ਐੱਸ. ਏ. ਐੱਸ. ਨਗਰ, 23 ਸਤੰਬਰ (ਕਪਿਲ ਵਧਵਾ)-ਪਿੰਡ ਬਲੌਂਗੀ ਵਿਖੇ ਬੁੱਧਵਾਰ ਸਵੇਰੇ ਕਰੀਬ 11 ਵਜੇ ਘਰ ਦੀ ਛੱਤ ਦੀ ਸਫ਼ਾਈ ਕਰ ਰਿਹਾ 45 ਸਾਲਾ ਪੇਂਟਰ ਹਾਈਟੈਂਸ਼ਨ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਕੇ ਝੁਲਸ ਗਿਆ। ਕਰੰਟ ਦਾ ਝਟਕਾ ਇੰਨਾ ਜ਼ੋਰਦਾਰ ਸੀ ਕਿ ਮੌਕੇ ‘ਤੇ ਵੱਡਾ ਧਮਾਕਾ ਸੁਣਾਈ ਦਿੱਤਾ, ਜਿਸ ਕਾਰਨ ਆਸ-ਪਾਸ ਦੇ ਇਲਾਕੇ ਵਿਚ ਅਫਰਾ-ਤਫਰੀ ਮਚ ਗਈ। ਹਾਦਸੇ ਕਾਰਨ ਇਲਾਕੇ ਦੀ ਬਿਜਲੀ ਵੀ ਕਈ ਘੰਟਿਆਂ ਤੱਕ ਪ੍ਰਭਾਵਿਤ ਰਹੀ। ਜ਼ਖ਼ਮੀ ਦੀ ਪਛਾਣ ਅਮਰ ਕਾਲੋਨੀ ਦੇ ਰਹਿਣ ਵਾਲੇ ਗਜੇਂਦਰ ਦੇ ਰੂਪ ‘ਚ ਹੋਈ ਹੈ, ਜਿਸ ਦੇ ਸਰੀਰ ਦਾ ਕਰੀਬ 30 ਫ਼ੀਸਦੀ ਹਿੱਸਾ ਝੁਲਸ ਗਿਆ ਹੈ। ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਤੁਰੰਤ ਉਸ ਨੂੰ ਇਲਾਜ ਲਈ ਫੇਜ਼-6 ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿਥੇ ਕਿ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਨੇ ਗੰਭੀਰ ਹਾਲਤ ਦੇ ਚਲਦਿਆਂ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ। ਹਾਸਿਲ ਜਾਣਕਾਰੀ ਅਨੁਸਾਰ ਗਜੇਂਦਰ ਘਰ ਵਿਚ ਪੇਂਟ ਕਰਨ ਲਈ ਆਇਆ ਸੀ ਅਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਛੱਤ ਦੀ ਸਫ਼ਾਈ ਕਰ ਰਿਹਾ ਸੀ। ਇਸ ਦੌਰਾਨ ਘਾਹ ਕੱਟਦੇ ਸਮੇਂ ਉਸ ਦੇ ਹੱਥ ਵਿਚ ਲੋਹੇ ਦੀ ਪੱਟੀ ਮੌਜੂਦ ਸੀ ਅਤੇ ਇਸੇ ਕਾਰਨ ਛੱਤ ਦੇ ਉੱਪਰੋਂ ਲੰਘ ਰਹੀ ਕਰੀਬ 66 ਕੇ. ਵੀ. ਹਾਈਟੈਂਸ਼ਨ ਬਿਜਲੀ ਦੀ ਲਾਈਨ ਨਾਲ ਲੋਹੇ ਦੀ ਪੱਟੀ ਦਾ ਸੰਪਰਕ ਹੋ ਗਿਆ, ਜਿਸ ਦੇ ਚਲਦਿਆਂ ਕਰੰਟ ਲੱਗਣ ‘ਤੇ ਗਜੇਂਦਰ ਝੁਲਸ ਕੇ ਹੇਠਾਂ ਡਿੱਗ ਪਿਆ।