17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

‘ਪੰਜਾਬ ਸਿਆਸਤ ਅਤੇ ਸਮਕਾਲ’ ਪੁਸਤਕ ਪਦਮ ਭੂਸ਼ਣ ਡਾ. ਸਰਦਾਰਾ ਸਿੰਘ ਜੌਹਲ, ਪ੍ਰੋ. ਗੁਰਭਜਨ ਗਿੱਲ, ਗੁਰਪ੍ਰੀਤ ਤੂਰ ਵਲੋਂ ਲੋਕ ਅਰਪਣ

ਲੁਧਿਆਣਾ, 16 ਅਕਤੂਬਰ (ਡਾ. ਤਰਲੋਚਨ ਸਿੰਘ)-ਕਾਫ਼ਲਾ : ਜੀਵੇ ਪੰਜਾਬ ਵਲੋਂ ‘ਪੰਜਾਬ ਸਿਆਸਤ ਅਤੇ ਸਮਕਾਲ’ ਨਾਮਕ ਪੁਸਤਕ ਦਾ ਲੋਕ ਅਰਪਣ ਸਮਾਗਮ ਅੱਜ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿਖੇ ਕਰਵਾਇਆ ਗਿਆ।

ਪੰਜਾਬੀ ਭਵਨ ਵਿਖੇ ‘ਪੰਜਾਬ ਸਿਆਸਤ ਅਤੇ ਸਮਕਾਲ’ ਪੁਸਤਕ ਨੂੰ ਲੋਕ ਅਰਪਣ ਕਰਦੇ ਹੋਏ ਪਦਮ ਭੂਸ਼ਣ ਡਾ. ਸਰਦਾਰਾ ਸਿੰਘ ਜੌਹਲ, ਪ੍ਰੋ. ਗੁਰਭਜਨ ਗਿੱਲ, ਗੁਰਪ੍ਰੀਤ ਤੂਰ ਅਤੇ ਹੋਰ। ਤਸਵੀਰ : ਸੇਵਕ ਸਿੰਘ 17-10-2026
ਲੁਧਿਆਣਾ, 16 ਅਕਤੂਬਰ (ਡਾ. ਤਰਲੋਚਨ ਸਿੰਘ)-ਕਾਫ਼ਲਾ : ਜੀਵੇ ਪੰਜਾਬ ਵਲੋਂ ‘ਪੰਜਾਬ ਸਿਆਸਤ ਅਤੇ ਸਮਕਾਲ’ ਨਾਮਕ ਪੁਸਤਕ ਦਾ ਲੋਕ ਅਰਪਣ ਸਮਾਗਮ ਅੱਜ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿਖੇ ਕਰਵਾਇਆ ਗਿਆ। ਸਮਾਗਮ ਵਿਚ ਉਘੇ ਅਰਥਸ਼ਾਸਤਰੀ ਤੇ ਪਦਮ ਭੂਸ਼ਣ ਡਾ. ਸਰਦਾਰਾ ਸਿੰਘ ਜੌਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਪ੍ਰਿੰਸੀਪਲ ਬਹਾਦਰ ਸਿੰਘ ਵਲੋਂ ਪੁਸਤਕ ਦੀ ਜਾਣ ਪਛਾਣ ਕਰਵਾਈ ਗਈ। ਪੁਸਤਕ ਨੂੰ ਲੋਕ ਅਰਪਣ ਕਰਨ ਉਪਰੰਤ ਬੋਲਦਿਆਂ ਡਾ. ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਹਰ ਪਿੰਡ ਵਿਚ ਖੇਡ ਮੈਦਾਨ ਹੋਣ, ਲਾਇਬਰੇਰੀਆਂ ਹੋਣ ਜਿੱਥੇ ਰੋਜ਼ਾਨਾ ਅਖ਼ਬਾਰ ਆਉਂਦੇ ਹੋਣ। ਤਦ ਹੀ ਜਵਾਨੀ ਖ਼ੁਸ਼ਹਾਲੀ ਦੇ ਰਾਹ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਵਿਹਲੀ ਸ਼ਾਮ ਉਨ੍ਹਾਂ ਲਈ ਘਾਤਕ ਹੋ ਨਿੱਬੜਦੀ ਹੈ। ਸਰਕਾਰ ਨੂੰ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣੇ ਚਾਹੀਦੇ ਹਨ। ਡਾ. ਜੌਹਲ ਨੇ ਗੁਰਪ੍ਰੀਤ ਸਿੰਘ ਤੂਰ, ਡਾ. ਬਲਵੰਤ ਸਿੰਘ ਸੰਧੂ ਤੇ ਡਾ. ਕੁਲਦੀਪ ਸਿੰਘ ਦੇ ਇਸ ਸਾਰਥਕ ਯਤਨ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ‘ਜੀਵੇ ਪੰਜਾਬ’ ਸੰਸਥਾ ਵਲੋਂ ਏਨੀ ਮਹੱਤਵਪੂਰਨ ਪ੍ਰਕਾਸ਼ਨਾ ਕੀਤੀ ਹੈ। ਪ੍ਰਧਾਨਗੀ ਭਾਸ਼ਣ ਦਿੰਦਿਆਂ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਨੇ ਕੁੱਝ ਕੁ ਲੋਕ ਨਾਇਕ ਉਸਾਰੇ ਹਨ, ਜਦ ਕਿ ਕਈ ਮਹਾਂ ਨਾਇਕ ਬਣਨ ਦੇ ਸਮਰੱਥ ਲੋਕ ਅਸੀਂ ਵਿਸਾਰ ਦਿੱਤੇ ਹਨ। ਉਨ੍ਹਾਂ ਗਿਆਨੀ ਕਰਤਾਰ ਸਿੰਘ ਤੇ ਤਰਲੋਕ ਸਿੰਘ ਆਈ.