ਐੱਸ. ਏ. ਐੱਸ. ਨਗਰ, 16 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀ ਪਾਰਟੀ ਦੇ ਸੋਸ਼ਲ ਮੀਡੀਆ ਪੇਜ਼ ਬੰਦ ਕੀਤੇ ਜਾਣ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਇਸ ਕਾਰਵਾਈ ਨੂੰ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਵਿਰੁੱਧ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਦੇ ਵਿਰੋਧ ‘ਚ 15 ਅਕਤੂਬਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੌਰਾਨ ਮਿਸਲ ਸਤਲੁਜ ਪਾਰਟੀ ਨੇ ਪੂਰੀ ਸਰਗਰਮੀ ਅਤੇ ਦ੍ਰਿੜਤਾ ਨਾਲ ਆਪਣਾ ਯੋਗਦਾਨ ਪਾਇਆ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਲੋਕਤੰਤਰੀ ਵਿਵਸਥਾ ‘ਚ ਨਾਗਰਿਕਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ, ਰਾਜ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਅਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾਉਣ ਦਾ ਸੰਵਿਧਾਨਕ ਹੱਕ ਪ੍ਰਾਪਤ ਹੈ। ਉਨ੍ਹਾਂ ਅਫ਼ਸੋਸ ਜ਼ਾਹਿਰ ਕੀਤਾ ਕਿ ਇਕ ਗੰਭੀਰ ਘਟਨਾ ਦੇ ਵਿਰੋਧ ‘ਚ ਆਪਣੀ ਆਵਾਜ਼ ਉਠਾਉਣ ਵਾਲੀ ਮਿਸਲ ਸਤਲੁਜ ਪਾਰਟੀ ਦੇ ਸੋਸ਼ਲ ਮੀਡੀਆ ਪੇਜ਼ ਬੰਦ ਕਰ ਦੇਣਾ ਲੋਕਤੰਤਰੀ ਮਾਹੌਲ ਲਈ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਅੱਜ ਲੋਕਾਂ ਤੱਕ ਆਪਣੇ ਵਿਚਾਰ ਪਹੁੰਚਾਉਣ ਅਤੇ ਜਨਤਕ ਮੁੱਦਿਆਂ ‘ਤੇ ਜਾਗਰੂਕਤਾ ਪੈਦਾ ਕਰਨ ਦਾ ਇਕ ਅਹਿਮ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਧਿਅਮਾਂ ‘ਤੇ ਰੋਕ ਲਗਾਉਣ ਨੂੰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਝੀ ਹਰਕਤ ਕਿਹਾ ਜਾ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਵਿਰੋਧੀ ਵਿਚਾਰਾਂ ਪ੍ਰਤੀ ਸਹਿਣਸ਼ੀਲਤਾ ਦਿਖਾਉਂਦਿਆਂ ਲੋਕਤੰਤਰੀ ਅਧਿਕਾਰਾਂ ਦਾ ਸਤਿਕਾਰ ਕਰੇ ਅਤੇ ਮਿਸਲ ਸਤਲੁਜ ਪਾਰਟੀ ਦੇ ਸੋਸ਼ਲ ਮੀਡੀਆ ਪੇਜ਼ ਤੁਰੰਤ ਬਹਾਲ ਕਰੇ। ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕਾਂ ਦੇ ਹੱਕਾਂ, ਇਨਸਾਫ਼ ਅਤੇ ਪੰਜਾਬ ਦੇ ਭਖਦੇ ਮਸਲਿਆਂ ਲਈ ਆਵਾਜ਼ ਉਠਾਉਣਾ ਕਿਸੇ ਵੀ ਜ਼ਮਹੂਰੀ ਜਥੇਬੰਦੀ ਦਾ ਅਹਿਮ ਫ਼ਰਜ਼ ਹੈ ਅਤੇ ਅਜਿਹੀ ਆਵਾਜ਼ ਨੂੰ ਰੋਕਣ ਦੀ ਕੋਈ ਵੀ ਕੋਸ਼ਿਸ਼ ਬਰਦਾਸ਼ਤਯੋਗ ਨਹੀਂ ਹੈ। 16 ਐਮਓਐਚ 23 ਅਜੇਪਾਲ ਸਿੰਘ ਬਰਾੜ।