ਐੱਸ. ਏ. ਐੱਸ. ਨਗਰ, 19 ਅਕਤੂਬਰ (ਕਪਿਲ ਵਧਵਾ)- ਕ੍ਰੈਡਿਟ ਕਾਰਡ ਚਾਲੂ ਕਰਵਾਉਣ ਦਾ ਝਾਂਸਾ ਦੇ ਕੇ 57 ਸਾਲਾ ਮਹਿਲਾ ਨਾਲ 1,20,471 ਰੁ. ਦੀ ਠੱਗੀ ਮਾਰਨ ਦੇ ਮਾਮਲੇ ਵਿਚ ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਨੇ ਖ਼ੁਦ ਨੂੰ ਬੈਂਕ ਦੇ ਕ੍ਰੈਡਿਟ ਕਾਰਡ ਵਿਭਾਗ ਦਾ ਮੁਲਾਜ਼ਮ ਦੱਸ ਕੇ ਮਹਿਲਾ ਨੂੰ ਫ਼ੋਨ ਕੀਤਾ ਅਤੇ ਵਟਸਐਪ ’ਤੇ ਇਕ ਐਪ ਦਾ ਲਿੰਕ ਭੇਜ ਕੇ ਉਸ ਨੂੰ ਡਾਊਨਲੋਡ ਕਰਨ ਲਈ ਕਿਹਾ। ਪੁਲਿਸ ਨੂੰ ਦਿੱਤੇ ਬਿਆਨ ਵਿਚ ਦਮਨਜੀਤ ਕੌਰ ਨੇ ਦੱਸਿਆ ਕਿ 21 ਸਤੰਬਰ 2026 ਨੂੰ ਉਨ੍ਹਾਂ ਦੇ ਮੋਬਾਈਲ ’ਤੇ ਇਕ ਅਣਪਛਾਤੇ ਨੰਬਰ ਤੋਂ ਫ਼ੋਨ ਆਇਆ। ਫ਼ੋਨ ਕਰਨ ਵਾਲੇ ਨੇ ਕ੍ਰੈਡਿਟ ਕਾਰਡ ਚਾਲੂ ਕਰਨ ਦੀ ਗੱਲ ਕਹਿੰਦਿਆਂ ਆਪਣੇ ਆਪ ਨੂੰ ਬੈਂਕ ਦੇ ਕ੍ਰੈਡਿਟ ਕਾਰਡ ਵਿਭਾਗ ਨਾਲ ਸੰਬੰਧਿਤ ਦੱਸਿਆ। ਇਸ ਤੋਂ ਬਾਅਦ ਉਸ ਨੇ ਵਟਸਐਪ ਰਾਹੀਂ ਆਰ. ਬੀ. ਐੱਲ. ਕ੍ਰੈਡਿਟ ਕਾਰਡ ਐਪ ਦਾ ਲਿੰਕ ਭੇਜਿਆ। ਮਹਿਲਾ ਨੇ ਲਿੰਕ ਰਾਹੀਂ ਐਪ ਡਾਊਨਲੋਡ ਕਰਕੇ ਉਸ ਵਿਚ ਆਪਣੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਭਰ ਦਿੱਤੀ। ਇਸ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੇ ਮੋਬਾਈਲ ’ਤੇ ਕਈ ਓ. ਟੀ. ਪੀ. ਆਉਣ ਲੱਗੇ ਅਤੇ ਫ਼ੋਨ ਬੰਦ ਹੋ ਗਿਆ। ਵਟਸਐਪ ’ਤੇ ਕਿਸੇ ਹੋਰ ਵਿਅਕਤੀ ਵਲੋਂ ਖਾਤਾ ਚਲਾਉਣ ਦੀ ਕੋਸ਼ਿਸ਼ ਕੀਤੇ ਜਾਣ ਸੰਬੰਧੀ ਸੁਨੇਹਾ ਵੀ ਮਿਲਿਆ। ਫ਼ੋਨ ਮੁੜ ਚਾਲੂ ਕਰਨ ’ਤੇ ਕਈ ਓ. ਟੀ. ਪੀ. ਮਿਲੇ। ਇਸੇ ਦੌਰਾਨ ਮੁਲਜ਼ਮ ਨੇ ਮੁੜ ਫ਼ੋਨ ਕਰਕੇ ਹੋਰ ਬੈਂਕਾਂ ਦੇ ਕ੍ਰੈਡਿਟ ਕਾਰਡਾਂ ਬਾਰੇ ਪੁੱਛਿਆ।ਮਹਿਲਾ ਮੁਤਾਬਿਕ ਆਰ. ਬੀ. ਐੱਲ., ਆਈ. ਸੀ. ਆਈ. ਸੀ. ਆਈ. ਅਤੇ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡਾਂ ਨਾਲ ਸੰਬੰਧਿਤ ਚਾਰ ਲੈਣ-ਦੇਣ ਹੋਏ, ਜਿਨ੍ਹਾਂ ਰਾਹੀਂ ਕੁੱਲ 1,20,471 ਰੁ. ਕਢਵਾ ਲਏ ਗਏ। ਠੱਗੀ ਦਾ ਪਤਾ ਲੱਗਣ ’ਤੇ ਉਨ੍ਹਾਂ ਨੇ 22 ਸਤੰਬਰ ਨੂੰ ਸਾਈਬਰ ਕ੍ਰਾਈਮ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਈ। ਜਾਂਚ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰਕੇ ਅਣਪਛਾਤੇ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਲੈਣ-ਦੇਣ ਸੰਬੰਧੀ ਤੱਥਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।