ਸੀ.ਐਸ. ਬਾਰੇ ਕਿਹਾ ਕਿ ਇਹ ਦੋ ਪੁਰਸ਼ ਮਹਾਨਾਇਕ ਸਨ, ਜਿਨ੍ਹਾਂ ਨੇ ਦੇਸ਼ ਵੰਡ ਮਗਰੋਂ ਰਾਵੀ ਪਾਰੋਂ ਉੱਜੜ ਕੇ ਆਏ ਲੋਕਾਂ ਨੂੰ ਵਸਾਇਆ। ਪੇਂਡੂ ਤੇ ਖੇਤੀ ਵਿਕਾਸ ਲਈ ਚੱਕਬੰਦੀ ਕਰਕੇ ਜ਼ਮੀਨੀ ਸੁਧਾਰ ਕਰਵਾਏ। ਪ੍ਰਤਾਪ ਸਿੰਘ ਕੈਰੋਂ ਤੇ ਲਛਮਣ ਸਿੰਘ ਗਿੱਲ ਤੋਂ ਇਲਾਵਾ ਜਸਟਿਸ ਗੁਰਨਾਮ ਸਿੰਘ ਦੀ ਦੂਰ-ਦਰਸ਼ਤਾ ਨੂੰ ਸਤਿਕਾਰ ਦੇਣਾ ਬਣਦਾ ਹੈ ਜਿਨ੍ਹਾਂ ਨੇ ਡਾ. ਮਹਿੰਦਰ ਸਿੰਘ ਰੰਧਾਵਾ ਦੇ ਮਸ਼ਵਰੇ ਤੇ ਪੇਂਡੂ ਵਿਕਾਸ ਲਈ ਮੰਡੀਕਰਨ ਢਾਂਚਾ ਤੇ ਗੁਰੂ ਨਾਨਕ ਪੰਚਮ ਸ਼ਤਾਬਦੀ ਵੇਲੇ 1969 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਲਾਵਾ 50 ਤੋਂ ਵੱਧ ਇਸਤਰੀ ਤੇ ਪੇਂਡੂ ਸਿੱਖਿਆ ਕਾਲਜ ਖੋਲ੍ਹਣ ਦੀ ਯੋਜਨਾਕਾਰੀ ਕੀਤੀ। ਇਸ ਪੁਸਤਕ ਸਬੰਧੀ ਜਾਣਕਾਰੀ ਦਿੰਦਿਆਂ ਸੇਵਾ ਮੁਕਤ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਇਸ ਪੁਸਤਕ ਵਿਚ ਵੱਖ-ਵੱਖ ਲੇਖਕਾਂ, ਵਿਦਵਾਨਾਂ ਦੇ 20 ਲੇਖ ਸ਼ਾਮਿਲ ਕੀਤੇ ਗਏ ਹਨ। ਇਸ ਮੌਕੇ ਡਾ. ਗੁਲਜ਼ਾਰ ਪੰਧੇਰ, ਡਾ. ਗੁਰਇਕਬਾਲ ਸਿੰਘ, ਜਨਮੇਜਾ ਜੌਹਲ, ਨਿਰਮਲ ਜੌੜਾ, ਸਹਿਜਪ੍ਰੀਤ ਮਾਂਗਟ, ਜਸਮੇਰ ਢੱਟ, ਕਰਮਜੀਤ ਗਰੇਵਾਲ, ਸਮਾਜ ਸੇਵੀ ਬੀਬੀ ਦਲਜੀਤ ਕੌਰ, ਸੇਵਾ ਮੁਕਤ ਕਰਨਲ ਤੇ ਵਾਤਾਵਰਣ ਪ੍ਰੇਮੀ ਜਗਜੀਤ ਸਿੰਘ ਗਿੱਲ, ਡਾ. ਮਾਨ ਸਿੰਘ ਤੂਰ, ਬ੍ਰਿਜ ਭੂਸ਼ਣ ਗੋਇਲ, ਪ੍ਰੋ. ਗੁਰਚਰਨ ਸਿੰਘ, ਸੇਵਾ ਮੁਕਤ ਆਈ.ਏ.ਐਸ. ਹਰਚਰਨਜੀਤ ਸਿੰਘ, ਇੰਦਰਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੇਖਕ ਤੇ ਵਿਦਵਾਨ ਹਾਜ਼ਰ ਸਨ।
ਪਿਛਲੀ ਖ਼ਬਰ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਬੋਲਣ ਤੋਂ ਅਸਮਰਥ ਵਿਆਹੁਤਾ ਨੂੰ ਸਹੁਰੇ ਪਰਿਵਾਰ ਨੇ ਕੁੱਟ ਮਾਰ ਕੇ ਘਰੋਂ ਕੱਢਿਆ ਅਗਲੀ ਖ਼ਬਰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਸੈਂਟਰਲ ਜ਼ੋਨ ਯੂਥ ਫ਼ੈਸਟੀਵਲ ‘ਪਰਵਾਜ਼ 2026’ ਦਾ ਸ਼ਾਨਦਾਰ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।