02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪਲਾਟਿੰਗ ’ਤੇ ਸਵਾਲ ਉੱਠੇ ਤਾਂ ਖੇਤੀਬਾੜੀ ਤੇ ਬੰਦ ਫੈਕਟਰੀਆਂ ਦੀ ਜ਼ਮੀਨ ’ਚ ਪਲਾਟਿੰਗ ਕੀਤੀ ਸ਼ੁਰ

ਡੇਰਾਬੱਸੀ, 30 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਤਹਿਸੀਲ ਵਿਚ ਜਾਅਲੀ ਐਨ. ਓ.

ਅਜੀਤ ਡੈਸਕ 01-10-2026
ਡੇਰਾਬੱਸੀ, 30 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਤਹਿਸੀਲ ਵਿਚ ਜਾਅਲੀ ਐਨ. ਓ. ਸੀ. ਰਾਹੀਂ ਰਜਿਸਟਰੀਆਂ ਕਰਵਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਕਰੀਬ ਤਿੰਨ ਸਾਲ ਬਾਅਦ ਵੀ ਇਸ ਮਾਮਲੇ ਦੀ ਜਾਂਚ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। 6 ਸਤੰਬਰ 2023 ਨੂੰ ਪਿੰਡ ਬਾਕਰਪੁਰ ਦੀ ਜਾਅਲੀ ਐਨ. ਓ. ਸੀ. ਰਾਹੀਂ ਰਜਿਸਟਰੀ ਕਰਵਾਉਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ 3 ਅਕਤੂਬਰ 2023 ਨੂੰ ਨਗਰ ਕੌਂਸਲ ਅਧਿਕਾਰੀ ਦੀ ਸ਼ਿਕਾਇਤ ’ਤੇ ਡੇਰਾਬੱਸੀ ਪੁਲਿਸ ਨੇ ਪਹਿਲਾ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ, ਫੇਰ ਅੱਠ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ। ਜਾਅਲੀ ਐਨ. ਓ. ਸੀ. ਦਾ ਮਾਮਲਾ ਉਜਾਗਰ ਹੋਣ ਮਗਰੋਂ ਰਿਹਾਇਸ਼ੀ ਪਲਾਟਿੰਗ ਦਾ ਕੰਮ ਕਾਫ਼ੀ ਹੱਦ ਤੱਕ ਠੰਢਾ ਪੈਣ ਦੀ ਗੱਲ ਸਾਹਮਣੇ ਆਈ, ਪਰ ਇਸੇ ਦੌਰਾਨ ਬਿਲਡਰਾਂ ਵਲੋਂ ਇੰਡਸਟਰੀਅਲ ਪਲਾਟਿੰਗ ਵੱਲ ਰੁਖ਼ ਕਰ ਲਿਆ। ਪਿੰਡ ਸਮਗੌਲੀ, ਬਰਵਾਲਾ ਰੋਡ, ਗੁਲਾਬਗੜ੍ਹ-ਬੇਹੜਾ ਰੋਡ, ਸੁੰਡਰਾਂ, ਥਾਪਰ ਕਾਲਜ ਨੇੜੇ ਅਤੇ ਇਸ ਦੇ ਸਾਹਮਣੇ ਡੇਰਾਬੱਸੀ-ਜਿਉਲੀ ਸੜਕ ਸਮੇਤ ਭਗਵਾਨਪੁਰ ਨੇੜਲੇ ਇਲਾਕਿਆਂ ਵਿਚ ਖੇਤੀਬਾੜੀ ਵਾਲੀ ਜ਼ਮੀਨ ਅਤੇ ਬੰਦ ਪਈਆਂ ਫੈਕਟਰੀਆਂ ਦੀ ਜ਼ਮੀਨ ਨੂੰ ਛੋਟੇ-ਛੋਟੇ ਪਲਾਟਾਂ ਵਿਚ ਵੰਡ-ਵੰਡ ਕੇ ਵੇਚਨੇ ਸ਼ੁਰੂ ਕਰ ਦਿੱਤੇ। ਇਨ੍ਹਾਂ ਮਾਮਲਿਆਂ ਦੀ ਨਿਗਰਾਨੀ ਅਤੇ ਮਨਜ਼ੂਰੀ ਨਾਲ ਜੁੜੇ ਵਿਭਾਗ ਗਮਾਡਾ ਦੀ ਭੂਮਿਕਾ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਪਲਾਟਿੰਗ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਾਰਵਾਈ ਨਾ ਹੋਣ ਕਾਰਨ ਸਰਕਾਰੀ ਨਿਯਮਾਂ ਦੀ ਉਲੰਘਣਾ ਦਾ ਰਾਹ ਖੁੱਲ੍ਹਿਆ ਹੋਇਆ ਹੈ। ਇਸ ਦੇ ਨਾਲ ਹੀ ਮਾਲ ਵਿਭਾਗ ਦੀਆਂ ਮੌਕਾ ਰਿਪੋਰਟਾਂ ਨੂੰ ਲੈ ਕੇ ਵੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਜਾਅਲੀ ਐਨ. ਓ. ਸੀ. ਮਾਮਲੇ ਦੌਰਾਨ ਕਰੀਬ ਨੌਂ ਮਹੀਨਿਆਂ ਵਿਚ ਲਗਭਗ 5,500 ਰਜਿਸਟਰੀਆਂ ਹੋਣ ਦੀ ਗੱਲ ਸਾਹਮਣੇ ਆਈ ਸੀ, ਜਦਕਿ ਜਾਂਚ ਲਈ ਨਗਰ ਕੌਂਸਲ ਕੋਲ ਕਰੀਬ 2,000 ਐਨ. ਓ. ਸੀ. ਦਾ ਰਿਕਾਰਡ ਪਹੁੰਚਣ ਦੀ ਗੱਲ ਕਹੀ ਗਈ ਸੀ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੂਰੇ ਰਿਕਾਰਡ ਦੀ ਡੂੰਘਾਈ ਨਾਲ ਜਾਂਚ ਹੋਵੇ ਤਾਂ ਹੋਰ ਮਾਮਲੇ ਸਾਹਮਣੇ ਆ ਸਕਦੇ ਹਨ। ਹਾਲ ਹੀ ਵਿਚ ਗਮਾਡਾ ਦਫ਼ਤਰ ਵਿਚ ਈ. ਡੀ. ਵਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਲੋਕਾਂ ਨੇ ਡੇਰਾਬੱਸੀ ਨਗਰ ਕੌਂਸਲ ਅਤੇ ਤਹਿਸੀਲ ਦਫ਼ਤਰ ਦੇ ਰਿਕਾਰਡ ਦੀ ਵੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਵਿਭਾਗਾਂ ਦੇ ਰਿਕਾਰਡ ਅਤੇ ਪਲਾਟਿੰਗ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇ ਤਾਂ ਕਥਿਤ ਇੰਡਸਟਰੀਅਲ ਪਲਾਟਿੰਗ ਨਾਲ ਜੁੜੇ ਬਹੁਤ ਵੱਡੇ ਸਕੈਂਡਲ ਦਾ ਪਰਦਾਫਾਸ਼ ਹੋ ਸਕਦਾ ਹੈ। ਪਿੰਡ ਸਮਗੋਲੀ ਵਿਖੇ ਮੀਟ ਪਲਾਂਟ ਨੇੜੇ ਇਕ ਨਜਾਇਜ਼ ਇੰਡਸਟਰੀ ਕਲੋਨੀ ਕੱਟੀ ਜਾ ਰਹੀ ਹੈ। ਇਸ ਵਿਚ ਨਿਕਲਦੇ ਬਰਸਾਤੀ ਨਾਲੇ ਨੂੰ ਵੀ ਦੱਬ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਦਿਵਿਆਂਗ ਵਿਅਕਤੀ ਦੀ ਕੁੱਟਮਾਰ ਦੇ ਦੋਸ਼ ਹੇਠ 12 ਖ਼ਿਲਾਫ਼ ਕੇਸ ਅਗਲੀ ਖ਼ਬਰ ਮੋਹਿੰਦਰ ਭਗਤ ਵਲੋਂ ਸਾਬਕਾ ਸੈਨਿਕਾਂ ਨਾਲ ਸੰਬੰਧਿਤ ਮਾਮਲਿਆਂ ਨੂੰ ਪਹਿਲ ਦੇ ਆਧਾਰ ’ ਤੇ ਹੱਲ ਕਰਨ ਦੇ ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।