11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

5 ਪਿਸਤੌਲਾਂ ਸਮੇਤ ਜ਼ਿੰਦਾ ਕਾਰਤੂਸ , 100 ਗ੍ਰਾਮ ਹੈਰੋਇਨ , 1 ਲੱਖ ਰੁ . ਦੀ ਡਰੱਗ ਮਨੀ ਤੇ ਕਰੇਟਾ ਕਾਰ ਬਰਾਮਦ

ਐੱਸ. ਏ.

ਕਾਬੂ ਮੁਲਜ਼ਮਾਂ ਤੇ ਉਨ੍ਹਾਂ ਤੋਂ ਬਰਾਮਦ ਅਸਲ੍ਹੇ ਤੇ ਨਸ਼ੀਲੇ ਪਦਾਰਥ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਮੁਹਾਲੀ ਵਰੁਣ ਸ਼ਰਮਾ। ਤਸਵੀਰ : ਰਾਕੇਸ਼ ਸ਼ਾਹ 11-11-2026
ਐੱਸ. ਏ. ਐੱਸ. ਨਗਰ, 10 ਨਵੰਬਰ (ਕਪਿਲ ਵਧਵਾ)-ਮੁਹਾਲੀ ਪੁਲਿਸ ਨੇ ਪਾਕਿਸਤਾਨ ਆਧਾਰਿਤ ਹੈਂਡਲਰਾਂ ਦੇ ਇਸ਼ਾਰੇ ‘ਤੇ ਡਰੋਨ ਰਾਹੀਂ ਸਰਹੱਦ ਪਾਰ ਤੋਂ ਹੈਰੋਇਨ ਮੰਗਵਾ ਕੇ ਟ੍ਰਾਈਸਿਟੀ ਵਿਚ ਸਪਲਾਈ ਕਰਨ ਵਾਲੇ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 5 ਨਾਜਾਇਜ਼ ਪਿਸਤੌਲ, 100 ਗ੍ਰਾਮ ਹੈਰੋਇਨ, 1 ਲੱਖ ਰੁ. ਦੀ ਡਰੱਗ ਮਨੀ ਤੇ ਤਸਕਰੀ ਲਈ ਵਰਤੀ ਜਾਂਦੀ ਕਰੇਟਾ ਕਾਰ ਬਰਾਮਦ ਕੀਤੀ ਹੈ। ਇਸ ਸੰਬੰਧੀ ਐੱਸ. ਐੱਸ. ਪੀ. ਮੁਹਾਲੀ ਵਰੁਣ ਸ਼ਰਮਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸੀ. ਆਈ. ਏ. ਸਟਾਫ਼ ਮੁਹਾਲੀ ਦੀ ਟੀਮ 7 ਨਵੰਬਰ ਨੂੰ ਖਰੜ ਇਲਾਕੇ ਵਿਚ ਗਸ਼ਤ ਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੀ ਸੀ। ਇਸੇ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸੰਬੰਧਿਤ ਚਾਰ ਵਿਅਕਤੀ ਕਰੇਟਾ ਕਾਰ ਵਿਚ ਸਵਾਰ ਹੋ ਕੇ ਮੁਹਾਲੀ ਦੇ ਵੱਖ-ਵੱਖ ਇਲਾਕਿਆਂ ਵਿਚ ਨਸ਼ਾ ਤੇ ਹਥਿਆਰ ਸਪਲਾਈ ਕਰਦੇ ਹਨ। ਪੁਲਿਸ ਟੀਮ ਨੇ ਇਸ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਚਾਰਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ (23) ਵਾਸੀ ਗੁਰੂ ਹਰਿਸਹਾਏ (ਮੁੱਖ ਮੁਲਜ਼ਮ), ਸੁਨੀਲ ਉਰਫ਼ ਸੰਨੀ (26) ਵਾਸੀ ਪਿੰਡ ਕਮਾਲਵਾਲਾ, ਗੁਰਪ੍ਰੀਤ ਸਿੰਘ ਉਰਫ਼ ਗੁਰੀ (24) ਵਾਸੀ ਪਿੰਡ ਈਸਾ ਪੰਜ ਗਰਾਹੀ ਤੇ ਸੁਖਚੈਨ ਸਿੰਘ ਉਰਫ਼ ਸੁੱਖਾ (23) ਵਾਸੀ ਗੰਦੂ ਕਿਲਚਾ ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਹੋਈ ਹੈ। ਐੱਸ. ਐੱਸ. ਪੀ. ਨੇ ਅੱਗੇ ਦੱਸਿਆ ਕਿ ਮਾਮਲੇ ਦੀ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਾਕਿਸਤਾਨ ਆਧਾਰਿਤ ਪੀ. ਆਈ. ਓਜ਼ ਦੇ ਸੰਪਰਕ ਵਿਚ ਸਨ। ਉਹ ਡਰੋਨ ਰਾਹੀਂ ਸਰਹੱਦ ਪਾਰ ਤੋਂ ਭੇਜੀ ਜਾਂਦੀ ਹੈਰੋਇਨ ਨਿਰਧਾਰਤ ਥਾਵਾਂ ਤੋਂ ਪ੍ਰਾਪਤ ਕਰਦੇ ਸਨ ਅਤੇ ਵੱਧ ਮੁਨਾਫ਼ਾ ਕਮਾਉਣ ਲਈ ਇਸ ਨੂੰ ਮੁਹਾਲੀ ਤੇ ਚੰਡੀਗੜ੍ਹ ਸਮੇਤ ਸਮੁੱਚੇ ਟ੍ਰਾਈਸਿਟੀ ਵਿਚ ਸਪਲਾਈ ਕਰਦੇ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇਕ ਜ਼ਿਗਾਨਾ .30 ਬੋਰ ਪਿਸਤੌਲ, ਦੋ .32 ਬੋਰ ਪਿਸਤੌਲ ਤੇ ਦੋ .315 ਬੋਰ ਪਿਸਤੌਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਤੋਂ 100 ਗ੍ਰਾਮ ਹੈਰੋਇਨ, 1 ਲੱਖ ਰੁ. ਦੀ ਡਰੱਗ ਮਨੀ ਅਤੇ ਤਸਕਰੀ ਲਈ ਵਰਤੀ ਜਾਂਦੀ ਕਰੇਟਾ ਕਾਰ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਸਿਟੀ ਖਰੜ ਵਿਖੇ ਐੱਨ. ਡੀ. ਪੀ. ਐੱਸ. ਐਕਟ ਤੇ ਅਸਲ੍ਹਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਚਾਰਾਂ ਮੁਲਜ਼ਮਾਂ ਦਾ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ। ਐੱਸ. ਐੱਸ. ਪੀ. ਅਨੁਸਾਰ ਫ਼ਿਲਹਾਲ ਚਾਰਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਗਰੋਹ ਦੇ ਹੋਰਨਾਂ ਸੰਪਰਕਾਂ ਤੇ ਤਸਕਰੀ ਦੇ ਨੈੱਟਵਰਕ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਚੰਡੀਗੜ੍ਹ ’ਚ 15 ਨੂੰ ਲੱਗੇਗਾ ‘ਤੇਰਾ ਸਿੰਘ ਚੰਨ ਸਾਹਿਤਕ ਮੇਲਾ’ ਅਗਲੀ ਖ਼ਬਰ ਇੰਸਟਾਗ੍ਰਾਮ ’ਤੇ ‘ਮਿਸ ਯੂ ਭਾਈ’ ਪੋਸਟ ਪਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖੂਨੀ ਝੜਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।