ਸੈਕਟਰ -15 ’ ਚ ਦਰੱਖ਼ਤ ਡਿਗਣ ਨਾਲ ਬਿਜਲੀ ਦੇ ਖੰਭੇ ਟੁੱਟੇ , ਵਾਹਨਾਂ ਦਾ ਨੁਕਸਾਨ ਸਾਬਕਾ ਮੇਅਰ ਅਨੂ ਚਤਰਥ ਦੀ ਕਾਰ ਵੀ ਆਈ ਲਪੇਟ ’ਚ, ਪੁਰਾਣੇ ਦਰੱਖ਼ਤਾਂ ਦੀ ਜਾਂਚ ਦੀ ਉੱਠੀ ਮੰਗ
ਚੰਡੀਗੜ੍ਹ, 26 ਅਕਤੂਬਰ (ਸੰਦੀਪ ਕੁਮਾਰ ਮਾਹਨਾ)–ਚੰਡੀਗੜ੍ਹ ਦੇ ਸੈਕਟਰ-15 ’ਚ ਸੋਮਵਾਰ ਸਵੇਰੇ ਇਕ ਵਿਸ਼ਾਲ ਨਿੰਮ ਦਾ ਦਰੱਖ਼ਤ ਜੜ੍ਹੋਂ ਉੱਖੜ ਕੇ ਡਿਗਣ ਕਾਰਨ ਬਿਜਲੀ ਦੇ ਤਿੰਨ ਖੰਭੇ ਟੁੱਟ ਗਏ ਅਤੇ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ। ਹਾਦਸੇ ਵਿਚ ਸਾਬਕਾ ਮੇਅਰ ਅਨੂ ਚਤਰਥ ਦੀ ਕਾਰ ਵੀ ਨੁਕਸਾਨੀ ਗਈ।
ਚੰਡੀਗੜ੍ਹ, 26 ਅਕਤੂਬਰ (ਸੰਦੀਪ ਕੁਮਾਰ ਮਾਹਨਾ)–ਚੰਡੀਗੜ੍ਹ ਦੇ ਸੈਕਟਰ-15 ’ਚ ਸੋਮਵਾਰ ਸਵੇਰੇ ਇਕ ਵਿਸ਼ਾਲ ਨਿੰਮ ਦਾ ਦਰੱਖ਼ਤ ਜੜ੍ਹੋਂ ਉੱਖੜ ਕੇ ਡਿਗਣ ਕਾਰਨ ਬਿਜਲੀ ਦੇ ਤਿੰਨ ਖੰਭੇ ਟੁੱਟ ਗਏ ਅਤੇ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ। ਹਾਦਸੇ ਵਿਚ ਸਾਬਕਾ ਮੇਅਰ ਅਨੂ ਚਤਰਥ ਦੀ ਕਾਰ ਵੀ ਨੁਕਸਾਨੀ ਗਈ। ਖ਼ੁਸ਼ਕਿਸਮਤੀ ਨਾਲ ਉਹ ਹਾਦਸੇ ਤੋਂ ਕੁੱਝ ਸਮਾਂ ਪਹਿਲਾਂ ਹੀ ਕਾਰ ’ਚੋਂ ਉਤਰ ਗਏ ਸਨ, ਜਿਸ ਕਾਰਨ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਸ਼ਹਿਰ ਦੇ ਪੁਰਾਣੇ ਅਤੇ ਕਮਜ਼ੋਰ ਦਰੱਖ਼ਤਾਂ ਦੀ ਪਛਾਣ ਕਰਕੇ ਸਮੇਂ ਸਿਰ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ। ਦਰੱਖ਼ਤ ਡਿਗਣ ਕਾਰਨ ਬਿਜਲੀ ਦੇ ਖੰਭੇ ਟੁੱਟ ਗਏ ਅਤੇ ਤਾਰਾਂ ਸੜਕ ’ਤੇ ਖਿੱਲਰ ਗਈਆਂ। ਇਸ ਦੌਰਾਨ ਉੱਥੇ ਖੜ੍ਹੇ ਕੁਝ ਹੋਰ ਵਾਹਨ ਵੀ ਦਰੱਖ਼ਤ ਅਤੇ ਖੰਭਿਆਂ ਦੀ ਲਪੇਟ ਵਿਚ ਆਉਣ ਕਾਰਨ ਨੁਕਸਾਨੇ ਗਏ। ਦਾਅਵਾ ਕੀਤਾ ਗਿਆ ਕਿ ਬਿਜਲੀ ਦੀਆਂ ਤਾਰਾਂ ਵਿਚ ਕਰੀਬ ਅੱਧੇ ਘੰਟੇ ਤੱਕ ਕਰੰਟ ਚੱਲਦਾ ਰਿਹਾ, ਪਰ ਇਸ ਦੌਰਾਨ ਕੋਈ ਵਿਅਕਤੀ ਇਸ ਦੀ ਲਪੇਟ ਵਿਚ ਨਹੀਂ ਆਇਆ। ਸੈਕਟਰ-15 ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਦੇ ਵਾਰਡ ਨੰਬਰ-12 ਅਧੀਨ ਆਉਂਦਾ ਹੈ। ਇਹ ਹਾਦਸਾ ਚੰਡੀਗੜ੍ਹ ਦੀ ਦੋ ਵਾਰ ਮੇਅਰ ਰਹਿ ਚੁੱਕੀ ਅਤੇ ਮੌਜੂਦਾ ਸਮੇਂ ਪੰਜਾਬ ਦੀ ਸੀਨੀਅਰ ਵਧੀਕ ਐਡਵੋਕੇਟ ਜਨਰਲ ਅਨੂ ਚਤਰਥ ਦੇ ਘਰ ਦੇ ਨੇੜੇ ਵਾਪਰਿਆ। ਦਰੱਖ਼ਤ ਡਿਗਣ ਦੌਰਾਨ ਬਿਜਲੀ ਦਾ ਇੱਕ ਖੰਭਾ ਉਨ੍ਹਾਂ ਦੀ ਕਾਰ ’ਤੇ ਜਾ ਡਿੱਗਿਆ। ਅਨੂ ਚਤਰਥ ਨੇ ਦੱਸਿਆ ਕਿ ਉਹ ਘਟਨਾ ਤੋਂ ਕੁਝ ਸਮਾਂ ਪਹਿਲਾਂ ਹੀ ਕਾਰ ’ਚੋਂ ਉਤਰੇ ਸਨ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿਚ ਕਿਸੇ ਵਿਅਕਤੀ ਦੇ ਜਾਨੀ ਨੁਕਸਾਨ ਤੋਂ ਬਚਾਅ ਹੋਣਾ ਰਾਹਤ ਦੀ ਗੱਲ ਹੈ। ਸਾਬਕਾ ਪੁਲਿਸ ਮੁਖੀ ਦਿਨਕਰ ਗੁਪਤਾ ਦਾ ਘਰ ਵੀ ਨੇੜੇ ਹਾਦਸੇ ਵਾਲੀ ਥਾਂ ਦੇ ਨੇੜੇ ਹੀ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਦਿਨਕਰ ਗੁਪਤਾ ਦਾ ਘਰ ਵੀ ਸਥਿਤ ਹੈ। ਦੱਸਿਆ ਜਾਂਦਾ ਹੈ ਕਿ ਦਰੱਖ਼ਤ ਡਿੱਗਣ ਤੋਂ ਕੁਝ ਸਮਾਂ ਪਹਿਲਾਂ ਉੱਥੇ ਦਿਨਕਰ ਗੁਪਤਾ ਦੇ ਸੁਰੱਖਿਆ ਮੁਲਾਜ਼ਮ ਗੱਡੀ ਲੈ ਕੇ ਖੜ੍ਹੇ ਸਨ। ਉਨ੍ਹਾਂ ਦੇ ਉੱਥੋਂ ਚਲੇ ਜਾਣ ਤੋਂ ਬਾਅਦ ਅਚਾਨਕ ਦਰੱਖ਼ਤ ਜੜ੍ਹੋਂ ਉੱਖੜ ਕੇ ਡਿੱਗ ਪਿਆ। ਬਿਜਲੀ ਸਪਲਾਈ ਪ੍ਰਭਾਵਿਤ , ਬਹਾਲੀ ਦਾ ਕੰਮ ਸ਼ੁਰੂ ਦਰੱਖ਼ਤ ਡਿੱਗਣ ਅਤੇ ਬਿਜਲੀ ਦੇ ਖੰਭੇ ਟੁੱਟਣ ਕਾਰਨ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ। ਸੂਚਨਾ ਮਿਲਣ ’ਤੇ ਨਗਰ ਨਿਗਮ ਅਤੇ ਬਿਜਲੀ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਦਰੱਖ਼ਤ ਦਾ ਮਲਬਾ ਹਟਾਉਣ ਅਤੇ ਬਿਜਲੀ ਪ੍ਰਬੰਧ ਨੂੰ ਮੁੜ ਸੁਚਾਰੂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਕਰਮਚਾਰੀ ਨੁਕਸਾਨੇ ਗਏ ਖੰਭਿਆਂ ਅਤੇ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਕਰਕੇ ਸਪਲਾਈ ਬਹਾਲ ਕਰਨ ਵਿੱਚ ਜੁਟੇ ਰਹੇ। ਅਨੂ ਚਤਰਥ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਪੁਰਾਣੇ, ਅੰਦਰੋਂ ਖੋਖਲੇ ਅਤੇ ਕਮਜ਼ੋਰ ਹੋ ਚੁੱਕੇ ਦਰੱਖ਼ਤਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਨਿਯਮਤ ਜਾਂਚ ਕੀਤੀ ਜਾਵੇ ਅਤੇ ਲੋੜ ਅਨੁਸਾਰ ਸਮੇਂ ਸਿਰ ਕਾਰਵਾਈ ਕੀਤੀ ਜਾਵੇ। ਇਸ ਘਟਨਾ ਨੇ ਇਕ ਵਾਰ ਫਿਰ ਸ਼ਹਿਰ ਵਿਚ ਦਰੱਖ਼ਤਾਂ ਦੀ ਸਾਂਭ-ਸੰਭਾਲ ਅਤੇ ਸੰਭਾਵੀ ਖ਼ਤਰਿਆਂ ਨੂੰ ਦੂਰ ਕਰਨ ਦੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।