ਐੱਸ. ਏ. ਐੱਸ. ਨਗਰ, 28 ਸਤੰਬਰ (ਕਪਿਲ ਵਧਵਾ)- ਮੁੱਲਾਂਪੁਰ ਗਰੀਬਦਾਸ ਥਾਣੇ ਅਧੀਨ ਪੈਂਦੇ ਪਿੰਡ ਪੜੌਲ ਵਿਖੇ ਨੌਜਵਾਨ ਸੁਖਵੰਤ ਸਿੰਘ ਉਰਫ਼ ਸੱਤੀ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਅਤੇ ਬਾਅਦ ’ਚ ਇਲਾਜ ਦੌਰਾਨ ਹੋਈ ਮੌਤ ਦੇ ਮਾਮਲੇ ’ਚ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪਿੰਡ ਪੜੌਲ ਵਾਸੀ ਜਸਪ੍ਰੀਤ ਸਿੰਘ ਉਰਫ਼ ਜੱਸੂ ਅਤੇ ਦਵਿੰਦਰ ਸਿੰਘ ਉਰਫ਼ ਜੁੜਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 30 ਬੋਰ ਦਾ ਪਿਸਟਲ, ਇਕ ਮੈਗਜ਼ੀਨ ’ਚ 3 ਜ਼ਿੰਦਾ ਰੌਂਦ ਅਤੇ ਇਕ ਖਾਲੀ ਮੈਗਜ਼ੀਨ ਬਰਾਮਦ ਹੋਈ ਹੈ। ਇਸ ਪੂਰੇ ਮਾਮਲੇ ਸੰਬੰਧੀ ਮੁਹਾਲੀ ਪੁਲਿਸ ਹੈਡਕੁਆਰਟਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. ਦਿਹਾਤੀ ਜਸਪਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 24 ਸਤੰਬਰ ਦੀ ਰਾਤ ਕਰੀਬ 8.45 ਵਜੇ ਸੁਖਵੰਤ ਸਿੰਘ ਉਰਫ਼ ਸੱਤੀ ਆਪਣੀ ਕਾਰ ’ਚ ਪਿੰਡ ਪੜੌਲ ਵਿਖੇ ਬੈਠਾ ਸੀ। ਇਸ ਦੌਰਾਨ ਦਵਿੰਦਰ ਸਿੰਘ ਨੇ ਉਸ ਨੂੰ ਗੱਲਾਂ ’ਚ ਲਾ ਕੇ ਰੋਕੀ ਰੱਖਿਆ ਅਤੇ ਕੁਝ ਸਮੇਂ ਬਾਅਦ ਜਸਪ੍ਰੀਤ ਸਿੰਘ ਉਰਫ਼ ਜੱਸੂ ਉੱਥੇ ਪਹੁੰਚ ਗਿਆ। ਪੁਲਿਸ ਮੁਤਾਬਿਕ ਜਸਪ੍ਰੀਤ ਸਿੰਘ ਨੇ ਪੁਰਾਣੀ ਰੰਜਿਸ਼ ਦੇ ਕਾਰਨ ਸੁਖਵੰਤ ਸਿੰਘ ਨੂੰ ਮਾਰਨ ਦੀ ਨੀਅਤ ਨਾਲ ਉਸ ’ਤੇ ਪਿਸਟਲ ਨਾਲ ਲਗਾਤਾਰ 6 ਗੋਲੀਆਂ ਚਲਾਈਆਂ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਪਿਸਟਲ ਸਮੇਤ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਸੁਖਵੰਤ ਸਿੰਘ ਨੂੰ ਪਹਿਲਾਂ ਜੀ. ਐੱਮ. ਸੀ.ਐੱਚ. ਸੈਕਟਰ-16 ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ, ਜਿਥੋਂ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ 26 ਸਤੰਬਰ ਨੂੰ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਸ ਸੰਬੰਧੀ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ 25 ਸਤੰਬਰ ਨੂੰ ਧਾਰਾ 103, 351(2), 351(3), 3(5) ਬੀ.ਐੱਨ.ਐੱਸ. ਅਤੇ 25/54/59 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਦੋਵੇਂ ਹਥਿਆਰਬੰਦ ਮੁਲਜ਼ਮਾਂ ਨੂੰ ਐੱਮ. ਐਲ. ਏ. ਹੋਸਟਲ ਮੁੱਲਾਂਪੁਰ ਕੋਲੋਂ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਦੌਰਾਨ ਇਕ ਹਵਾਈ ਫਾਇਰ ਵੀ ਹੋਇਆ ਸੀ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਖਰੜ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਦੋਵਾਂ ਦਾ 3 ਅਕਤੂਬਰ ਤੱਕ 6 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਇਹ ਪਿਸਤੌਲ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਵਿਦੇਸ਼ ਬੈਠੇ ਗੈਂਗਸਟਰ ਲੱਕੀ ਪਟਿਆਲ ਵਲੋਂ ਮੁਹੱਈਆ ਕਰਵਾਇਆ ਗਿਆ ਸੀ। ਪੁਲਿਸ ਵਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਪਿਸਟਲ ਦੀ ਸਪਲਾਈ ਦੇ ਸ੍ਰੋਤ ਅਤੇ ਉਨ੍ਹਾਂ ਦੇ ਹੋਰ ਸਮਾਜ ਵਿਰੋਧੀ ਅਨਸਰਾਂ ਨਾਲ ਸੰਬੰਧਾਂ ਬਾਰੇ ਜਾਣਕਾਰੀ ਹਾਸਿਲ ਕਰਨ ਦੇ ਨਾਲ-ਨਾਲ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਵਲੋਂ ਪਹਿਲਾਂ ਹੋਰ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।