ਰੁ. ਦੱਸੀ ਗਈ ਹੈ। ਪਹਿਲੇ ਮਾਮਲੇ ਸੰਬੰਧੀ ਏ. ਸੀ. ਪੀ. ਕ੍ਰਾਈਮ ਵਿਕਰਮ ਨੇਹਰਾ ਨੇ ਦੱਸਿਆ ਕਿ 12 ਨਵੰਬਰ ਨੂੰ ਕ੍ਰਾਈਮ ਬ੍ਰਾਂਚ-2 ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਸੈਕਟਰ-16 ਸਥਿਤ ਸਬਜ਼ੀ ਮੰਡੀ ਨੇੜੇ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ ਅਤੇ ਉਸ ਦਿਨ ਵੀ ਕਿਸੇ ਗਾਹਕ ਨੂੰ ਨਸ਼ੀਲਾ ਪਦਾਰਥ ਵੇਚਣ ਦੀ ਤਾਕ ਵਿਚ ਉਥੇ ਖੜ੍ਹਾ ਹੈ। ਸੂਚਨਾ ਦੇ ਆਧਾਰ ’ਤੇ ਕ੍ਰਾਈਮ ਬ੍ਰਾਂਚ-2 ਦੇ ਇੰਚਾਰਜ ਪ੍ਰਵੀਨ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਯੋਜਨਾਬੱਧ ਢੰਗ ਨਾਲ ਛਾਪੇਮਾਰੀ ਕਰਕੇ ਮੁਲਜ਼ਮ ਗੁਰਦਾਸ ਉਰਫ਼ ਕਾਕੂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ 10.28 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਪੰਚਕੂਲਾ ਦੇ ਸੈਕਟਰ-17 ਦਾ ਰਹਿਣ ਵਾਲਾ ਹੈ। ਡੀ. ਸੀ. ਪੀ. ਅਮਰਿੰਦਰ ਸਿੰਘ ਅਨੁਸਾਰ ਮੁਲਜ਼ਮ ਖ਼ਿਲਾਫ਼ ਥਾਣਾ ਸੈਕਟਰ-14 ਪੰਚਕੂਲਾ ਵਿਚ ਐਨ. ਡੀ. ਪੀ. ਐੱਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੂਜੇ ਮਾਮਲੇ ਵਿਚ 13 ਨਵੰਬਰ ਨੂੰ ਕ੍ਰਾਈਮ ਬ੍ਰਾਂਚ-3 ਦੀ ਟੀਮ ਕਾਲਕਾ-ਪਿੰਜੌਰ ਇਲਾਕੇ ਵਿਚ ਗਸ਼ਤ ਅਤੇ ਅਪਰਾਧਿਕ ਗਤੀਵਿਧੀਆਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਵਿਅਕਤੀ ਪਿੰਡ ਭੈਰੋਂ ਕੀ ਸੈਰ ਸਥਿਤ ਬਾਲਾਜੀ ਮੰਦਰ ਵੱਲ ਜਾਣ ਵਾਲੀ ਸੜਕ ’ਤੇ ਕਿਸੇ ਗਾਹਕ ਨੂੰ ਹੈਰੋਇਨ ਸਪਲਾਈ ਕਰਨ ਲਈ ਆਉਣ ਵਾਲਾ ਹੈ। ਇਸ ’ਤੇ ਕ੍ਰਾਈਮ ਬ੍ਰਾਂਚ-3 ਦੇ ਇੰਚਾਰਜ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਛਾਪੇਮਾਰੀ ਕਰਕੇ ਮੁਲਜ਼ਮ ਰਵੀ ਕੁਮਾਰ ਨੂੰ ਕਾਬੂ ਕਰ ਲਿਆ। ਨਿਯਮਾਂ ਅਨੁਸਾਰ ਲਈ ਗਈ ਤਲਾਸ਼ੀ ਦੌਰਾਨ ਉਸ ਕੋਲੋਂ 37 ਗ੍ਰਾਮ 46 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੂਲ ਰੂਪ ਵਿਚ ਰਾਜਸਥਾਨ ਦਾ ਰਹਿਣ ਵਾਲਾ ਮੁਲਜ਼ਮ ਇਸ ਸਮੇਂ ਪੰਚਕੂਲਾ ਦੇ ਟਿੱਪਰਾ ਵਿਚ ਰਹਿ ਰਿਹਾ ਹੈ। ਉਹ ਚੰਡੀਗੜ੍ਹ ਦੇ ਮਨੀਮਾਜਰਾ ਤੋਂ ਹੈਰੋਇਨ ਖਰੀਦ ਕੇ ਉਸ ਦੀਆਂ ਛੋਟੀਆਂ-ਛੋਟੀਆਂ ਪੁੜੀਆਂ ਬਣਾਉਂਦਾ ਸੀ ਅਤੇ ਕਾਲਕਾ-ਪਿੰਜੌਰ ਇਲਾਕੇ ਵਿਚ ਨਸ਼ਾ ਕਰਨ ਵਾਲੇ ਲੋਕਾਂ ਨੂੰ ਮਹਿੰਗੇ ਭਾਅ ਵੇਚਦਾ ਸੀ। ਮੁਲਜ਼ਮ ਨੇ ਹੋਰ ਲੋਕਾਂ ਨੂੰ ਵੀ ਹੈਰੋਇਨ ਵੇਚਣ ਦੀ ਗੱਲ ਕਬੂਲ ਕੀਤੀ ਹੈ। ਉਸ ਖ਼ਿਲਾਫ਼ ਥਾਣਾ ਕਾਲਕਾ ਵਿਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਖ਼ਿਲਾਫ਼ ਚੰਡੀਗੜ੍ਹ ਵਿਚ ਪਹਿਲਾਂ ਵੀ ਲੜਾਈ-ਝਗੜੇ ਦਾ ਇਕ ਮਾਮਲਾ ਦਰਜ ਹੈ। ਪੁਲਿਸ ਨੇ ਉਸ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਲੈ ਕੇ ਨਸ਼ੇ ਦੀ ਸਪਲਾਈ ਦੇ ਸ੍ਰੋਤ ਪੂਰੇ ਨੈੱਟਵਰਕ ਅਤੇ ਹੋਰ ਸੰਭਾਵਿਤ ਸਾਥੀਆਂ ਬਾਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਡੀ. ਸੀ. ਪੀ. ਅਮਰਿੰਦਰ ਸਿੰਘ ਅਨੁਸਾਰ ਤੀਜੇ ਮਾਮਲੇ ’ਚ 14 ਨਵੰਬਰ ਨੂੰ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁਰਿੰਦਰ ਕੁਮਾਰ ਉਰਫ਼ ਮੰਗਲ ਅਤੇ ਨਿਪੁਣ ਨਾਂਅ ਦੇ ਦੋ ਨੌਜਵਾਨ ਸਵਿਫ਼ਟ ਕਾਰ ਵਿਚ ਸਵਾਰ ਹੋ ਕੇ ਤਾਊ ਦੇਵੀ ਲਾਲ ਸਟੇਡੀਅਮ ਸੈਕਟਰ-3 ਪੰਚਕੂਲਾ ਦੇ ਪਿੱਛੇ ਵਾਲੀ ਸੜਕ ’ਤੇ ਹੈਰੋਇਨ ਦੀ ਸਪਲਾਈ ਦੇਣ ਲਈ ਗਾਹਕਾਂ ਦੀ ਉਡੀਕ ਕਰ ਰਹੇ ਹਨ। ਸੂਚਨਾ ਮਿਲਦਿਆਂ ਹੀ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਛਾਪੇਮਾਰੀ ਕਰਕੇ ਦੋਵਾਂ ਮੁਲਜ਼ਮਾਂ ਨੂੰ ਸਵਿਫ਼ਟ ਕਾਰ ਸਮੇਤ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਮੁਲਜ਼ਮ ਨਿਪੁਣ ਦੀ ਪੈਂਟ ਦੀ ਜੇਬ ਵਿਚੋਂ 50 ਗ੍ਰਾਮ ਹੈਰੋਇਨ ਅਤੇ ਦੂਜੇ ਮੁਲਜ਼ਮ ਸੁਰਿੰਦਰ ਕੁਮਾਰ ਉਰਫ਼ ਮੰਗਲ ਕੋਲੋਂ 31 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤਰ੍ਹਾਂ ਦੋਵਾਂ ਕੋਲੋਂ ਕੁੱਲ 81 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਨਸ਼ੇ ਦੀ ਸਪਲਾਈ ਲਈ ਵਰਤੀ ਜਾ ਰਹੀ ਸਵਿਫ਼ਟ ਕਾਰ ਨੂੰ ਵੀ ਕਬਜ਼ੇ ਵਿਚ ਲੈ ਲਿਆ ਹੈ। ਇਸ ਸੰਬੰਧੀ ਥਾਣਾ ਸੈਕਟਰ-20 ਪੰਚਕੂਲਾ ਵਿਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ , ਜਿੱਥੋਂ ਉਨ੍ਹਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਵਿਚ ਦੋਵਾਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਬਰਾਮਦ ਕੀਤੀ ਗਈ ਹੈਰੋਇਨ ਪੰਜਾਬ ਦੇ ਜਲਾਲਾਬਾਦ ਤੋਂ ਖਰੀਦ ਕੇ ਲਿਆਏ ਸਨ ਅਤੇ ਅੱਗੇ ਸਪਲਾਈ ਕਰਨ ਦੀ ਤਿਆਰੀ ਵਿਚ ਸਨ। ਮੁਲਜ਼ਮ ਸੁਰਿੰਦਰ ਕੁਮਾਰ ਖ਼ਿਲਾਫ਼ ਪਹਿਲਾਂ ਵੀ ਲੜਾਈ-ਝਗੜੇ ਦਾ ਇਕ ਮਾਮਲਾ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਪਿਛਲੀ ਖ਼ਬਰ ਗੁਰੂ ਨਾਨਕ ਖਾਲਸਾ ਸਕੂਲ ਨੇ ਸਾਲਾਨਾ ਇਨਾਮ ਵੰਡ ਸਮਾਰੋਹ ਬਾਲ ਦਿਵਸ ਨੂੰ ਸਮਰਪਿਤ ਕਰ ਕੇ ਮਨਾਇਆ ਅਗਲੀ ਖ਼ਬਰ ਜਲੰਧਰ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਛੱਠ ਪੂਜਾ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।